For the best experience, open
https://m.punjabitribuneonline.com
on your mobile browser.
Advertisement

ਇੱਕ ਫ਼ੈਸਲਾ

08:45 AM Apr 18, 2024 IST
ਇੱਕ ਫ਼ੈਸਲਾ
Advertisement

ਬਰਜਿੰਦਰ ਕੌਰ ਬਿਸਰਾਓ

Advertisement

ਜਗਤਾਰ ਸਿੰਘ ਦੇ ਪੰਜ ਕੁੜੀਆਂ ਤੋਂ ਬਾਅਦ ਮੁੰਡਾ ਹੋਇਆ ਸੀ। ਛੋਟੀ ਕੁੜੀ ਵੀ ਤਿੰਨ ਸਾਲ ਦੀ ਹੋ ਗਈ ਸੀ। ਮੁੰਡੇ ਦੀ ਚਾਹਤ ਕਰਕੇ ਉਨ੍ਹਾਂ ਨੇ ਕਈ ਵੈਦਾਂ ਹਕੀਮਾਂ ਤੋਂ ਮੁੰਡਾ‌ ਹੋਣ ਦੀਆਂ ਦਵਾਈਆਂ ਲਈਆਂ, ਜਿੱਥੇ ਕਿਸੇ ਨੇ ਦੱਸਿਆ ਉੱਥੇ ਮੱਥੇ ਟੇਕੇ। ਆਖ਼ਰ ਰੱਬ ਨੇ ਸੁਣ ਲਈ। ਜੱਸੇ ਦੇ ਹੋਣ ਨਾਲ ਮਿੱਸਾ ਜਿਹਾ ਪਰਿਵਾਰ ਬਣ ਗਿਆ ਸੀ। ਹੁਣ ਉਨ੍ਹਾਂ ਨੂੰ ਲੱਗਦਾ ਸੀ ਕਿ ਪਰਮਾਤਮਾ ਨੇ ਉਨ੍ਹਾਂ ਨੂੰ ਸਭ ਕੁਝ ਦੇ ਦਿੱਤਾ ਹੈ। ਸਾਰਾ ਪਰਿਵਾਰ ਬਹੁਤ ਖ਼ੁਸ਼ ਸੀ। ਜਗਤਾਰ ਦੀਆਂ ਧੀਆਂ ਨੂੰ ਨਿੱਕੇ ਵੀਰੇ ਨੂੰ ਚੁੱਕਣ ਦਾ ਐਨਾ ਚਾਅ ਸੀ ਕਿ ਜੱਸੇ ਨੂੰ ਚੁੱਕਣ ਦੀ ਵਾਰੀ ਨਹੀਂ ਸੀ ਆਉਂਦੀ। ਜਗਤਾਰ ਦੀ ਕਬੀਲਦਾਰੀ ਭਾਰੀ ਹੋ ਗਈ ਸੀ। ਉਹ ਦਿਨ ਰਾਤ ਮਿਹਨਤ ਕਰਦਾ ਤੇ ਉਸ ਦਾ ਘਰ ਪਰਿਵਾਰ ਵਧੀਆ ਚੱਲ ਰਿਹਾ ਸੀ। ਕੁੜੀਆਂ ਵੀ ਸਕੂਲ ਪੜ੍ਹਦੀਆਂ ਸਨ। ਵੱਡੀ ਕੁੜੀ ਤਾਂ ਅੱਠ ਪੜ੍ਹ ਕੇ ਹਟ ਗਈ ਸੀ। ਉਸ ਲਈ ਰਿਸ਼ਤੇਦਾਰੀਆਂ ਵਿੱਚੋਂ ਹੀ ਰਿਸ਼ਤੇ ਆਉਣ ਲੱਗ ਪਏ ਸਨ। ਜੱਸਾ ਹਾਲੇ ਦੂਜੀ ਜਮਾਤ ਵਿੱਚ ਹੀ ਪੜ੍ਹਦਾ ਸੀ ਕਿ ਜਗਤਾਰ ਨੇ ਰਿਸ਼ਤੇਦਾਰੀ ਵਿੱਚ ਹੀ ਦੋ ਸਕੇ ਭਰਾਵਾਂ ਨੂੰ ਆਪਣੀਆਂ ਵੱਡੀਆਂ ਦੋਵੇਂ ਧੀਆਂ ਸੀਤੋ ਅਤੇ ਮੀਤੋ ਦੇ ਰਿਸ਼ਤੇ ਕਰ ਦਿੱਤੇ ਤੇ ਵਿਆਹ ਵੀ ਅਗਲੇ ਨਰਾਤਿਆਂ ਦਾ ਰੱਖ ਲਿਆ। ਨਰਾਤਿਆਂ ਵਿੱਚ ਦੋਵਾਂ ਕੁੜੀਆਂ ਦਾ ਵਿਆਹ ਹੁੰਦਿਆਂ ਹੀ ਉਸ ਦੇ ਸਿਰ ਤੋਂ ਕਬੀਲਦਾਰੀ ਦੀ ਗੱਠੜੀ ਥੋੜ੍ਹੀ ਜਿਹੀ ਹਲਕੀ ਹੋ ਗਈ ਸੀ।
ਉਸ ਦੀ ਤੀਜੀ ਧੀ ਜੀਤੀ ਨੇ ਦਸ ਜਮਾਤਾਂ ਕਰ ਲਈਆਂ ਤਾਂ ਵੱਡੇ ਪ੍ਰਾਹੁਣਿਆਂ ਨੇ ਨਾਲ ਦੇ ਪਿੰਡ ਹੀ ਆਪਣੇ ਇੱਕ ਦੋਸਤ ਦੇ ਛੋਟੇ ਭਰਾ ਨੂੰ ਰਿਸ਼ਤਾ ਕਰਵਾ ਦਿੱਤਾ। ਹੁਣ ਜਗਤਾਰ ਸਿੰਘ ਦੀ ਅੱਧੀ ਕਬੀਲਦਾਰੀ ਨਜਿੱਠੀ ਗਈ ਸੀ। ਇਸ ਤਰ੍ਹਾਂ ਉਹ ਤੇ ਉਸ ਦੀ ਪਤਨੀ ਤਾਰੋ ਆਪਣੀ ਕਬੀਲਦਾਰੀ ਦੀ ਗੱਡੀ ਹੌਲੀ ਹੌਲੀ ਰੋੜ੍ਹੀ ਜਾ ਰਹੇ ਸਨ। ਜਦੋਂ ਤੱਕ ਸਾਰਿਆਂ ਤੋਂ ਛੋਟੀ ਧੀ ਪ੍ਰੀਤੋ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਉਦੋਂ ਤੱਕ ਜੱਸਾ ਵੀ ਸੁੱਖ ਨਾਲ ਅੱਠਵੀਂ ਪਾਸ ਕਰ ਗਿਆ ਸੀ। ਜਗਤਾਰ ਤੇ ਤਾਰੋ ਵੀ ਬੁਢਾਪੇ ਕਾਰਨ ਕਮਜ਼ੋਰ ਹੋ ਰਹੇ ਸਨ। ਉਨ੍ਹਾਂ ਨੂੰ ਦੋਵੇਂ ਛੋਟੀਆਂ ਕੁੜੀਆਂ ਨਿੱਕੀ ਤੇ ਪ੍ਰੀਤੋ ਲਈ ਜਿਵੇਂ ਹੀ ਸਰਦੇ-ਪੁੱਜਦੇ ਘਰਾਂ ਦੇ ਰਿਸ਼ਤੇ ਆਏ, ਉਨ੍ਹਾਂ ਨੇ ਧੀਆਂ ਦੇ ਵਿਆਹਾਂ ਵਾਲਾ ਬੋਝ ਤਾਂ ਹਲਕਾ ਕਰ ਲਿਆ ਸੀ। ਪਰਮਾਤਮਾ ਦੀ ਕਿਰਪਾ ਨਾਲ ਜਗਤਾਰ ਸਿੰਘ ਨੂੰ ਸਾਰੇ ਜਵਾਈ ਬਹੁਤ ਲਾਇਕ ਮਿਲੇ ਸਨ। ਉਹ ਜਗਤਾਰ ਸਿੰਘ ’ਤੇ ਬੋਝ ਪਾਉਣ ਦੀ ਥਾਂ ਬੋਝ ਵੰਡਾਉਣ ਵਾਲੇ ਸਨ।
ਜੱਸੇ ਨੇ ਬਾਰਾਂ ਜਮਾਤਾਂ ਪਾਸ ਕਰਕੇ ਟਾਈਪਿੰਗ ਦਾ ਕੋਰਸ ਕਰ ਲਿਆ ਸੀ। ਉਸ ਨੂੰ ਨੇੜੇ ਹੀ ਸਰਕਾਰੀ ਨੌਕਰੀ ਮਿਲ ਗਈ ਸੀ। ਸਾਰੇ ਖ਼ੁਸ਼ ਸਨ। ਜਗਤਾਰ ਵੀ ਕੰਮ ਤੋਂ ਆ ਕੇ ਜਦ ਆਪਣੇ ਚਹੁੰ ਦੋਸਤਾਂ ਨਾਲ ਗੱਲ ਕਰਦਾ, ‘‘ਬੱਸ ਆਪਾਂ ਹੁਣ ਵਿਹਲੇ ਬਈ... ਜੱਸੇ ਨੂੰ ਤਨਖ਼ਾਹ ਮਿਲਣ ਲੱਗ ਜਾਏ... ਅਗਲੇ ਦਿਨ ਤੋਂ ਹੀ ਆਪਾਂ ਨੇ ਕੰਮ ਛੱਡ ਦੇਣਾ...!’’ ‘‘ਤੂੰ ਤਾਂ ਜੱਗਿਆ ਕਰਮਾਂ ਵਾਲਾ ਏਂ... ਰੱਬ ਨੇ ਜਵਾਈ ਵੀ ਪੁੱਤਾਂ ਵਰਗੇ ਈ ਦਿੱਤੇ ਨੇ... ਤੇ ... ਹੁਣ ਮੁੰਡੇ ਨੂੰ ਸਰਕਾਰੀ ਨੌਕਰੀ ਮਿਲ ਗਈ। ਰੱਬ ਤਾਂ ਪੂਰਾ ਤੇਰੇ ਵੱਲ ਐ...!’’ ਕੋਲ ਖੜ੍ਹਾ ਨਾਜਰ ਬੋਲਿਆ।
ਇਉਂ ਜਗਤਾਰ ਕਿੰਨਾ ਚਿਰ ਖੜ੍ਹਾ ਦੋਸਤਾਂ ਕੋਲ ਆਪਣੇ ਪੁੱਤ ਜੱਸੇ ਦੀਆਂ ਵਡਿਆਈਆਂ ਕਰਦਾ ਰਿਹਾ। ਉਸੇ ਰਾਤ ਨੂੰ ਅਚਾਨਕ ਉਸ ਦਾ ਦਿਲ ਜਿਹਾ ਘਬਰਾ ਕੇ ਉਸ ਨੂੰ ਉਲਟੀ ਆ ਗਈ। ਤਾਰੋ ਹਾਲੇ ਉਸ ਲਈ ਪਾਣੀ ਲੈ ਕੇ ਹੀ ਆਈ ਸੀ ਕਿ ਉਸ ਦੇ ਹੱਥ ਪੈਰ ਠੰਢੇ ਹੋਣ ਲੱਗੇ। ਜਦ ਤੱਕ ਜੱਸਾ ਨੱਠ ਕੇ ਪਿੰਡ ਵਾਲੇ ਡਾਕਟਰ ਨੂੰ ਲੈ ਕੇ ਆਇਆ ਤਾਂ ਜਗਤਾਰ ਆਪਣੇ ਅਧੂਰੇ ਚਾਅ ਪੂਰੇ ਕੀਤੇ ਬਿਨਾਂ ਹੀ ਤੁਰ ਗਿਆ।
ਜਗਤਾਰ ਤੋਂ ਬਾਅਦ ਚਾਹੇ ਉਸ ਦੀਆਂ ਧੀਆਂ ਵਿੱਚੋਂ ਕੋਈ ਨਾ ਕੋਈ ਵਾਰੀ ਸਿਰ ਆਪਣੇ ਭਰਾ ਅਤੇ ਮਾਂ ਦਾ ਧਿਆਨ ਰੱਖਣ ਲਈ ਆਉਂਦੀਆਂ ਰਹਿੰਦੀਆਂ, ਫਿਰ ਵੀ ਘਰ ਵਿੱਚ ਉਦਾਸੀ ਛਾਈ ਰਹਿੰਦੀ। ਛੇ ਕੁ ਮਹੀਨੇ ਬਾਅਦ ਕੁੜੀਆਂ ਨੇ ਆਪਣੀ ਮਾਂ ਨੂੰ ਜੱਸੇ ਦਾ ਵਿਆਹ ਕਰਨ ਲਈ ਕਿਹਾ ਤਾਂ ਜੋ ਬੁੱਢੀ ਮਾਂ ਨੂੰ ਕੰਮ ਕਾਰ ਵਿੱਚ ਸਹਾਰਾ ਵੀ ਮਿਲ ਜਾਵੇ ਤੇ ਘਰ ਵਿੱਚ ਖ਼ੁਸ਼ੀ ਦਾ ਮਾਹੌਲ ਬਣ ਜਾਵੇ।
ਤਾਰੋ ਦੀ ਭਤੀਜ-ਨੂੰਹ ਨੇ ਆਪਣੀ ਛੋਟੀ ਭੈਣ ਦਾ ਰਿਸ਼ਤਾ ਜੱਸੇ ਨੂੰ ਕਰਵਾ ਦਿੱਤਾ। ਘਰ ਵਿੱਚ ਹੌਲੀ ਹੌਲੀ ਜਗਤਾਰ ਦੀ ਮੌਤ ਦੀਆਂ ਗ਼ਮਗੀਨ ਯਾਦਾਂ ਨੂੰ ਆਉਣ ਵਾਲੇ ਵਿਆਹ ਨੇ ਥੋੜ੍ਹਾ ਜਿਹਾ ਮੱਧਮ ਤਾਂ ਕੀਤਾ ਪਰ ਹਰ ਕੰਮ ਕਰਨ ਲੱਗੇ ਉਸ ਨੂੰ ਯਾਦ ਕੀਤਾ ਜਾਂਦਾ। ਜੱਸੇ ਦਾ ਵਿਆਹ ਹੋ ਗਿਆ। ਘਰ ਵਿੱਚ ਖ਼ੁਸ਼ੀ ਦਾ ਮਾਹੌਲ ਬਣ ਗਿਆ। ਜੱਸੇ ਦੀ ਵਹੁਟੀ ਤਾਰੋ ਅਤੇ ਜੱਸੇ ਦੇ ਮੂੰਹੋਂ ਆਪਣੇ ਸਹੁਰੇ ਦੇ ਸਾਊ ਅਤੇ ਮਿਹਨਤੀ ਸੁਭਾਅ ਦੀ ਵਡਿਆਈ ਸੁਣਦੀ ਤਾਂ ਸੋਚਦੀ ਕਿ ਪਰਮਾਤਮਾ ਉਸ ਨੂੰ ਵੀ ਇਹ ਖ਼ੁਸ਼ੀ ਦਿਖਾ ਦਿੰਦਾ ਤਾਂ ਕਿੰਨਾ ਵਧੀਆ ਹੁੰਦਾ।
ਜੱਸੇ ਦੇ ਵਿਆਹ ਨੂੰ ਪੂਰੇ ਪੰਜ ਵਰ੍ਹੇ ਹੋ ਗਏ ਸਨ। ਉਸ ਦੇ ਚਾਰ ਸਾਲ ਦੀ ਧੀ ਅਤੇ ਦੋ ਸਾਲ ਦਾ ਪੁੱਤਰ ਹੋ ਗਿਆ ਸੀ। ਤਾਰੋ ਬਹੁਤ ਬਜ਼ੁਰਗ ਹੋ ਚੁੱਕੀ ਸੀ ਪਰ ਆਪਣੇ ਪੋਤੇ ਪੋਤੀਆਂ ਨਾਲ ਚਾਅ ਲਾਡ ਕਰਦੀ ਖ਼ੁਸ਼ ਰਹਿੰਦੀ। ਪਰਮਾਤਮਾ ਨੇ ਤਾਰੋ ਦੇ ਖੁਸ਼ਹਾਲ ਪਰਿਵਾਰ ਨੂੰ ਉਸ ਸਮੇਂ ਉਜਾੜ ਦਿੱਤਾ ਜਦ ਇੱਕ ਸ਼ਾਮ ਡਿਊਟੀ ਤੋਂ ਆਉਂਦੇ ਸਮੇਂ ਜੱਸੇ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇੱਕ ਹੱਸਦਾ ਵੱਸਦਾ ਘਰ ਉੱਜੜ ਗਿਆ ਸੀ। ਉਸ ਦੇ ਭੋਗ ਤੋਂ ਕੁਝ ਦਿਨ ਬਾਅਦ ਜੱਸੇ ਦੇ ਸਹੁਰਾ ਪਰਿਵਾਰ ਤਾਰੋ ਕੋਲ ਆਇਆ। ਜੱਸੇ ਦੀਆਂ ਪੰਜੇ ਭੈਣਾਂ ਅਤੇ ਉਨ੍ਹਾਂ ਦੇ ਪ੍ਰਾਹੁਣਿਆਂ ਨੂੰ ਵੀ ਬੁਲਾ ਲਿਆ। ਨਾਲ ਹੀ ਪਿੰਡ ਦੀ ਪੰਚਾਇਤ ਦਾ ਇਕੱਠ ਕੀਤਾ। ਜੱਸੇ ਦਾ ਸਹੁਰਾ ਹੱਥ ਜੋੜ ਕੇ ਆਖਣ ਲੱਗਿਆ, ‘‘ਅਸੀਂ ਤਾਂ ਜੀ ਧੀ ਵਾਲੇ ਹਾਂ... ਸਾਡੀ ਧੀ ਦੀ ਉਮਰ ਬਹੁਤ ਨਿਆਣੀ ਹੈ। ਸਾਰੀ ਉਮਰ ਆਪਣੀ ਧੀ ਨੂੰ ਇਸ ਹਾਲ ਵਿੱਚ ਕਿਹੜਾ ਮਾਂ ਬਾਪ ਵੇਖਣਾ ਚਾਹੁੰਦਾ ਹੈ। ਇਹੀ ਉਸ ਦੇ ਖਾਣ ਹੰਢਾਉਣ ਦੇ ਦਿਨ ਸਨ। ਨਾ ਕੋਈ ਕਮਾਈ ਦਾ ਸਾਧਨ... ਨਾ ਕੋਈ ਹੋਰ ਸਹਾਰਾ... ਇੱਕ ਬੁੱਢੀ ਮਾਂ ਦੇ ਸਹਾਰੇ ਕਿੰਨਾ ਚਿਰ ਜ਼ਿੰਦਗੀ ਕੱਟੇਗੀ? ਅਸੀਂ ਆਪਣੀ ਧੀ ਨੂੰ ਲਿਜਾਣ ਆਏ ਹਾਂ... ਜਵਾਕਾਂ ਦਾ ਤੁਸੀਂ ਵੇਖ ਲਓ... ਕੀ ਕਰਨਾ ਹੈ?’’
ਇਹ ਗੱਲ ਸੁਣ ਕੇ ਸਾਰੇ ਸੁੰਨ ਜਿਹੇ ਹੋ ਗਏ। ਤਾਰੋ ਦੀਆਂ ਪੰਜੇ ਧੀਆਂ ਨੇ ਆਪਸ ਵਿੱਚ ਸਲਾਹ ਕੀਤੀ ਤੇ ਵੱਡੇ ਧੀ ਜਵਾਈ ਨੇ ਹੱਥ ਜੋੜ ਕੇ ਆਖਿਆ, ‘‘...ਜੱਸੇ ਦੇ ਟੱਬਰ ਦਾ ਜੀ ਤੁਸੀਂ ਫ਼ਿਕਰ ਨਾ ਕਰੋ। ਇਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਅਸੀਂ ਪੰਜੇ ਭੈਣਾਂ ਜੱਸੇ ਵਾਂਗ ਹੀ ਇਸ ਦਾ ਧਿਆਨ ਰੱਖਾਂਗੇ। ਬੱਚਿਆਂ ਤੋਂ ਮਾਂ ਵਿਛੜ ਜਾਏਗੀ... ਬਾਪ ਪਹਿਲਾਂ ਹੀ ਨ੍ਹੀਂ ਰਿਹਾ... ਸਾਨੂੰ ਤਾਂ ਇਨ੍ਹਾਂ ਵਿੱਚੋਂ ਹੀ ਜੱਸਾ ਦਿਸਦਾ...। ਇਹ ਹੁਣ ਜੱਸੇ ਦੀ ਵਹੁਟੀ ਤੋਂ ਪਹਿਲਾਂ ਸਾਡੀ ਸਾਰਿਆਂ ਤੋਂ ਛੋਟੀ ਭੈਣ ਹੈ... ਤੁਸੀਂ ਇਸ ਨੂੰ ਵੀ ਇੱਕ ਵਾਰ ਪੁੱਛ ਲਓ...!’’
ਪਹਿਲਾਂ ਜੱਸੇ ਦੀ ਵਹੁਟੀ ਜਾਣ ਲਈ ਤਿਆਰ ਹੋ ਗਈ ਸੀ ਪਰ ਫਿਰ ਪਤਾ ਨਹੀਂ ਉਸ ਦੇ ਦਿਮਾਗ਼ ਵਿੱਚ ਕੀ ਆਇਆ, ਉਸ ਦੇ ਪਿਓ ਤੇ ਭਰਾਵਾਂ ਨੇ ਬਥੇਰਾ ਜ਼ੋਰ ਲਾਇਆ, ਉਹ ਨਾ ਮੰਨੀ।
ਇਸ ਗੱਲ ਨੂੰ ਵੀਹ ਵਰ੍ਹੇ ਬੀਤ ਗਏ ਸਨ। ਜੱਸੇ ਦੀ ਧੀ ਰਾਣੋ ਜੱਜ ਬਣ ਕੇ ਆਈ ਤਾਂ ਵਿਹੜੇ ਵਿੱਚ ਉਸ ਦੀਆਂ ਪੰਜੇ ਭੂਆ, ਫੁੱਫੜ ਅਤੇ ਮਾਂ ਬੈਠੇ ਸਨ। ਉਸ ਨੇ ਮਾਂ ਨੂੰ ਖ਼ੁਸ਼ੀ ਵਿੱਚ ਗਲਵੱਕੜੀ ਪਾਈ ਤਾਂ ਉਸ ਨੇ ਕਿਹਾ, ‘‘ਰਾਣੋ... ਆਹ ਦੇਖ... ਆਹ ਨੇ ਤੇਰੀਆਂ ਅਸਲੀ ਮਾਵਾਂ...। ਤੇਰੀ ਸਫਲਤਾ ਪਿੱਛੇ ਇਨ੍ਹਾਂ ਦਾ ਹੱਥ ਹੈ। ਇਨ੍ਹਾਂ ਦੇ ਇੱਕ ਫ਼ੈਸਲੇ ਨੇ ਮੇਰੀ ਸੋਚ ਬਦਲ ਦਿੱਤੀ ਸੀ ਤੇ ਮੇਰੇ ਇੱਕ ਫ਼ੈਸਲੇ ਨੇ ਆਪਣਾ ਘਰ ਬਚਾ ਲਿਆ। ਇਨ੍ਹਾਂ ਨੇ ਆਪਣੇ ਬੋਲ ਹੁਣ ਤੱਕ ਪੁਗਾਏ। ਆਪਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਤੁਹਾਨੂੰ ਵਧੀਆ ਸਕੂਲਾਂ ਵਿੱਚ ਪੜ੍ਹਾਇਆ। ਨਹੀਂ ਤਾਂ ਅੱਜ ਤੇਰਾ ਵੀਰਾ ਛਿੰਦਾ ਵਿਦੇਸ਼ ਨਾ ਗਿਆ ਹੁੰਦਾ, ਤੂੰ ਜੱਜ ਨਾ ਬਣਦੀ। ਆਪਾਂ ਸਭ ਖੇਰੂੰ ਖੇਰੂੰ ਹੋ ਗਏ ਹੁੰਦੇ...!’’ ਕਹਿੰਦੇ ਕਹਿੰਦੇ ਜੱਸੇ ਦੀ ਵਹੁਟੀ ਭਾਵੁਕ ਹੋ ਗਈ। ਸੀਤੋ, ਮੀਤੋ, ਜੀਤੀ, ਨਿੱਕੀ ਤੇ ਪ੍ਰੀਤੀ ਨੇ ਆ ਕੇ ਆਪਣੀ ਛੋਟੀ ਭਰਜਾਈ ਨੂੰ ਗਲਵਕੜੀ ਵਿੱਚ ਲੈ ਕੇ ਕਿਹਾ, ‘‘...ਸਾਨੂੰ ਤਾਂ ਤੇਰੇ ’ਤੇ ਮਾਣ ਹੈ। ਤੇਰੇ ਇੱਕ ਫ਼ੈਸਲੇ ਨੇ ਸਾਡੇ ਬਾਪ ਦਾ ਘਰ ਵਸਿਆ ਰਹਿਣ ਦਿੱਤਾ... ਨਹੀਂ ਤਾਂ...!’’
ਰਾਣੋ ਗੱਲ ਨੂੰ ਗ਼ਮਗੀਨ ਮਾਹੌਲ ਨੂੰ ਹਾਸੇ ਵਿੱਚ ਲਿਜਾਂਦੀ ਹੋਈ ਆਖਣ ਲੱਗੀ, ‘‘...ਆਰਡਰ ਆਰਡਰ ਆਰਡਰ! ਹੁਣ ਜੱਜ ਦਾ ਇੱਕ ਫ਼ੈਸਲਾ ਸੁਣੋ... ਜੱਜ ਰਣਬੀਰ ਕੌਰ ਉਰਫ਼ ਰਾਣੋ ਵੱਲੋਂ ਸਾਰਿਆਂ ਨੂੰ ਕੱਲ੍ਹ ਇੱਕ ਦਾਅਵਤ ਦਿੱਤੀ ਜਾ ਰਹੀ ਹੈ। ਸਹੀ ਸਮੇਂ ’ਤੇ ਨਾ ਪਹੁੰਚਣ ਵਾਲੇ ਨੂੰ ਸਜ਼ਾ ਸੁਣਾਈ ਜਾਵੇਗੀ...!’’
ਸਾਰੇ ਉਸ ਦੀ ਗੱਲ ਸੁਣ ਕੇ ਹੱਸ ਪਏ।
ਸੰਪਰਕ: 99889-01324

Advertisement
Author Image

joginder kumar

View all posts

Advertisement
Advertisement
×