For the best experience, open
https://m.punjabitribuneonline.com
on your mobile browser.
Advertisement

ਕੰਪਾਸ ਨਾਲ ਘੁੰਮਦਿਆਂ ਬਿਤਾਇਆ ਦਿਨ...

07:44 AM Sep 29, 2024 IST
ਕੰਪਾਸ ਨਾਲ ਘੁੰਮਦਿਆਂ ਬਿਤਾਇਆ ਦਿਨ
ਵੈਨਕੂਵਰ ਬੰਦਰਗਾਹ ’ਤੇ ਬਣੀ ‘ਕੌਮਾਗਾਟਾ ਮਾਰੂ ਪਲੇਸ’ ਵਿਖੇ ਲੇਖਕ।
Advertisement

ਮਨਦੀਪ ਸਿੰਘ ਸੇਖੋਂ (ਪਮਾਲ)
ਸਾਨੂੰ ਕੈਨੇਡਾ ਪਹੁੰਚਿਆਂ ਨੂੰ ਤੀਜਾ ਕੁ ਦਿਨ ਸੀ। ਸਵੇਰੇ ਥੋੜ੍ਹਾ ਛੇਤੀ ਉੱਠ ਕੇ ਤਿਆਰ ਹੋਏ। ਚਾਹ-ਪਾਣੀ ਪੀਣ ਉਪਰੰਤ ਬੇਟੀ ਨੋਬਲ ਨੇ ਸਾਡੇ ਹੱਥਾਂ ਵਿੱਚ ਕੰਪਾਸ ਕਾਰਡ ਫੜਾ ਦਿੱਤੇ। ਇਹ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਆਮ ਲੋਕਾਂ ਨੂੰ ਮੁੱਹਈਆ ਕਰਵਾਏ ਗਏ ਆਵਾਜਾਈ ਦੇ ਸਾਧਨਾਂ; ਬੱਸਾਂ, ਸਕਾਈ ਟ੍ਰੇਨਾਂ ਅਤੇ ਸਮੁੰਦਰੀ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਪ੍ਰੀ-ਪੇਡ ਪਾਸ ਹੁੰਦੇ ਹਨ ਜੋ ਬਹੁਤ ਹੀ ਘੱਟ ਕੀਮਤ ’ਤੇ ਪ੍ਰਤੀ ਦਿਨ ਜਾਂ ਮਾਸਿਕ ਸਹੂਲਤ ਲਈ ਖਰੀਦੇ ਜਾ ਸਕਦੇ ਹਨ। ਇਹ ਆਮ ਯਾਤਰੀਆਂ ਖ਼ਾਸਕਰ ਵਿਦਿਆਰਥੀਆਂ ਲਈ ਬਹੁਤ ਵਧੀਆ ਸਹੂਲਤ ਹੈ। ਇੱਥੇ 11 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਸਫ਼ਰ ਮੁਫ਼ਤ ਹੈ।
ਵ੍ਹਾਈਟ ਰੌਕ ਵਿਖੇ ਲਈ ਏਅਰ ਬੀ-ਐਨ-ਬੀ (ਐਪ ਰਾਹੀਂ ਕਿਰਾਏ ਦੇ ਘਰ; ਜਿਸ ਵਿੱਚ ਬੈੱਡਰੂਮ, ਵਾਸ਼ਰੂਮ, ਰਸੋਈ, ਲੌਂਡਰੀ ਆਦਿ ਉਪਲੱਬਧ ਹੁੰਦਾ ਹੈ) ਤੋਂ ਨਿਕਲ ਕੇ ਅਸੀਂ ਬੱਸ ਸਟੈਂਡ ਤੋਂ ਬ੍ਰਿੱਜ ਪੋਰਟ ਲਈ ਬੱਸ ਫੜ ਲਈ। ਇਸ ਡਬਲ-ਡੈਕਰ ਬੱਸ ਦੀ ਅਗਲੀ ਤਾਕੀ ਚੜ੍ਹੇ ਤਾਂ ਪੰਜਾਬੀ ਬੱਸ ਡਰਾਈਵਰ ਨੇ ਮੁਸਕਰਾ ਕੇ ਫਤਹਿ ਬੁਲਾਈ। ਅਸੀਂ ਵੀ ਪੂਰੇ ਸਤਿਕਾਰ ਨਾਲ ਜਵਾਬ ਦਿੱਤਾ ਅਤੇ ਫਿਰ ਸਕੈਨਰ ’ਤੇ ਆਪਣੇ ਕੰਪਾਸ ਕਾਰਡ ਸਕੈਨ ਕਰ ਕੇ, ਅੱਗੇ ਬਣੀ ਨਿੱਕੀ ਜਿਹੀ ਪੌੜੀ ਚੜ੍ਹਦਿਆਂ ਉੱਪਰਲੀ ਮੰਜ਼ਿਲ ’ਤੇ ਅਗਲੇ ਸ਼ੀਸ਼ੇ ਕੋਲ ਸੀਟਾਂ ਜਾ ਮੱਲੀਆਂ। ਮੌਸਮ ਬਹੁਤ ਸੁਹਾਵਣਾ ਸੀ। ਮਨਮੋਹਕ ਦਰੱਖਤਾਂ ਵਿਚਕਾਰ ਬਣੀਆਂ ਸਿੱਧੀਆਂ ਚੌੜੀਆਂ-ਚੌੜੀਆਂ ਸੜਕਾਂ ’ਤੇ ਦੌੜ ਰਹੀਆਂ ਰੰਗ-ਬਰੰਗੀਆਂ ਗੱਡੀਆਂ ਹੋਰ ਵੀ ਸੋਹਣੀਆਂ ਲੱਗ ਰਹੀਆਂ ਸਨ। ਥੋੜ੍ਹੀ-ਥੋੜ੍ਹੀ ਦੂਰ ਬਣੇ ਬੱਸ ਅੱਡਿਆਂ ਤੋਂ ਸਵਾਰੀਆਂ ਆਰਾਮ ਨਾਲ ਉਤਰ ਅਤੇ ਚੜ੍ਹ ਰਹੀਆਂ ਸਨ ਜਿਨ੍ਹਾਂ ਵਿੱਚ ਬਹੁਗਿਣਤੀ ਪਾੜ੍ਹਿਆਂ ਦੀ ਸੀ। ਸਰੀ, ਵੈਨਕੂਵਰ, ਰਿਚਮੰਡ, ਬਰਨਬੀ ਆਦਿ ਇਲਾਕਿਆਂ ਵਿੱਚ ਇਹ ਸੈਂਕੜੇ ਬੱਸਾਂ, ਹਰ ਦਿਨ ਲਗਭਗ 20-22 ਘੰਟੇ ਚਲਦੀਆਂ ਰਹਿੰਦੀਆਂ ਹਨ। ਸਰਕਾਰ ਵੱਲੋਂ ਇਹ ਸਹੂਲਤ 1975 ਵਿੱਚ ਸ਼ੁਰੂ ਕੀਤੀ ਗਈ ਸੀ। ਸ਼ਹਿਰ ਤੋਂ ਬਾਹਰ ਨਿਕਲਦਿਆਂ ਹੀ ਸੜਕ ਦੇ ਦੋਵੇਂ ਪਾਸੇ ਬਲੈਕਬੈਰੀ ਅਤੇ ਸਟ੍ਰਾਅਬਰੀ ਦੇ ਵੱਡੇ-ਵੱਡੇ ਖੇਤ ਵੇਖੇ ਜਿੱਥੇ ਅਣ-ਸਿੱਖਿਅਤ ਕਾਮਿਆਂ ਨੂੰ ਕੰਮ ਸੌਖਾ ਮਿਲ ਜਾਂਦਾ ਹੈ। ਤਕਰੀਬਨ ਘੰਟੇ ਕੁ ਬਾਅਦ ਅਸੀਂ ਬ੍ਰਿੱਜ ਪੋਰਟ ਬੱਸ ਅੱਡੇ ’ਤੇ ਜਾ ਉਤਰੇ।
ਸੌ ਕੁਝ ਗਜ਼ ਤੁਰ ਕੇ ਅਸੀਂ ਸਕਾਈ-ਟ੍ਰੇਨ ਸਟੇਸ਼ਨ ’ਤੇ ਜਾ ਪਹੁੰਚੇ। ਅੰਦਰ ਵੜਦਿਆਂ ਹੀ ਬਣੇ ਲਾਂਘਿਆਂ ਦੀਆਂ ਛੋਟੀਆਂ-ਛੋਟੀਆਂ ਖਿੜਕੀਆਂ, ‘ਕੰਪਾਸ’ ਕਾਰਡ ਸਕੈਨਰ ’ਤੇ ਰੱਖਦਿਆਂ ਹੀ ਸਾਡੇ ਲੰਘਣ ਲਈ ਖੁੱਲ੍ਹ ਗਈਆਂ। ਪੌੜੀਆਂ ਚੜ੍ਹ ਕੇ ਅਸੀਂ ਪਲੇਟਫਾਰਮ ’ਤੇ ਜਾ ਪਹੁੰਚੇ। ਦੋ ਕੁ ਮਿੰਟ ਬਾਅਦ ਸਕਾਈ-ਟ੍ਰੇਨ ਆ ਗਈ ਅਤੇ ਅਸੀਂ ਕੈਨੇਡਾ ਪਲੇਸ ਲਈ ਸਵਾਰ ਹੋ ਗਏ।
ਸਕਾਈ-ਟ੍ਰੇਨ ਦੀ ਸਹੂਲਤ ਇੱਥੇ ਆਵਾਜਾਈ ਦੀ ਰੀੜ੍ਹ ਦੀ ਹੱਡੀ ਹੈ। ਬੀ.ਸੀ. ਟ੍ਰਾਂਜਿਟ ਦੀਆਂ ਇਹ ਸਕਾਈ ਟ੍ਰੇਨਾਂ ਵੈਨਕੂਵਰ, ਸਰੀ, ਰਿਚਮੰਡ ਅਤੇ ਬਰਨਬੀ ਦੇ ਜ਼ਿਆਦਾ ਭੀੜ ਵਾਲੇ ਇਲਾਕਿਆਂ ਵਿੱਚ ਤਿੰਨ ਵੱਖਰੀਆਂ-ਵੱਖਰੀਆਂ ਸ਼੍ਰੇਣੀਆਂ ’ਚ ਬਣੀਆਂ ਪਟੜੀਆਂ ’ਤੇ ਤਕਰੀਬਨ 80 ਕਿਲੋਮੀਟਰ ਵਿੱਚ ਬਣੇ 53 ਮੈਟਰੋ ਸਟੇਸ਼ਨਾਂ ਨੂੰ ਆਪਸ ਵਿੱਚ ਜੋੜ ਕੇ ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਇੱਧਰ-ਉੱਧਰ ਲਿਜਾਂਦੀਆਂ ਹਨ। ਇਹ ਟ੍ਰੇਨਾਂ ਪੂਰੀ ਤਰ੍ਹਾਂ ਆਟੋਮੈਟਿਕ ਹਨ, ਜੋ ਬਿਨਾਂ ਕਿਸੇ ਮਨੁੱਖੀ ਸਹਾਇਤਾ ਤੋਂ ਦੇਰ ਰਾਤ ਤੱਕ ਚਲਦੀਆਂ ਹਨ। ਕੁਝ ਸਮੇਂ ਵਿੱਚ ਹੀ ਅਸੀਂ ਵਾਟਰ ਫਰੰਟ ਸਕਾਈ ਟ੍ਰੇਨ ਸਟੇਸ਼ਨ ’ਤੇ ਆ ਪਹੁੰਚੇ। ਇੱਥੋਂ ਨਿਕਲ ਕੇ ਬਾਹਰ ਆਏ ਤਾਂ ਡਾਊਨ ਟਾਊਨ ਵੈਨਕੂਵਰ ਦੀਆਂ ਖ਼ੂਬਸੂਰਤ ਇਮਾਰਤਾਂ ਵੇਖ ਕੇ ਵੱਖਰੀ ਦੁਨੀਆ ਵਿੱਚ ਹੋਣ ਦਾ ਆਭਾਸ ਹੋਇਆ।
ਇੱਥੇ ਬਣੀਆਂ ਲਗਭਗ ਸਾਰੀਆਂ ਹੀ ਇਮਾਰਤਾਂ ਦੀ ਖ਼ੂਬਸੂਰਤੀ ਵੇਖ ਕੇ ਭੁੱਖ ਲਹਿੰਦੀ ਹੈ। ਜਾਰਜੀਆ ਅਤੇ ਗ੍ਰੈਨਵਿਲ ਸਟ੍ਰੀਟਸ ਦੇ ਭੀੜ ਵਾਲੇ ਚੌਰਾਹੇ ਨੇੜੇ 1912 ਵਿੱਚ ਬਣੀ 15 ਮੰਜ਼ਿਲੀ ਖ਼ੂਬਸੂਰਤ ਵਪਾਰਕ ਇਮਾਰਤ ਵੈਨਕੂਵਰ ਬਲਾਕ ਇੱਕ ਵੱਡੇ ਘੜੀ ਟਾਵਰ ਨਾਲ ਹੋਰ ਇਮਾਰਤਾਂ ਤੋਂ ਵੱਖਰੀ ਵਿਖਾਈ ਦਿੰਦੀ ਹੈ। ਕੁਝ ਅੱਗੇ ਵਧੇ ਤਾਂ ਲਾਲ ਰੰਗ ਦੀ ਇੱਕ ਹੋਰ ਖ਼ੂਬਸੂਰਤ ਦਿੱਖ ਵਾਲੀ ਵਿਸ਼ਾਲ ਇਮਾਰਤ ਨੇ ਸਾਡਾ ਧਿਆਨ ਆਪਣੇ ਵੱਲ ਖਿੱਚਿਆ। ਇਹ ਵਾਟਰ ਫਰੰਟ ਰੇਲਵੇ ਸਟੇਸ਼ਨ ਹੈ, ਜਿਸ ਦੀ ਉਸਾਰੀ 1914 ਵਿੱਚ ਹੋਈ ਸੀ।
ਅਸੀਂ ਇਸ ਇਲਾਕੇ ਵਿੱਚ ਘੁਮੱਕੜਾਂ ਦੀ ਵਿਸ਼ੇਸ਼ ਖਿੱਚ ਦੇ ਕੇਂਦਰ ‘ਕੈਨੇਡਾ ਪਲੇਸ’ ਵੱਲ ਜਾਂਦਿਆਂ ਰੋਜ਼ਰਜ ਟਾਵਰ ਨਾਂ ਦੀ ਆਧੁਨਿਕ ਤਕਨੀਕ ਨਾਲ ਬਣੀ ਇਮਾਰਤ ਵੇਖੀ ਜਿਸ ਦੀਆਂ 41 ਮੰਜ਼ਿਲਾਂ ਅਤੇ ਉਚਾਈ 149 ਮੀਟਰ ਹੈ। ਇਸ ਦੀ ਉਸਾਰੀ 2004 ਵਿੱਚ ਮੁਕੰਮਲ ਹੋਈ ਸੀ। ਇਹ ਵੈਨਕੂਵਰ ਵਿੱਚ ਸੱਤਵੀਂ ਸਭ ਤੋਂ ਉੱਚੀ ਇਮਾਰਤ ਹੈ ਜਿਸ ਵਿੱਚ ਦਫ਼ਤਰ ਅਤੇ ਵਪਾਰਕ ਅਦਾਰੇ ਬਣੇ ਹੋਏ ਹਨ।
ਪ੍ਰਸ਼ਾਂਤ ਮਹਾਂਸਾਗਰ ਦੇ ਕੰਢੇ ਵੈਨਕੂਵਰ ਬੰਦਰਗਾਹ ’ਤੇ ਬਣੀ ਕੈਨੇਡਾ ਪਲੇਸ ਵੈਨਕੂਵਰ ਘੁੰਮਣ ਵਾਲਿਆਂ ਲਈ ਮੁੱਖ ਆਕਰਸ਼ਣ ਹੈ। ਇਸੇ ਬੰਦਰਗਾਹ ’ਤੇ 4 ਅਪਰੈਲ 1914 ਨੂੰ ਕੌਮਾਗਾਟਾ ਮਾਰੂ ਜਹਾਜ਼ ਰਾਹੀਂ 376 ਭਾਰਤੀ ਕੈਨੇਡਾ ਵਿਖੇ ਕੰਮ ਦੀ ਭਾਲ ਪਹੁੰਚੇ ਸਨ ਜਿਨ੍ਹਾਂ ਵਿੱਚ 337 ਸਿੱਖ ਯਾਤਰੀ ਸਨ। ਕੈਨੇਡਾ ਦੀ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਇੱਥੋਂ ਵਾਪਸ ਹਿੰਦੋਸਤਾਨ ਭੇਜ ਦਿੱਤਾ ਅਤੇ ਫਿਰ ਇਸ ਜਹਾਜ਼ ਦੇ ਬਜਬਜ ਘਾਟ ਕਲਕੱਤਾ ਪਹੁੰਚਣ ’ਤੇ ਵੱਡੀ ਇਤਿਹਾਸਕ ਘਟਨਾ ਵਾਪਰੀ। ਇੱਥੇ ਉਨ੍ਹਾਂ ਭਾਰਤੀਆਂ ਦੀ ਯਾਦਗਾਰ ਸਥਾਪਿਤ ਕੀਤੀ ਹੋਈ ਹੈ। ਚਾਰ ਅਪਰੈਲ 2024 ਨੂੰ ਸਰਕਾਰ ਵੱਲੋਂ ਕੈਨੇਡਾ ਪਲੇਸ ਨੂੰ ‘ਕੌਮਾਗਾਟਾ ਮਾਰੂ ਪਲੇਸ’ ਦਾ ਨਾਂ ਦਿੱਤਾ ਗਿਆ ਹੈ। ਸਮੁੰਦਰ ਕੰਢੇ ਬਣੀ ਵਿਸ਼ਾਲ ਇਮਾਰਤ ਨੂੰ ਖ਼ੂਬਸੂਰਤ ਸਮੁੰਦਰੀ ਜਹਾਜ਼ ਦਾ ਰੂਪ ਦਿੱਤਾ ਹੋਇਆ ਹੈ ਜਿਸ ਵਿੱਚ ਵੈਨਕੂਵਰ ਕਨਵੈਨਸ਼ਨ ਸੈਂਟਰ, ਪੈਨ ਪੈਸੀਫਿਕ ਵੈਨਕੂਵਰ ਹੋਟਲ, ਵੈਨਕੂਵਰ ਵਰਲਡ ਟ੍ਰੇਡ ਸੈਂਟਰ ਆਦਿ ਵੱਡੇ ਵਪਾਰਕ ਅਦਾਰੇ ਬਣੇ ਹੋਏ ਹਨ।
ਅਸੀਂ ਲੰਮਾ ਸਮਾਂ ਇੱਥੇ ਦੀਆਂ ਮਨਮੋਹਕ ਇਮਾਰਤਾਂ, ਸਮੁੰਦਰੀ ਲਹਿਰਾਂ, ਰੋਮਾਂਚਕ ਹਵਾ ਅਤੇ ਆਲ਼ੇ-ਦੁਆਲੇ ਦੀ ਕੁਦਰਤੀ ਸੁੰਦਰਤਾ ਨੂੰ ਨਿਹਾਰਿਆ। ਇੱਥੇ ਕਰੂਜ਼ ਜਹਾਜ਼ ਯਾਤਰੀ ਟਰਮੀਨਲ ਵੀ ਹੈ। ਅਸੀਂ ਅਲਾਸਕਾ ਜਾਣ ਵਾਲੇ ਅਤਿ-ਆਧੁਨਿਕ ਸਹੂਲਤਾਂ ਵਾਲੇ ਬਹੁ-ਮੰਜ਼ਿਲੇ ਕਰੂਜ਼ ਵੀ ਵੇਖੇ ਜਿਨ੍ਹਾਂ ਵਿੱਚ ਸਫ਼ਰ ਕਰਨ ਦਾ ਆਪਣਾ ਆਨੰਦ ਹੈ।
ਸ਼ਾਮ ਪੰਜ ਕੁ ਵਜੇ ਅਸੀਂ ‘ਕੰਪਾਸ’ ਤਹਿਤ ਮਿਲਣ ਵਾਲੀ ਤੀਜੀ ਕਿਸਮ ਦੀ ਆਵਾਜਾਈ ਸਹੂਲਤ ਦੇ ਸਫ਼ਰ ਦਾ ਆਨੰਦ ਮਾਣਨ ਲਈ ਇੱਥੋਂ ਉੱਤਰੀ ਵੈਨਕੂਵਰ ਜਾਣ ਵਾਲੀ ਸਮੁੰਦਰੀ ਬੱਸ ਵਿੱਚ ਜਾ ਬੈਠੇ। ਇਸ ਬੱਸ ਵਿੱਚ 300 ਤੋਂ ਵੱਧ ਸਵਾਰੀਆਂ ਬੈਠ ਸਕਦੀਆਂ ਹਨ। ਬੱਸ ਦੇ ਚਾਰੇ ਪਾਸੇ ਲੱਗੇ ਵੱਡੇ-ਵੱਡੇ ਸ਼ੀਸ਼ਿਆਂ ਵਿੱਚੋਂ ਨੀਲੇ ਪਾਣੀ ਦੀਆਂ ਮਨਮੋਹਕ ਲਹਿਰਾਂ, ਸਮੁੰਦਰ ਦੇ ਕੰਢੇ ਹਵਾ ਨਾਲ ਸਰਕਦੇ ਉੱਚੇ-ਉੱਚੇ ਦਰੱਖਤ ਅਤੇ ਆਸਮਾਨ ਛੂੰਹਦੀਆਂ ਇਮਾਰਤਾਂ ਬੇਹੱਦ ਖ਼ੂਬਸੂਰਤ ਲੱਗਦੀਆਂ ਹਨ। ਤਕਰੀਬਨ 12 ਮਿੰਟ ਵਿੱਚ ਅਸੀਂ ਦੂਜੇ ਪਾਸੇ ਪਹੁੰਚ ਗਏ।
ਟਰਮੀਨਲ ਤੋਂ ਬਾਹਰ ਨਿਕਲਦਿਆਂ ਹੀ ਠੰਢ ਮਹਿਸੂਸ ਹੋਣ ਲੱਗ ਪਈ। ਅਸੀਂ ਆਲੇ-ਦੁਆਲੇ ਵੱਲ ਨਜ਼ਰਾਂ ਦੌੜਾਈਆਂ। ਉੱਤਰੀ ਵੈਨਕੂਵਰ ਦਾ ਇਲਾਕਾ ਬਹੁਤ ਵਿਸ਼ਾਲ ਹੈ। ਦੂਰ-ਦੂਰ ਤੱਕ ਹਰੇ-ਭਰੇ ਘਾਹ ਦੇ ਮੈਦਾਨ, ਘਰ, ਵੱਡੀਆਂ ਇਮਾਰਤਾਂ ਅਤੇ ਸੜਕਾਂ ’ਤੇ ਬੱਸਾਂ-ਗੱਡੀਆਂ ਵਿਖਾਈ ਦੇ ਰਹੀਆਂ ਸਨ। ਬਹੁਤ ਸਾਰੇ ਸੈਲਾਨੀ ਸਾਈਕਲਾਂ ’ਤੇ ਆਨੰਦ ਮਾਣਦੇ ਨਜ਼ਰ ਆ ਰਹੇ ਸਨ। ਮੈਂ ਵੇਖਿਆ ਕਿ ਸਮੁੰਦਰ ਕੰਢੇ ਲੱਗੇ ਲੋਹੇ ਦੇ ਜੰਗਲੇ ਦੀ ਜਾਲੀ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਜਿੰਦਰੇ ਲੱਗੇ ਹੋਏ ਸਨ ਜਿਨ੍ਹਾਂ ਉੱਤੇ ਪ੍ਰੇਮੀ ਜੋੜਿਆਂ ਦੇ ਨਾਂ ਲਿਖੇ ਹੋਏ ਸਨ। ਸ਼ਾਇਦ ਉਹ ਆਪਣੀ ਕਾਮਨਾ ਮੰਗਦਿਆਂ ਜਿੰਦਰਾ ਜਾਲੀ ਨਾਲ ਲਗਾ ਕੇ ਕੁੰਜੀ ਸਮੁੰਦਰ ਵਿੱਚ ਸੁੱਟ ਦਿੰਦੇ ਹੋਣਗੇ। ਕੁਝ ਸਮਾਂ ਇੱਧਰ-ਉੱਧਰ ਟਹਿਲਣ ਤੋਂ ਬਾਅਦ ਅਸੀਂ ਵਾਪਸੀ ਵਾਲੀ ਸਮੁੰਦਰੀ ਬੱਸ ਵਿੱਚ ਬੈਠ ਗਏ। ਫਿਰ ਅੱਗੋਂ ਸਕਾਈ-ਟ੍ਰੇਨ ਅਤੇ ਬੱਸ ਰਾਹੀਂ ਸਿਰਫ਼ ਗਿਆਰਾਂ-ਗਿਆਰਾਂ ਡਾਲਰਾਂ ਦੇ ‘ਕੰਪਾਸ ਕਾਰਡ’ ਨਾਲ ਪੂਰਾ ਦਿਨ ਘੁੰਮ ਕੇ ਘਰ ਵਾਪਸ ਆ ਵੜੇ।
ਸੰਪਰਕ: 94643-68055

Advertisement

Advertisement
Advertisement
Author Image

sanam grng

View all posts

Advertisement