ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦਾ ਵਫ਼ਦ ਸਿੰਗਲਾ ਨੂੰ ਮਿਲਿਆ
ਨਿਜੀ ਪੱਤਰ ਪ੍ਰੇਰਕ
ਸੰਗਰੂਰ, 26 ਜੁਲਾਈ
ਸਟੇਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦਾ ਇੱਕ ਵਫਦ ਵੱਲੋਂ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਪੈਨਸ਼ਨਰਾਂ ਅਤੇ ਬਜ਼ੁਰਗਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੂੰ ਉਨ੍ਹਾਂ ਦੇ ਗ੍ਰਹਿ ’ਚ ਮਿਲਿਆ। ਕੈਬਨਿਟ ਮੰਤਰੀ ਨੂੰ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਮ ’ਤੇ ਮੰਗ ਪੱਤਰ ਵੀ ਦਿੱਤਾ ਗਿਆ। ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਕਰੋਨਿਕ ਬਿਮਾਰੀ ਦੇ ਸਰਟੀਫਿਕੇਟ ਜੋ ਪਟਿਆਲਾ ਫਰੀਦਕੋਟ ਤੇ ਅੰਮ੍ਰਿਤਸਰ ਵਿੱਚ ਮੈਡੀਕਲ ਬੋਰਡ ਵੱਲੋਂ ਬਣਾਏ ਜਾਂਦੇ ਹਨ ਜਿਸ ਨਾਲ ਪੈਨਸ਼ਨਰਾਂ ਅਤੇ ਬਜ਼ੁਰਗਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਰੋੜਾ ਨੇ ਮੰਗ ਕੀਤੀ ਕਿ ਕਰੋਨਿਕ ਬਿਮਾਰੀਆਂ ਦੇ ਸਰਟੀਫਿਕੇਟ ਜ਼ਿਲ੍ਹਾ ਪੱਧਰ ’ਤੇ ਹੀ ਬਣਾਏ ਜਾਣ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਸਿੰਗਲਾ ਵਲੋਂ ਭਰੋਸਾ ਦਿੱਤਾ ਗਿਆ ਕਿ ਕਰੋਨਿਕ ਬਿਮਾਰੀਆਂ ਦੇ ਸਰਟੀਫਿਕੇਟ ਜ਼ਿਲ੍ਹਾ ਪੱਧਰ ’ਤੇ ਬਣਾਉਣ ਸਬੰਧੀ ਸਰਕਾਰ/ਸਬੰਧਤ ਵਿਭਾਗ ਨੂੰ ਲਿਖਿਆ ਜਾਵੇਗਾ ਅਤੇ ਬਾਕੀ ਮੰਗਾਂ ਬਾਰੇ ਮੁੱਖ ਮੰਤਰੀ ਪੰਜਾਬ ਨਾਲ ਗੱਲ ਕਰਨਗੇ। ਵਫਦ ਵਿਚ ਐਸੋਸੀਏਸ਼ਨ ਦੇ ਸਕੱਤਰ ਰਵਿੰਦਰ ਸਿੰਘ ਗੁੱਡੂ ਮੌਜੂਦ ਸਨ।