ਮੁਲਾਜ਼ਮਾਂ ਦਾ ਵਫ਼ਦ ਪੁਨਰਗਠਨ ਕਮੇਟੀ ਦੇ ਮੁਖੀ ਨੂੰ ਮਿਲਿਆ
ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਅਗਸਤ
ਜਲ ਸਰੋਤ ਵਿਭਾਗ ਦਾ ਪੁਨਰਗਠਨ ਕਰ ਕੇ 8657 ਅਸਾਮੀਆਂ ਖ਼ਤਮ ਕਰਨ ਦੇ ਮਾਮਲੇ ਨੂੰ ਲੈ ਕੇ ਪੀਡਬਲਿਊਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦਾ ਵਫ਼ਦ ਅੱਜ ਇੱਥੇ ਪੁਨਰਗਠਨ ਕਮੇਟੀ ਦੇ ਮੁਖੀ ਅਸ਼ਵਨੀ ਕਾਂਸਲ (ਚੀਫ਼ ਇੰਜਨੀਅਰ ਵਿਜੀਲੈਂਸ, ਜਲ ਸਰੋਤ ਵਿਭਾਗ ਪੰਜਾਬ) ਨੂੰ ਮਿਲਿਆ।
ਕਮੇਟੀ ਦੇ ਮੁਖੀ ਨੇ ਵਫ਼ਦ ਨੂੰ ਜਥੇਬੰਦੀ ਦੀਆਂ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿਵਾਇਆ। ਇਸ ਵਫ਼ਦ ਦੀ ਅਗਵਾਈ ਕਰਦਿਆਂ ਸੂਬਾ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ, ਜ਼ੋਨ ਪ੍ਰਧਾਨ ਜਸਵੀਰ ਖੋਖਰ ਤੇ ਜਨਰਲ ਸਕੱਤਰ ਛੱਜੂ ਰਾਮ ਨੇ ਕਿਹਾ ਕਿ ਸਰਕਾਰ ਦੀ ਪੁਨਰਗਠਨ ਅਧਾਰਤ ਨੀਤੀ ਦਾ ਵਿਰੋਧ ਕਰਦਿਆਂ ਆਗੂਆਂ ਨੇ ਕਿਹਾ ਕਿ ਇਸ ਨਾਲ ਜਿੱਥੇ ਹਜ਼ਾਰਾਂ ਕਾਮਿਆਂ ਦਾ ਰੁਜ਼ਗਾਰ ਛੁਟ ਜਾਵੇਗਾ, ਉੱਥੇ ਹੀ ਕਰੋੜਾਂ ਰੁਪਏ ਦੀ ਜਾਇਦਾਦ ਅਤੇ ਅਣਮੁੱਲਾ ਕੁਦਰਤੀ ਸੋਮਾ ਪ੍ਰਾਈਵੇਟ ਹੱਥਾਂ ’ਚ ਚਲਾ ਜਾਵੇਗਾ।
ਉਨ੍ਹਾਂ ਮੰਗ ਕੀਤੀ ਕਿ ਪੁਨਰਗਠਨ ਦਾ ਇਹ ਫੈਸਲਾ ਵਾਪਸ ਲਿਆ ਜਾਵੇ। ਇਸ ਦੌਰਾਨ ਕਮੇਟੀ ਮੁਖੀ ਨੇ ਵਫ਼ਦ ਦੀ ਬੇਨਤੀ ’ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿਵਾਇਆ। ਆਗੂਆਂ ਨੇ ਨਾਲ ਹੀ ਚਿਤਾਵਨੀ ਵੀ ਦਿੱਤੀ ਕਿ ਜੇਕਰ ਫੈਸਲੇ ’ਤੇ ਮੁੜ ਵਿਚਾਰ ਨਾ ਕੀਤਾ ਗਿਆ ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢੇਗੀ।
ਇਸ ਵਫ਼ਦ ਮਨਿਸਟੀਰੀਅਲ ਸਟਾਫ਼ ਦੇ ਜਿਲ੍ਹਾ ਪ੍ਰਧਾਨ ਬਚਿੱਤਰ ਸਿੰਘ, ਜਲ ਸਰੋਤ ਵਿਭਾਗ ਦੇ ਸੂਬਾ ਪ੍ਰਧਾਨ ਖੁਸ਼ਵਿੰਦਰ ਕਪਿਲਾ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਸਨ। ਇਸ ਤੋਂ ਇਲਾਵਾ ਰਣਧੀਰ ਸਿੰਘ, ਅਮਰਨਾਥ ਨਰੜੂ, ਹਰੀ ਰਾਮ ਨਿੱਕਾ, ਰਾਜਿੰਦਰ ਧਾਲੀਵਾਲ, ਹਰਨੇਕ ਸਿੰਘ, ਨਿਰਮਲ ਸਿੰਘ, ਮੋਤੀ ਰਾਮ, ਯਸ਼ਪਾਲ, ਭੋਲਾ ਸਿੰਘ ਤੇ ਚਰਨਜੀਤ ਕਾਮੀ ਆਦਿ ਵੀ ਹਾਜ਼ਰ ਸਨ।