ਡੈਮੋਕ੍ਰੈਟਿਕ ਟੀਚਰਜ਼ ਫਰੰਟ ਦਾ ਵਫ਼ਦ ਡੀਈਓ ਨੂੰ ਮਿਲਿਆ
ਪੱਤਰ ਪ੍ਰੇਰਕ
ਜਲੰਧਰ, 22 ਅਗਸਤ
ਡੈਮੋਕ੍ਰੈੇਟਿਕ ਟੀਚਰਜ਼ ਫਰੰਟ (ਪੰਜਾਬ) ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਗੁਰਮੀਤ ਸਿੰਘ ਕੋਟਲੀ ਦੀ ਅਗਵਾਈ ਵਿਚ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਜਲੰਧਰ ਨੂੰ ਮਿਲੇ ਡੈਪੂਟੇਸ਼ਨ ਨੇ ਸਮਰੱਥ ਪ੍ਰਾਜੈਕਟ ਵਿਚ ਬਿਨਾਂ ਸਹਿਮਤੀ ਤੋਂ ਲਗਾਏ ਅਧਿਆਪਕਾਂ ਦੀ ਡਿਊਟੀ ਕੱਟਣ ਦੀ ਮੰਗ ਕੀਤੀ। ਅਧਿਆਪਕਾਂ ਦੀਆਂ ਡਿਊਟੀਆਂ ਕਟਵਾਉਣ ਲਈ ਦਿਤੀਆਂ ਅਰਜ਼ੀਆਂ ਵਾਲੇ ਅਧਿਆਪਕਾਂ ਦੀਆਂ ਜੇਕਰ 24 ਅਗਸਤ ਤੱਕ ਡਿਊਟੀਆਂ ਨਾਂ ਕੱਟੀਆਂ ਗਈਆਂ ਤਾਂ ਜਥੇਬੰਦੀ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਲਈ ਮਜਬੂਰ ਹੋਵੇਗੀ। ਜ਼ਿਲ੍ਹਾ ਸਕੱਤਰ ਅਵਤਾਰ ਲਾਲ, ਜਥੇਬੰਦਕ ਸਕੱਤਰ ਸੁਖਵਿੰਦਰਪ੍ਰੀਤ ਸਿੰਘ ਅਤੇ ਪ੍ਰੈਸ ਸਕੱਤਰ ਅਮਨਦੀਪ ਸਿੰਘ ਸ਼ਾਹਕੋਟ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸ਼ਰ (ਸੈ.ਸਿ) ਜਲੰਧਰ ਗੁਰਸ਼ਰਨ ਸਿੰਘ ਨੇ ਵਫਦ ਵੱਲੋਂ ਉਨ੍ਹਾਂ ਅੱਗੇ ਰੱਖੀਆਂ ਮੰਗਾਂ ਵਿਚੋਂ ਕੁਝ ਦਾ ਤਾਂ ਮੌਕੇ ਤੇ ਨਿਪਟਾਰਾ ਕਰ ਦਿਤਾ ਅਤੇ ਕੁਝ ਨੂੰ ਹਫਤੇ ਦੇ ਅੰਦਰ-ਅੰਦਰ ਨਿਪਟਾਉਣ ਦਾ ਭਰੋਸਾ ਦਿਤਾ। ਅਧਿਆਪਕ ਆਗੂਆਂ ਨੇ ਕਿਹਾ ਕਿ ਇੰਨ੍ਹਾਂ ਕੰਮਾਂ ਲਈ ਸਕੂਲਾਂ ਵਿਚੋਂ ਅਧਿਆਪਕਾਂ ਨੂੰ ਬਾਹਰ ਕੀਤੇ ਜਾਣ ਨਾਲ ਸਕੂਲੀ ਪੜ੍ਹਾਈ ਦਾ ਸਾਰਾ ਢਾਚਾ ਹੀ ਡਗਮਗਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਅਜਿਹਾ ਕਰਕੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਕਰ ਦਿਤਾ ਹੈ। ਸਿੱਖਿਆ ਦੇ ਖੇਤਰ ਵਿਚ ਕ੍ਰਾਂਤੀ ਲਿਆਉਣ ਦੇ ਦਮਗਜੇ ਮਾਰਨ ਵਾਲੀ ਆਪ ਸਰਕਾਰ ਅਸਲ ਵਿਚ ਹਜ਼ਾਰਾਂ ਅਧਿਆਪਕਾਂ ਨੂੰ ਚੋਣਾਂ ਅਤੇ ਇਸ ਪ੍ਰਕਾਰ ਦੇ ਅਖੌਤੀ ਪ੍ਰਾਜੈਕਟਾਂ ਵਿਚ ਲਗਾ ਕੇ ਸਿੱਖਿਆ ਨੂੰ ਤਹਿਸ-ਨਹਿਸ ਕਰ ਰਹੀ ਹੈ। ਇਸ ਮੌਕੇ ਡਿਪਟੀ ਡੀ.ਈ.ਓ ਰਾਜੀਵ ਜੋਸੀ ,ਅਧਿਆਪਕ ਆਗੂ ਪਵਿੱਤਰ ਸਿੰਘ ਕੈਲੇ, ਅੰਮ੍ਰਿਤਪਾਲ ਸਿੰਘ, ਅਮਰਪ੍ਰੀਤ ਸਿੰਘ ਝੀਤਾ, ਵਿਜੇ ਕੁਮਾਰ, ਸ਼ਿਵ ਦਿਆਲ, ਗੌਰਵ ਕੁਮਾਰ, ਪਰਦੀਪ ਕੁਮਾਰ,ਦੀਪਕ ਭਾਟੀਆ,ਪਰਦੀਪ ਸਿੰਘ ਅਤੇ ਸਤੀਸ਼ ਕੁਮਾਰ ਹਾਜ਼ਰ ਸਨ।