ਕਿਸਾਨਾਂ ਦਾ ਵਫ਼ਦ ਐੱਸਡੀਐੱਮ ਨੂੰ ਮਿਲਿਆ
ਪੱਤਰ ਪ੍ਰੇਰਕ
ਪਾਇਲ, 4 ਨਵੰਬਰ
ਹਲਕੇ ਦੀਆਂ ਦਾਣਾ ਮੰਡੀਆਂ ਵਿੱਚ ਕਿਸਾਨਾਂ ਦੀ ਹੋ ਰਹੀ ਖੱਜਲ-ਖੁਆਰੀ ਰੋਕਣ ਲਈ ਕਿਸਾਨ ਜਥੇਬੰਦੀ ਦਾ ਵਫ਼ਦ ਐੱਸਡੀਐੱਮ ਪਾਇਲ ਪ੍ਰਦੀਪ ਸਿੰਘ ਬੈਂਸ ਨੂੰ ਮਿਲਿਆ।
ਬੀਕੇਯੂ ਏਕਤਾ ਉਗਰਾਹਾਂ ਵੱਲੋਂ ਮੰਡੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਕਿਸਾਨਾਂ ਦੀ ਮੰਡੀਆਂ ਵਿੱਚ ਤਰਸਯੋਗ ਹਾਲਤ, ਸੁੱਕਾ ਝੋਨਾ ਵੀ ਨਾ ਚੁੱਕਣਾ, ਕਿਸਾਨਾਂ ਦੀ ਖੱਜਲ-ਖੁਆਰੀ ਤੇ ਚੁਕਾਈ ਦੇ ਨਾਕਸ ਪ੍ਰਬੰਧਾਂ ਬਾਰੇ ਜਥੇਬੰਦੀ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ, ਜਸਵੀਰ ਸਿੰਘ ਅਸ਼ਗਰੀਪੁਰ ਅਤੇ ਯੁਵਰਾਜ ਸਿੰਘ ਘੁਡਾਣੀ ਨੇ ਐੱਸਡੀਐੱਮ ਪਾਇਲ ਨੂੰ ਸਾਰੀ ਹਕੀਕਤ ਬਿਆਨ ਕੀਤੀ।
ਕਿਸਾਨ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੰਡੀਆਂ ਵਿੱਚ ਕਿਸਾਨਾਂ ਨਾਲ ਵਿਵਹਾਰ ਠੀਕ ਨਹੀਂ ਕੀਤਾ ਜਾ ਰਿਹਾ ਆੜ੍ਹਤੀਏ ਸ਼ੈੱਲਰਾਂ ਵਾਲਿਆਂ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਘੱਟ ਨਮੀ ਵਾਲੀ ਝੋਨੇ ਦੀ ਫ਼ਸਲ ਵੀ ਨਹੀਂ ਖ਼ਰੀਦੀ ਜਾ ਰਹੀ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਮੰਡੀਆਂ ਵਿੱਚ ਪ੍ਰੇਸ਼ਾਨ ਨਾ ਕੀਤਾ ਜਾਵੇ, ਖ਼ਰੀਦ ਤੇ ਚੁਕਾਈ ਨਿਰਵਿਘਨ ਕੀਤੀ ਜਾਵੇ। ਐੱਸਡੀਐਮ ਪਾਇਲ ਪ੍ਰਦੀਪ ਸਿੰਘ ਬੈਂਸ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।