ਆਂਗਣਵਾੜੀ ਕੇਂਦਰ ਦੇ ਖਾਣੇ ਵਿੱਚੋਂ ਮਿਲਿਆ ਮਰਿਆ ਜ਼ਹਿਰੀਲਾ ਕੀੜਾ
ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਜੁਲਾਈ
ਧੂੜਕੋਟ ਰਣਸੀਂਹ ਵਿੱਚ ਆਂਗਣਵਾੜੀ ਦੇ ਬੱਚਿਆਂ ਤੇ ਗਰਭਵਤੀ ਮਹਿਲਾਵਾਂ ਨੂੰ ਦਿੱਤੇ ਜਾਂਦੇ ਪੌਸ਼ਟਿਕ ਭੋਜਨ (ਦਲੀਏ) ’ਚੋਂ ਮਰਿਆ ਜ਼ਹਿਰੀਲਾ ਕੀੜਾ (ਕੰਨ ਖੰਜੂਰਾ) ਮਿਲਣ ਦਾ ਮਾਮਲਾ ਸਾਹਮਣਾ ਆਇਆ ਹੈ। ਇਸ ਘਟਨਾ ਮਗਰੋਂ ਮਾਮਲੇ ਦਾ ਪਰਦਾਫ਼ਾਸ਼ ਕਰਨ ਵਾਲੀ ਆਂਗਣਵਾੜੀ ਵਰਕਰ ਨੂੰ ਖਫ਼ਾ ਉੱਚ ਅਧਿਕਾਰੀ ਕਥਿਤ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਹਨ।
ਬਲਾਕ ਨਿਹਾਲ ਸਿੰਘ ਵਾਲਾ ਦੀ ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ ਅਨੂ ਪ੍ਰਿਯਾ ਨੇ ਆਂਗਣਵਾੜੀ ਵਰਕਰ ਚਰਨਜੀਤ ਕੌਰ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਮਾਮਲਾ ਸਾਹਮਣੇ ਆਉਣ ਉੱਤੇ ਇਹ ਰਾਸ਼ਨ ਸਪਲਾਈ ਕਰਨ ਵਾਲੇ ਪੰਜਾਬ ਰਾਜ ਸਹਿਕਾਰੀ ਸਪਲਾਈ ਅਤੇ ਮੰਡੀਕਰਨ ਫ਼ੈਡਰੇਸ਼ਨ ਲਿਮ.(ਮਾਰਕਫੈੱਡ) ਅਦਾਰੇ ਦੀ ਟੀਮ ਨੂੰ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਵਰਕਰਾਂ ਵੱਲੋਂ ਜਿਸ ਦਲੀਏ ਦੇ ਪੈਕੇਟ ਵਿਚੋਂ ਇਹ ਮਰਿਆ ਜ਼ਹਿਰੀਲਾ ਕੀੜਾ (ਕੰਨ ਖੰਜੂਰਾ) ਮਿਲਣ ਦੀ ਗੱਲ ਆਖੀ ਗਈ ਸੀ ਉਸ ਪੈਕੇਟ ’ਚੋਂ ਟੀਮ ਨੇ ਨਮੂਨਾ ਲੈ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਵੇਰਵਿਆਂ ਅਨੁਸਾਰ ਆਂਗਣਵਾੜੀ ਵਰਕਰ ਚਰਨਜੀਤ ਕੌਰ ਜਦੋਂ ਬੱਚਿਆਂ ਲਈ ਦਲੀਆ ਤਿਆਰ ਕਰਨ ਲੱਗੀ ਤਾਂ ਬੰਦ ਪੈਕੇਟ ਖੋਲਣ ਉੱਤੇ ਉਸ ਵਿਚੋਂ ਮਰਿਆ ਜ਼ਹਿਰੀਲਾ ਕੀੜਾ ਮਿਲਿਆ। ਇਹ ਦਲੀਆ ਅਤੇ ਹੋਰ ਪਦਾਰਥ ਮਾਰਕਫੈੱਡ ਵੱਲੋਂ ਸਪਲਾਈ ਕੀਤੇ ਜਾਂਦੇ ਹਨ ਅਤੇ ਅੱਗੇ ਠੇਕੇਦਾਰੀ ਸਿਸਟਮ ਅਧੀਨ ਸਪਲਾਈ ਹੁੰਦੇ ਹਨ। ਆਲ ਇੰਡੀਆ ਆਂਗੜਵਾੜੀ ਵਰਕਰ ਤੇ ਹੈਲਪਰਜ਼ ਯੂਨੀਅਨ ਪੰਜਾਬ (ਏਟਕ) ਦੀ ਸੂਬਾ ਆਗੂ ਬਲਵਿੰਦਰ ਕੌਰ ਖੋਸਾ ਨੇ ਕਿਹਾ ਕਿ ਜੇਕਰ ਆਂਗਣਵਾੜੀ ਵਰਕਰ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਤਾਂ ਉਹ ਸੰਘਰਸ਼ ਕਰਨਗੇ। ਉਨ੍ਹਾਂ ਕਿਹਾ ਕਿ ਇਸ ਬਾਬਤ ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ (ਸੀਡੀਪੀਓ) ਨਿਹਾਲ ਸਿੰਘ ਵਾਲਾ ਨੂੰ ਚਿਤਾਵਨੀ ਪੱਤਰ ਦਿੱਤਾ ਹੈ।