ਕਾਂਗਰਸੀ ਆਗੂਆਂ ਦਾ ਵਫ਼ਦ ਐੱਸਡੀਐੱਮ ਨੂੰ ਮਿਲਿਆ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 25 ਜੁਲਾਈ
ਬਲਾਕ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਪਾਰਟੀ ਦੇ ਐੱਸਸੀ/ਓਬੀਸੀ ਵਿੰਗ ਅਤੇ ਮਹਿਲਾ ਕਾਂਗਰਸ ਨੇ ਸ਼ਹਿਰ ਦੀਆਂ ਸਮੱਸਿਆਵਾਂ ਦੇ ਸਬੰਧ ਵਿਚ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਨੂੰ ਮੰਗ ਪੱਤਰ ਸੌਂਪਿਆ ਅਤੇ ਸ਼ਹਿਰ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਦੀ ਮੰਗ ਕੀਤੀ। ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਰੌਕੀ ਬਾਂਸਲ ਦੀ ਅਗਵਾਈ ਹੇਠ ਪਾਰਟੀ ਵਰਕਰ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪੁੱਜੇ ਜਿਥੇ ਉਪ ਮੰਡਲ ਮੈਜਿਸਟ੍ਰੇਟ ਨੂੰ ਮੰਗ ਪੱਤਰ ਸੌਂਪਿਆ ਗਿਆ। ਕਾਂਗਰਸੀ ਆਗੂਆਂ ਨੇ ਦੱਸਿਆ ਕਿ ਸ਼ਹਿਰ ਵਿਚ ਥਾਂ-ਥਾਂ ਸੀਵਰੇਜ ਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਤੇ ਗੰਦਾ ਪਾਣੀ ਗਲੀਆਂ ਵਿਚ ਫੈਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਕਈ ਮੁਹੱਲਿਆ ਵਿਚ ਸੜਕਾਂ ਪੂਰੀ ਤਰਾਂ ਟੁੱਟੀਆਂ ਪਈਆਂ ਹਨ। ਕਾਂਗਰਸੀ ਵਫਦ ਨੇ ਬੂਥ ਪੱਧਰ ’ਤੇ ਵੋਟਰ ਸੂਚੀਆਂ ਦੀ ਸੋਧ ਕਰਨ ਦੀ ਵੀ ਮੰਗ ਕੀਤੀ ਗਈ। ਵਫ਼ਦ ਵਿਚ ਦਰਸ਼ਨ ਕਾਂਗੜਾ, ਪਰਮਿੰਦਰ ਸ਼ਰਮਾ, ਰਵੀ ਗੋਇਲ, ਰਵੀ ਚਾਵਲਾ, ਸ਼ਕਤੀਜੀਤ, ਬ੍ਰਿਜ ਮੋਹਨ ਬਿੱਟੂ ਤੇ ਕੁਲਦੀਪ ਸਿੰਘ ਭੁੱਲਰ ਆਦਿ ਸ਼ਾਮਲ ਸਨ।