For the best experience, open
https://m.punjabitribuneonline.com
on your mobile browser.
Advertisement

ਇੱਕ ਦਿਨ ਦੀ ਭੁੱਖ

06:44 AM Dec 11, 2023 IST
ਇੱਕ ਦਿਨ ਦੀ ਭੁੱਖ
Advertisement

ਪ੍ਰਿੰਸੀਪਲ ਵਿਜੈ ਕੁਮਾਰ

Advertisement

ਲੈਕਚਰਾਰਾਂ ਤੋਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ 12-15 ਸਾਲਾਂ ਤੋਂ ਰੁਕੀਆਂ ਹੋਈਆਂ ਸਨ। ਸਾਡੀ ਲੈਕਚਰਾਰਾਂ ਦੀ ਜੱਥੇਬੰਦੀ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਕਰਵਾਉਣ ਲਈ ਪੱਬਾਂ ਭਾਰ ਸੀ ਅਤੇ ਸਰਕਾਰ ਉੱਤੇ ਪੂਰਾ ਦਬਾਅ ਬਣਾਉਣ ਦੇ ਯਤਨ ਕਰ ਰਹੀ ਸੀ। ਹਰ ਸੰਭਵ ਯਤਨ ਕੀਤੇ ਜਾ ਰਹੇ ਸਨ। ਤਹਿਸੀਲ, ਜਿ਼ਲ੍ਹਾ ਅਤੇ ਪ੍ਰਾਂਤਕ ਪੱਧਰ ਉੱਤੇ ਜਥੇਬੰਦਕ ਧਰਨੇ ਕਰ ਕੇ ਸਰਕਾਰੇ ਦਰਬਾਰੇ ਆਪਣੀ ਆਵਾਜ਼ ਪਹੁੰਚਾਉਣ ਦਾ ਉਪਰਾਲਾ ਹੋ ਚੁੱਕਾ ਸੀ। ਬੱਚਿਆਂ ਦੇ ਮਾਪਿਆਂ ਤੋਂ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਤਰੱਕੀਆਂ ਰਾਹੀਂ ਭਰਨ ਦੀ ਕਵਾਇਦ ਕੀਤੀ ਜਾ ਚੁੱਕੀ ਸੀ। ਮੀਡੀਆ ਵਿਚ ਵੀ ਬਹੁਤ ਜ਼ੋਰ-ਸ਼ੋਰ ਨਾਲ ਆਪਣੀ ਮੰਗ ਉਠਾਈ ਜਾ ਚੁੱਕੀ ਸੀ। ਸਿੱਖਿਆ ਮੰਤਰੀ ਉਤੇ ਬਹੁਤ ਜਿ਼ਆਦਾ ਦਬਾਅ ਬਣਨ ਨਾਲ ਉਸ ਨੇ ਜੱਥੇਬੰਦੀ ਨਾਲ ਮੀਟਿੰਗ ਕਰ ਕੇ ਇਹ ਕਹਿ ਕੇ ਬੇਵਸੀ ਜ਼ਾਹਿਰ ਕਰ ਦਿੱਤੀ ਸੀ ਕਿ ਮਾਮਲਾ ਅਦਾਲਤ ਵਿਚ ਹੈ।
ਸਾਰੇ ਰਾਹ ਬੰਦ ਹੋਣ ਬਾਅਦ ਜੱਥੇਬੰਦੀ ਨੇ ਜਿ਼ਲ੍ਹਿਆਂ ਦੇ ਸਾਰੇ ਪ੍ਰਧਾਨਾਂ ਤੇ ਸਕੱਤਰਾਂ ਦੀ ਮੀਟਿੰਗ ਬੁਲਾ ਲਈ। ਸੂਬਾ ਪ੍ਰਧਾਨ ਸਾਡੇ ਜਿ਼ਲ੍ਹੇ ਦਾ ਸੀ। ਉਹ ਮੇਰੇ ਨਾਲ ਨਾਰਾਜ਼ ਸੀ ਕਿਉਂਕਿ ਮੈਂ ਜੱਥੇਬੰਦੀ ਦੀਆਂ ਗਤੀਵਿਧੀਆਂ ਵਿਚ ਹਾਜ਼ਰ ਨਹੀਂ ਹੁੰਦਾ। ਉਸ ਨੇ ਸੂਬਾ ਪੱਧਰੀ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਮੈਨੂੰ ਮੀਟਿੰਗ ਵਿਚ ਬੁਲਾ ਲਿਆ। ਮੈਨੂੰ ਨਾ ਚਾਹੁੰਦੇ ਹੋਏ ਵੀ ਮੀਟਿੰਗ ਵਿਚ ਪਹੁੰਚਣਾ ਪਿਆ। ਮੀਟਿੰਗ ਵਿਚ ਮਤਾ ਪਾਸ ਹੋਇਆ ਕਿ ਜੱਥੇਬੰਦੀ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਲਈ ਅਦਾਲਤ `ਚ ਆਪਣਾ ਵਕੀਲ ਕਰ ਕੇ ਇਹ ਪੱਖ ਪੇਸ਼ ਕਰੇ ਕਿ 12-15 ਸਾਲਾਂ ਤੋਂ ਪ੍ਰਿੰਸੀਪਲਾਂ ਦੀਆਂ ਤਰੱਕੀਆਂ ਨਹੀਂ ਹੋਈਆਂ ਜਿਸ ਕਰ ਕੇ ਸਕੂਲਾਂ ਵਿਚ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ; ਨਾਲ ਹੀ ਸੂਬਾ ਪੱਧਰ ’ਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇ। ਜਿ਼ਲ੍ਹਾ ਪ੍ਰਧਾਨਾਂ ਦੀ ਡਿਊਟੀ ਲੱਗ ਗਈ ਕਿ ਵਕੀਲ ਦੀ ਫੀਸ ਅਤੇ ਹੋਰ ਖਰਚੇ ਲਈ ਸਕੂਲਾਂ ਵਿਚ ਜਾ ਕੇ ਲੈਕਚਰਾਰਾਂ ਤੋਂ ਪੈਸੇ ਇੱਕਠੇ ਕੀਤੇ ਜਾਣ ਤੇ ਲੜੀਵਾਰ ਭੁੱਖ ਹੜਤਾਲ ਲਈ ਲੈਕਕਰਾਰਾਂ ਦੀ ਡਿਊਟੀ ਲਗਾਈ ਜਾਵੇ।
ਸੂਬਾ ਪ੍ਰਧਾਨ ਨੇ ਸੁਝਾਅ ਦਿੱਤਾ ਕਿ ਭੁੱਖ ਹੜਤਾਲ ਉੱਤੇ ਬੈਠਣ ਅਤੇ ਸਕੂਲਾਂ ਵਿਚੋਂ ਪੈਸੇ ਇੱਕਠੇ ਕਰਨ ਲਈ ਸਭ ਤੋਂ ਪਹਿਲਾਂ ਉਨ੍ਹਾਂ ਲੈਕਚਰਾਰਾਂ ਨੂੰ ਭੇਜਿਆ ਜਾਵੇ ਜਿਹੜੇ ਧਰਨੇ ਮੁਜ਼ਾਹਰਿਆਂ ਵਿਚ ਕਦੇ ਨਹੀਂ ਆਏ। ਇਉਂ ਮੇਰੀ ਡਿਊਟੀ ਭੁੱਖ ਹੜਤਾਲ ’ਤੇ ਬੈਠਣ ਵਾਲੇ ਪਹਿਲੇ ਜੱਥੇ ਵਿਚ ਲੱਗ ਗਈ। ਮੈਂ ਭੁੱਖ ਹੜਤਾਲ ’ਤੇ ਬੈਠਣ ਨੂੰ ਹਾਂ ਤਾਂ ਕਰ ਬੈਠਾ ਪਰ ਮੇਰਾ ਮਨ ਮੈਨੂੰ ਵਾਰ ਵਾਰ ਸਵਾਲ ਕਰ ਰਿਹਾ ਸੀ ਕਿ ਤੂੰ ਤਾਂ ਇੱਕ ਘੰਟਾ ਭੁੱਖਾ ਨਹੀਂ ਰਹਿ ਸਕਦਾ, ਇੱਕ ਦਿਨ ਫਾਕਾ ਕਿਵੇਂ ਕੱਟੇਂਗਾ? ਖ਼ੈਰ! ਜਿਵੇਂ ਕਿਵੇਂ ਭੁੱਖ ਹੜਤਾਲ ਉੱਤੇ ਬੈਠਣ ਦਾ ਮਨ ਬਣਾ ਲਿਆ। ਭੁੱਖ ਹੜਤਾਲ ਬਾਅਦ ਦੁਪਹਿਰ 2 ਵਜੇ ਸ਼ੁਰੂ ਹੋ ਕੇ ਦੂਜੇ ਦਿਨ 2 ਵਜੇ ਖ਼ਤਮ ਹੋਣੀ ਸੀ।
ਘਰ ਪਹੁੰਚ ਕੇ ਪਤਨੀ ਨੂੰ ਦੱਸਿਆ ਤਾਂ ਉਸ ਦਾ ਜਵਾਬ ਸੀ, “ਘਰੇ ਤਾਂ ਜੇ ਰੋਟੀ ਨੂੰ ਮਾੜੀ-ਮੋਟੀ ਦੇਰ ਹੋ ਜਾਵੇ ਤਾਂ ਤੁਸੀਂ ਸਾਰਾ ਘਰ ਸਿਰ ’ਤੇ ਚੁੱਕ ਲੈਂਦੇ ਹੋ, ਪੂਰਾ ਦਿਨ ਭੁੱਖੇ ਕਿਵੇਂ ਰਹਿ ਲਵੋਗੇ?” ਉਸ ਦਾ ਪ੍ਰਸ਼ਨ ਸੁਣ ਕੇ ਮੇਰੇ ਪਾਸ ਚੁੱਪ ਰਹਿਣ ਤੋਂ ਬਿਨਾ ਕੋਈ ਚਾਰਾ ਨਹੀਂ ਸੀ; ਉਹ ਕੌੜਾ ਸੱਚ ਬਿਆਨ ਕਰ ਰਹੀ ਸੀ!
ਦੂਜੇ ਦਿਨ ਭੁੱਖ ਹੜਤਾਲ ਉੱਤੇ ਬੈਠਣ ਜਾਣ ਤੋਂ ਪਹਿਲਾਂ ਪਤਨੀ ਨੇ ਰੋਟੀ ਖਾਣ ਲੱਗਿਆਂ ਇੱਕ ਫੁਲਕਾ ਵੱਧ ਖਾਣ ਦੀ ਵਕਾਲਤ ਕੀਤੀ ਪਰ ਫਿ਼ਕਰ ਵਿਚ ਪਹਿਲਾਂ ਨਾਲੋਂ ਵੀ ਘੱਟ ਰੋਟੀ ਖਾਧੀ ਗਈ। ਖ਼ੈਰ! ਦਿੱਤੇ ਸਮੇਂ ਅਨੁਸਾਰ ਚੰਡੀਗੜ੍ਹ, ਸਿੱਖਿਆ ਵਿਭਾਗ ਦੇ ਡਾਇਰੈਕਟਰ ਦੇ ਦਫ਼ਤਰ ਮੂਹਰੇ ਰੱਖੇ ਭੁੱਖ ਹੜਤਾਲ ਵਾਲੇ ਸਥਾਨ ’ਤੇ ਪਹੁੰਚ ਗਿਆ। ਜਥੇਬੰਦੀ ਦੇ ਸੂਬਾ ਪੱਧਰੀ ਨੁਮਾਇੰਦਿਆਂ ਨੇ ਸਾਡੇ ਗਲਾਂ `ਚ ਹਾਰ ਪਾ ਕੇ ਸਾਡਾ ਮਾਨ ਸਨਮਾਨ ਕੀਤਾ। ਭੁੱਖ ਹੜਤਾਲ ’ਤੇ ਬਿਠਾਉਣ ਵਾਲੇ ਆਪਣਾ ਕੰਮ ਮੁਕਾ ਕੇ ਚਲੇ ਗਏ, ਪਿੱਛੇ ਰਹਿ ਗਏ ਕੇਵਲ ਭੁੱਖ ਹੜਤਾਲ ਉੱਤੇ ਬੈਠਣ ਵਾਲੇ ਪੰਜ ਜਣੇ। ਦਸੰਬਰ ਦਾ ਮਹੀਨਾ, ਠੰਢ ਨਾਲ ਸਰੀਰ ਕੰਬਣ। ਅਸੀਂ ਸਾਰੀਆਂ ਅਖਬਰਾਂ ਵੀ ਪੜ੍ਹ ਲਈਆਂ, ਗੱਲਾਂ ਵੀ ਤਕਰੀਬਨ ਮੁੱਕ ਗਈਆਂ। ਬਾਕੀਆਂ ਦੀ ਹਾਲਤ ਵੀ ਮੇਰੇ ਵਰਗੀ ਸੀ।
ਠੰਢ ਆਪਣਾ ਜ਼ੋਰ ਦਿਖਾਉਣ ਲੱਗੀ ਤਾਂ ਸਾਡੇ ’ਚੋਂ ਇੱਕ ਕਹਿਣ ਲੱਗਾ, “ਜੱਥੇਬੰਦੀ ਨੂੰ ਇਹੋ ਜਿਹੀ ਠੰਢ ’ਚ ਭੁੱਖ ਹੜਤਾਲ ਰੱਖਣ ਦੀ ਕੀ ਲੋੜ ਸੀ?” ਦੂਜਾ ਆਖੇ, “ਜਦੋਂ ਅਦਾਲਤ ’ਚ ਹੀ ਕੇਸ ਲੜਨਾ, ਫਿਰ ਭੁੱਖ ਹੜਤਾਲ ਦੇ ਪੰਗੇ ’ਚ ਕਾਹਦੇ ਲਈ ਪੈਣਾ ਸੀ।” ਤੀਜਾ ਕਹਿਣ ਲੱਗਾ, “ਇੱਥੇ ਕੌਣ ਦੇਖਦਾ? ਸਰਦੀ ਤੋਂ ਬਚਣ ਲਈ ਚਾਹ ਤਾਂ ਛਕ ਹੀ ਸਕਦੇ ਆਂ।” ਸਾਡੇ ’ਚੋਂ ਜਿਹੜਾ ਜੱਥੇਬੰਦੀ ਦਾ ਸਰਗਰਮ ਮੈਂਬਰ ਸੀ, ਬੋਲਿਆ, “ਜੇ ਇੱਕ ਰਾਤ ਭੁੱਖੇ ਨਹੀਂ ਰਹਿ ਸਕਦੇ ਸੀ ਤਾਂ ਫਿਰ ਆਉਣ ਤੋਂ ਨਾਂਹ ਕਰ ਦੇਣੀ ਸੀ। ਐਵੇਂ ਨਾ ਗਲਤੀ ਕਰ ਬੈਠਿਓ, ਸੀਆਈਡੀ ਵਾਲੇ ਭੁੱਖ ਹੜਤਾਲ ਵਾਲਿਆਂ ਉੱਤੇ ਪੂਰੀ ਨਜ਼ਰ ਰੱਖਦੇ ਆ।”... ਇਹ ਗੱਲ ਸੁਣ ਕੇ ਸਾਰੇ ਚੁੱਪ ਹੋ ਗਏ। ਸਾਰੇ ਰਜ਼ਾਈ ਵਿਚ ਵੜ ਕੇ ਸੌਂ ਗਏ ਪਰ ਨੀਂਦ ਕਿਸੇ ਨੂੰ ਨਾ ਆਵੇ। ਰਜ਼ਾਈ ਵਿਚ ਪਏ ਨੂੰ ਮੈਨੂੰ ਬਚਪਨ ਦੇ ਉਹ ਦਿਨ ਯਾਦ ਆ ਗਏ ਜਦੋਂ ਡਾਕਟਰ ਮੇਰੇ ਬਿਮਾਰ ਹੋਣ ’ਤੇ ਪਿਤਾ ਜੀ ਨੂੰ ਕਹਿੰਦਾ ਹੁੰਦਾ ਸੀ ਕਿ ਕੱਲ੍ਹ ਤੱਕ ਇਸ ਨੂੰ ਭੁੱਖੇ ਪੇਟ ਰੱਖਣਾ ਹੈ। ਮੈਂ ਦਿਨ `ਚ ਮਾਂ ਨੂੰ ਸੌ ਵਾਰ ਭੁੱਖ ਲੱਗਣ ਦੀ ਗੱਲ ਕਹਿ ਦਿੰਦਾ ਹੁੰਦਾ ਸੀ।... ਫਿਰ ਜਦੋਂ ਭੁੱਖ ਬਰਦਾਸ਼ਤ ਹੀ ਨਾ ਹੋਈ ਤਾਂ ਵਾਸ਼ਰੂਮ ਦੇ ਬਹਾਨੇ ਛੋਲੇ-ਭਟੂਰਿਆਂ ਦੀ ਦੁਕਾਨ ’ਤੇ ਪਹੁੰਚ ਗਿਆ। ਛੋਲੇ-ਭਟੂਰੇ ਦੇਖ ਕੇ ਤਾਂ ਇਵੇਂ ਲੱਗਾ ਕਿ ਪਤਾ ਨਹੀਂ ਕਿੰਨੇ ਦਿਨਾਂ ਦਾ ਭੁੱਖਾ ਹਾਂ। ਜੇਬ ਵਿਚੋਂ ਪੈਸੇ ਕੱਢ ਕੇ ਦੁਕਾਨਦਾਰ ਨੂੰ ਇਹ ਕਹਿਣ ਲਈ ਅੱਗੇ ਹੋਇਆ ਹੀ ਸਾਂ ਕਿ ਉਹ ਪਹਿਲਾਂ ਮੈਨੂੰ ਛੋਲੇ-ਭਟੂਰਿਆਂ ਦੀ ਪਲੇਟ ਦੇ ਦੇਵੇ, ਮੇਰੀ ਆਤਮਾ ਨੇ ਮੇਰੇ ਮਨ ਨੂੰ ਕਾਬੂ ਕਰ ਲਿਆ। ਆਤਮਾ ਨੇ ਸਵਾਲ ਕੀਤਾ, “ਤੂੰ ਇੰਨਾ ਕਮਜ਼ੋਰ ਹੈਂ ਕਿ ਇੱਕ ਦਿਨ ਵੀ ਭੁੱਖਾ ਨਹੀਂ ਰਹਿ ਸਕਦਾ? ਤੇਰੀ ਮਾਂ ਵਰਤ ਰੱਖ ਕੇ ਕਈ ਕਈ ਦਿਨ ਭੁੱਖੀ ਰਹਿੰਦੀ ਹੈ। ਇਹ ਤੇਰੀ ਪ੍ਰੀਖਿਆ ਹੈ, ਪਾਸ ਫੇਲ੍ਹ ਹੋਣਾ ਹੁਣ ਤੇਰੇ ’ਤੇ ਨਿਰਭਰ ਹੈ...।” ਤੇ ਮੈਂ ਬਿਨਾ ਕੁਝ ਖਾਧੇ ਮੁੜ ਆਇਆ।
ਬਿਸਤਰੇ ਵਿਚ ਵੜਦਿਆਂ ਹੀ ਨੀਂਦ ਆ ਗਈ। ਦੂਜੇ ਦਿਨ ਅਖ਼ਬਾਰਾਂ ਪੜ੍ਹਦਿਆਂ, ਗੱਲਾਂ ਕਰਦਿਆਂ ਅਤੇ ਇੱਧਰ ਉੱਧਰ ਦੀ ਰੌਣਕ ਦੇਖਦਿਆਂ ਦਿਨ ਲੰਘ ਗਿਆ। ਭੁੱਖ ਹੜਤਾਲ ਦਾ ਸਮਾਂ ਖਤਮ ਹੋਣ ਤੋਂ ਪਹਿਲਾਂ ਉਨ੍ਹਾਂ ਪੰਜਾਂ ਵਿਚੋਂ ਇੱਕ ਜਣਾ ਕਹਿਣ ਲੱਗਾ, “ਮੈਂ ਤੇਰੇ ਮਗਰ ਗਿਆ ਸੀ, ਤੂੰ ਦੁਕਾਨ ਉੱਤੇ ਜਾ ਕੇ ਵੀ ਬਿਨਾ ਖਾਧੇ ਕਿਉਂ ਮੁੜ ਆਇਆ?”
“ਮੈਂ ਆਤਮਾ ਦੀ ਆਵਾਜ਼ ਸੁਣ ਲਈ ਸੀ।” ਸਾਰੇ ਹੱਸ ਪਏ। ਘਰ ਮੁੜਦਾ ਹੋਇਆ ਸੋਚ ਰਿਹਾ ਸਾਂ- ਮੇਰੀ ਤਰੱਕੀ ਹੋ ਗਈ ਹੈ!
ਉਸ ਦਿਨ ਦੀ ਇੱਕ ਦਿਨ ਦੀ ਭੁੱਖ ਨੂੰ ਲੈ ਕੇ ਅਕਸਰ ਸੋਚਦਾ ਰਹਿੰਦਾ ਹਾਂ ਕਿ ਜਿਹੜੇ ਲੋਕ ਸੜਕਾਂ, ਰੇਲਵੇ ਸਟੇਸ਼ਨਾਂ, ਫੁੱਟਪਾਥਾਂ ਉੱਤੇ ਅਤੇ ਝੁੱਗੀ-ਝੌਂਪੜੀਆਂ ਵਿਚ ਭੁੱਖੇ ਹੀ ਸੌਂ ਜਾਂਦੇ ਹਨ, ਉਹ ਜਿ਼ੰਦਗੀ ਕਿਸ ਤਰ੍ਹਾਂ ਬਸਰ ਕਰਦੇ ਹੋਣਗੇ?
ਸੰਪਰਕ: vijaykumarbehki@gmail.com

Advertisement
Author Image

Advertisement
Advertisement
×