ਗੈਸਟ ਪ੍ਰੋਫੈਸਰਾਂ ਦਾ ਵਫ਼ਦ ਵਿਧਾਇਕ ਨੂੰ ਮਿਲਿਆ
ਨਿਹਾਲ ਸਿੰਘ ਵਾਲਾ: ਸਰਕਾਰੀ ਕਾਲਜ ਢੁੱਡੀਕੇ ਅਤੇ ਸਰਕਾਰੀ ਕਾਲਜ ਜੀਟੀਬੀ ਗੜ੍ਹ ਦੇ ਗੈਸਟ ਪ੍ਰੋਫੈਸਰਾਂ ਦਾ ਵਫ਼ਦ ਆਪਣੀਆਂ ਹੱਕੀ ਮੰਗਾਂ ਲਈ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਮਿਲਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਗੈਸਟ ਪ੍ਰੋਫ਼ੈਸਰਾਂ ਦੀ ਨੌਕਰੀ ਪੱਕੀ ਕਰਨ ਅਤੇ 1158 ਪ੍ਰੋਫ਼ੈਸਰਾਂ ਦੀਆਂ ਖਾਲੀ ਪਈਆਂ ਪੋਸਟਾਂ ਉੱਤੇ ਜੁਆਇਨ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਹ ਪੰਦਰਾਂ-ਵੀਹ ਸਾਲਾਂ ਤੋਂ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਵਜੋਂ ਕੰਮ ਕਰ ਰਹੇ ਹਨ ਪਰ ਹਾਲੇ ਵੀ ਉਨ੍ਹਾਂ ਨੂੰ ਨਿਗੂਣੀਆਂ ਤਨਖਾਹਾਂ ਦਿੱਤੀਆਂ ਜਾ ਰਹੀਆਂ ਹਨ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਫੋਨ ’ਤੇ ਗੱਲਬਾਤ ਕੀਤੀ। ਸਿੱਖਿਆ ਮੰਤਰੀ ਵੱਲੋਂ ਸਰਕਾਰੀ ਕਾਲਜਾਂ ਦੇ ਗੈਸਟ ਅਧਿਆਪਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਸਰਕਾਰ ਗੈਸਟ ਪ੍ਰੋਫ਼ੈਸਰਾਂ ਨੂੰ ਕਾਲਜਾਂ ਵਿਚੋਂ ਬਾਹਰ ਨਹੀਂ ਕੱਢੇਗੀ। ਇਸ ਮੌਕੇ ਵਫਦ ਵਿਚ ਪ੍ਰੋ. ਕਮਲਜੀਤ ਕੌਰ, ਪ੍ਰੋ. ਅਵਤਾਰ ਸਿੰਘ, ਪ੍ਰੋ. ਮੇਜਰ ਸਿੰਘ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਸੁਖਵਿੰਦਰ ਕੌਰ, ਪ੍ਰੋ. ਸੁਮਨ ਬਾਲਾ, ਪ੍ਰੋ. ਬਖਸ਼ੀਸ਼ ਸਿੰਘ, ਪ੍ਰੋ. ਸੁਮਿਤ, ਪ੍ਰੋ. ਰਣਧੀਰ ਕੌਰ ਅਤੇ ਪ੍ਰੋ. ਹਰਿੰਦਰ ਸਿੰਘ ਸ਼ਾਮਲ ਸਨ। -ਪੱਤਰ ਪ੍ਰੇਰਕ