ਕਿਸਾਨਾਂ ਦਾ ਵਫ਼ਦ ਡੀਐੱਸਪੀ ਨੂੰ ਮਿਲਿਆ
ਬੀਰਬਲ ਰਿਸ਼ੀ
ਧੂਰੀ, 5 ਸਤੰਬਰ
ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾਂ ਅਤੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਗੰਡੇਵਾਲ ਦੀ ਅਗਵਾਈ ਹੇਠ ਕਿਸਾਨ ਵਫ਼ਦ ਨੇ ਡੀਐੱਸਪੀ ਧੂਰੀ ਮਨਦੀਪ ਸਿੰਘ ਨਾਲ ਮੁਲਾਕਾਤ ਕਰਕੇ ਇੱਕ ਕਿਸਾਨ ਪਰਿਵਾਰ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਇੱਕ ਏਜੰਟ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਕਿਸਾਨ ਜਥੇਬੰਦੀ ਦੇ ਆਗੂਆਂ ਦੀ ਹਾਜ਼ਰੀ ਵਿੱਚ ਗੰਡੇਵਾਲ ਦੇ ਕਿਸਾਨ ਪੂਰਨ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪੁੱਤਰ ਬੇਅੰਤ ਸਿੰਘ ਨੂੰ 2022 ਵਿੱਚ ਬਾਰ੍ਹਵੀਂ ਪਾਸ ਕਰਨ ਮਗਰੋਂ ਪੜ੍ਹਾਈ ਲਈ ਆਸਟਰੇਲੀਆ ਭੇਜਣਾ ਸੀ। ਇਸ ਸਬੰਧੀ ਉਸ ਨੇ ਬਲਾਕ ਸ਼ੇਰਪੁਰ ਨਾਲ ਸਬੰਧਤ ਟਰੈਵਲ ਏਜੰਟ ਨਾਲ ਗੱਲ ਕੀਤੀ। ਟਰੈਵਲ ਏਜੰਟ ਨੇ ਦੋ ਵਾਰ ਸਾਢੇ ਤਿੰਨ-ਤਿੰਨ ਲੱਖ ਆਪਣੇ ਪਰਿਵਾਰਕ ਮੈਂਬਰਾਂ ਦੇ ਖਾਤੇ ਵਿੱਚ ਪੁਆਏ, ਉਸ ਮਗਰੋਂ 6 ਲੱਖ ਕੈਸ਼ ਅਤੇ ਕਈ ਵਾਰ ਪੈਸੇ ਖਾਤੇ ’ਚ ਪਵਾਏ। ਹੈਰਾਨੀ ਉਦੋਂ ਹੋਈ ਜਦੋਂ ਉਸ ਏਜੰਟ ਨੇ ਆਸਟਰੇਲੀਆ ਦੀ ਥਾਂ ਕੈਨੇਡਾ ਦਾ ਟੂਰਿਸ਼ਟ ਵੀਜ਼ੇ ਲਈ ਫਾਈਲ ਲਗਾ ਦਿੱਤੀ। ਇਸ ਮਗਰੋਂ ਏਜੰਟ ਨੇ ਉਸ ਦੇ ਪੁੱਤਰ ਨੂੰ ਨਾ ਵਿਦੇਸ਼ ਭੇਜਿਆ ਤੇ ਨਾ ਪੈਸੇ ਵਾਪਸ ਕੀਤੇ। ਆਗੂਆਂ ਨੇ ਏਜੰਟ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਆਗੂਆਂ ਅਨੁਸਾਰ ਡੀਐਸਪੀ ਮਨਦੀਪ ਸਿੰਘ ਨੇ ਵਫ਼ਦ ਨੂੰ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਵਫ਼ਦ ਵਿੱਚ ਕਿਸਾਨ ਜਥੇਬੰਦੀ ਦੇ ਬਲਾਕ ਆਗੂ ਰੂਪ ਸਿੰਘ ਸ਼ੇਰਪੁਰ, ਗੁਰਮੁਖ ਸਿੰਘ, ਰਣਜੀਤ ਸਿੰਘ ਜੀਤਾ ਈਨਾਬਾਜਵਾ, ਪਰਮਜੀਤ ਕਾਤਰੋਂ ਅਤੇ ਸਤਨਾਮ ਫਰਵਾਹੀ ਆਦਿ ਵੀ ਹਾਜ਼ਰ ਸਨ।