ਡੇਰਾ ਸੱਚਖੰਡ ਬੱਲਾਂ ਦਾ ਵਫ਼ਦ ਸੰਤ ਸੀਚੇਵਾਲ ਨੂੰ ਮਿਲਿਆ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 4 ਅਕਤੂਬਰ
ਡੇਰਾ ਸੱਚਖੰਡ ਬੱਲਾਂ ਦਾ ਇੱਕ ਤਿੰਨ ਮੈਂਬਰੀ ਵਫ਼ਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਮਿਲਿਆ। ਇਸ ਵਫ਼ਦ ਵਿੱਚ ਸ਼ਾਮਿਲ ਸ੍ਰੀ ਗੁਰੂ ਰਵੀਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਦੇ ਜਨਰਲ ਸਕੱਤਰ ਸਤਪਾਲ ਹੀਰ, ਜੁਆਇੰਟ ਸਕੱਤਰ ਧਰਮਪਾਲ ਸਿਮਕ ਅਤੇ ਦੇਸ ਰਾਜ ਫਗਵਾੜਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਰੇਲ ਮੰਤਰਾਲੇ ਵੱਲੋਂ ਡੇਰੇ ਦੇ ਉਨ੍ਹਾਂ ਸ਼ਰਧਾਂਲੂਆਂ ਨੂੰ ਕਿਰਾਏ ਵਿੱਚ 50 ਫੀਸਦੀ ਛੋਟ ਦਿੱਤੀ ਜਾਂਦੀ ਸੀ ਜਿਹੜੇ ਗੁਰੂ ਰਵੀਦਾਸ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਅਗਾਊਂ ਵਰਾਨਸੀ ਜਾਂਦੇ ਸਨ। ਇਨ੍ਹਾਂ ਸ਼ਰਧਾਂਲੂਆਂ ਦੀ ਗਿਣਤੀ ਤਿੰਨ ਤੋਂ ਚਾਰ ਹਜ਼ਾਰ ਦੇ ਵਿਚਾਕਰ ਹੁੁੰਦੀ ਹੈ। ਉਨ੍ਹਾਂ ਦੱਸਿਆ ਕਿ ਕੋਵਿਡ ਤੋਂ ਬਾਅਦ ਕੇਂਦਰ ਸਰਕਾਰ ਨੇ ਇਹ ਰਿਆਇਤ ਦੇਣੀ ਬੰਦ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ 24 ਫਰਵਰੀ 2024 ਨੂੰ ਆਉਣ ਵਾਲੇ ਜਨਮ ਦਿਹਾੜੇ ਦੇ ਪ੍ਰਬੰਧਾਂ ਲਈ 3200 ਦੇ ਕਰੀਬ ਸੇਵਾਦਾਰ 15 ਦਨਿ ਪਹਿਲਾਂ ਜਾਣਗੇ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਵਫ਼ਦ ਦੇ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਉਹ ਕੇਂਦਰੀ ਰੇਲ ਮੰਤਰੀ ਕੋਲ ਇਹ ਮੁੱਦਾ ਉਠਾਉਣਗੇ ਅਤੇ ਸੇਵਾਦਾਰਾਂ ਨੂੰ ਬਣਦੀ ਰਿਆਇਤ ਲੈਕੇ ਦੇਣ ਦਾ ਯਤਨ ਕਰਨਗੇ।