ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦਾ ਵਫ਼ਦ ਮੀਤ ਹੇਅਰ ਨੂੰ ਮਿਲਿਆ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 13 ਅਕਤੂਬਰ
ਨੌਕਰੀ ਸੁਰੱਖਿਅਤ ਕਰਕੇ ਨਿਯਮਤ ਕਰਨ ਦੀ ਮੰਗ ਨੂੰ ਲੈ ਕੇ ਸਰਕਾਰੀ ਰਣਬੀਰ ਕਾਲਜ ਸੰਗਰੂਰ, ਸੁਨਾਮ ਤੇ ਨਾਭਾ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦਾ ਵਫਦ ਗੈਸਟ ਫੈਕਲਟੀ ਸੰਯੁਕਤ ਫਰੰਟ ਸਰਕਾਰੀ ਕਾਲਜ ਪੰਜਾਬ ਦੀ ਅਗਵਾਈ ਵਿੱਚ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੂੰ ਮਿਲਿਆ। ਵਫ਼ਦ ਨੇ ਆਪਣੀਆਂ ਮੰਗਾਂ ਤੋਂ ਸ੍ਰੀ ਮੀਤ ਹੇਅਰ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਕਾਲਜਾਂ ਵਿੱਚ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ, ‘‘ਅਸੀਂ ਆਪਣੀ ਜ਼ਿੰਦਗੀ ਦੇ ਸੁਨਹਿਰੀ ਸਾਲ ਸਰਕਾਰੀ ਕਾਲਜਾਂ ਦੇ ਲੇਖੇ ਲਾਏ ਹਨ ਤੇ ਹੁਣ ਜੋ ਨਵੇਂ ਸਹਾਇਕ ਪ੍ਰੋਫੈਸਰਾਂ ਨੂੰ ਸਰਕਾਰੀ ਕਾਲਜਾਂ ਵਿੱਚ ਜੁਆਇਨ ਕਰਾਉਣ ਸਮੇਂ, ਕੰਮ ਕਰ ਰਹੇ ਗੈਸਟ ਫੈਕਲਟੀ ਦੀਆਂ ਅਸਾਮੀਆਂ ਨੂੰ ਖਾਲੀ ਦਰਸਾਇਆ ਗਿਆ ਹੈ। ਜਿਸ ਨਾਲ ਸਾਨੂੰ ਆਪਣੀ ਨੌਕਰੀ ਚਲੇ ਜਾਣ ਦਾ ਖਤਰਾ ਲੱਗ ਰਿਹਾ ਹੈ।’ ਉਨ੍ਹਾਂ ਐੱਮਪੀ ਮੀਤ ਹੇਅਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਲੰਬੇ ਸਮੇਂ ਤੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਸੇਵਾ ਮੁਕਤੀ ਤੱਕ ਨੌਕਰੀ ਸੁਰੱਖਿਤ ਕਰਕੇ ਨਿਯਮਤ ਕੀਤਾ ਜਾਵੇ। ਸ੍ਰੀ ਮੀਤ ਹੇਅਰ ਨੇ ਵਫ਼ਦ ਨੂੰ ਭਰੋਸਾ ਦਵਾਇਆ ਕਿ ਉਹ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਇਸ ਜਾਇਜ਼ ਮੰਗ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ਵਿੱਚ ਲਿਆ ਕੇ ਜਲਦ ਮਸਲਾ ਹੱਲ ਕਰਵਾਉਣਗੇ। ਇਸ ਮੌਕੇ ਪ੍ਰੋ. ਗੁਲਸਨਦੀਪ, ਪ੍ਰੋ. ਤਨਵੀਰ, ਡਾ. ਮਨਦੀਪ, ਡਾ. ਇਕਬਾਲ ਸਿੰਘ, ਪ੍ਰੋ. ਰਾਜਦੀਪ ਕੌਰ, ਪ੍ਰੋ. ਕੁਲਵਿੰਦਰ ਕੌਰ ਅਤੇ ਹੋਰ ਸਟਾਫ ਮੈਂਬਰ ਮੌਜੂਦ ਸਨ।