ਗ੍ਰੀਨ ਪਾਰਕ ਵਾਸੀਆਂ ਦੇ ਵਫ਼ਦ ਵੱਲੋਂ ਵਿਧਾਇਕ ਨਾਲ ਮੁਲਾਕਾਤ
ਪੱਤਰ ਪ੍ਰੇਰਕ
ਯਮੁਨਾਨਗਰ, 27 ਨਵੰਬਰ
ਗ੍ਰੀਨ ਪਾਰਕ ਕਲੋਨੀ ਵੈੱਲਫੇਅਰ ਐਸੋਸੀਏਸ਼ਨ ਅਤੇ ਗਰੀਨ ਪਾਰਕ ਵੈਲਫੇਅਰ ਸੁਸਾਇਟੀ ਦਾ ਵਫਦ ਰਾਮਪੁਰਾ ਸਕੂਲ ਰੋਡ ’ਤੇ ਲੱਗੇ ਜਾਮ ਅਤੇ ਗ੍ਰੀਨ ਪਾਰਕ ਕਲੋਨੀ ਦੀਆਂ ਸਮੱਸਿਆਵਾਂ ਨੂੰ ਲੈ ਕੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ ਨੂੰ ਮਿਲਿਆ। ਵਿਧਾਇਕ ਨੇ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਨਾਲ ਹੀ ਇੰਸਪੈਕਟਰ ਨੂੰ ਸੜਕ ’ਤੇ ਲੱਗੇ ਜਾਮ ਸਬੰਧੀ ਤੁਰੰਤ ਕਾਰਵਾਈ ਕਰਨ ਦੇ ਹੁਕਮ ਦਿੱਤੇ । ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਮਹਿਤਾ, ਸਾਬਕਾ ਪ੍ਰਧਾਨ ਵਿਨੋਦ ਸੇਠੀ, ਮਹੇਸ਼ ਸਿੰਗਲ ਅਤੇ ਸੁਭਾਸ਼ ਦੱਤਾ ਨੇ ਦੱਸਿਆ ਕਿ ਰਾਮਪੁਰਾ ਸਕੂਲ ਰੋਡ ’ਤੇ ਹਰ ਸਮੇਂ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ। ਇਸ ਮਾਰਗ ’ਤੇ ਕਾਰਾਂ ਦੀ ਮੁਰੰਮਤ ਦੀਆਂ ਦੁਕਾਨਾਂ ਹਨ, ਦੁਕਾਨਦਾਰ ਸੜਕ ਦੇ ਵਿਚਕਾਰ ਹੀ ਕਾਰਾਂ ਦੀ ਮੁਰੰਮਤ ਕਰਨ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਡਰਾਈਵਰ ਵੀ ਆਪਣੀਆਂ ਕਾਰਾਂ ਸੜਕ ਦੇ ਵਿਚਕਾਰ ਖੜ੍ਹੀਆਂ ਕਰਕੇ ਇਧਰ-ਉਧਰ ਘੁੰਮਦੇ ਹਨ ਜਿਸ ਕਾਰਨ ਟਰੈਫਿਕ ਜਾਮ ਹੋ ਜਾਂਦਾ ਹੈ। ਹਾਲਾਤ ਇਹ ਬਣ ਗਏ ਹਨ ਕਿ ਇਸ 60 ਫੁੱਟ ਚੌੜੀ ਸੜਕ ਤੋਂ ਮੋਟਰਸਾਈਕਲ ਵੀ ਨਹੀਂ ਲੰਘ ਸਕਦਾ। ਉਨ੍ਹਾਂ ਵਿਧਾਇਕ ਨੂੰ ਕਿਹਾ ਕਿ ਉਹ ਦੁਕਾਨਦਾਰਾਂ ਦਾ ਰੁਜ਼ਗਾਰ ਬੰਦ ਕਰਨ ਦੇ ਹੱਕ ਵਿੱਚ ਨਹੀਂ ਹਨ ਪਰ ਉਨ੍ਹਾਂ ਨੂੰ ਆਉਣ-ਜਾਣ ਲਈ ਰਾਹ ਵੀ ਚਾਹੀਦਾ ਹੈ। ਕਲੋਨੀ ਵਾਸੀ ਦਿਨੇਸ਼ ਕੋਹਲੀ, ਦਵਿੰਦਰ ਪੁਰੀ, ਓਮਪ੍ਰਕਾਸ਼ ਭਾਟੀਆ, ਸ਼ਰਵਣ ਸਿੰਘ ਅਤੇ ਪੁਸ਼ਪੇਂਦਰ ਬਹਿਲ ਨੇ ਕਿਹਾ ਕਿ ਦੁਕਾਨਾਂ ਦੇ ਅੱਗੇ 15-15 ਫੁੱਟ ਦੀ ਦੂਰੀ ’ਤੇ ਪੀਲੀ ਪੱਟੀ ਲਗਾਈ ਜਾਵੇ ਅਤੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਜੇਕਰ ਉਹ ਪੀਲੀ ਪੱਟੀ ਤੋਂ ਬਾਹਰ ਆਪਣਾ ਸਾਮਾਨ ਵੇਚਦੇ ਹਨ ਜਾਂ ਫਿਰ ਸੜਕ ਦੇ ਵਿਚਕਾਰ ਕਾਰਾਂ ਦੀ ਮੁਰੰਮਤ ਦਾ ਕੰਮ ਕੀਤਾ ਜਾਂਦਾ ਹੈ ਤਾਂ ਚਲਾਨ ਜਾਰੀ ਕੀਤਾ ਜਾਵੇਗਾ । ਇਸ ਤੋਂ ਇਲਾਵਾ ਸੜਕ ਦੇ ਵਿਚਕਾਰ ਕਾਰਾਂ ਖੜ੍ਹੀਆਂ ਕਰਕੇ ਇਧਰ-ਉਧਰ ਜਾਣ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ। ਕਲੋਨੀ ਵਾਸੀਆਂ ਓਮਪ੍ਰਕਾਸ਼ ਕਪੂਰ, ਹਰੀਸ਼ ਗੁਲਾਟੀ, ਅਸ਼ੋਕ ਮੱਕੜ, ਧੀਰਪਾਲ ਸੈਣੀ, ਨਰੇਸ਼ ਨਾਗਪਾਲ ਅਤੇ ਜਸਮੀਤ ਸਿੰਘ ਨੇ ਵੀ ਵਿਧਾਇਕ ਤੋਂ ਗ੍ਰੀਨ ਪਾਰਕ ਵਿੱਚ ਨਵਾਂ ਟਰਾਂਸਫਾਰਮਰ ਲਗਾਉਣ ਦੀ ਮੰਗ ਕੀਤੀ।