ਇਕ ਦਿਨ ਦਾ ਅਫਸਰ
ਪ੍ਰਿੰ. ਨਰਿੰਦਰ ਸਿੰਘ
ਸ਼ੁਰੂ ਤੋਂ ਹੀ ਪੁਲੀਸ ਜਾਂ ਫੌਜ ਵਿਚ ਜਾਣ ਦੀ ਇਛਾ ਸੀ। ਬੀਐੱਸਸੀ ਕਰਦੇ ਸਮੇਂ ਪੰਜਾਬ ਪੁਲੀਸ ਵਿਚ ਏਐੱਸਆਈ ਦੀਆਂ ਅਸਾਮੀਆਂ ਨਿੱਕਲੀਆਂ। ਅਰਜ਼ੀ ਦਿੱਤੀ, ਕੁਝ ਦੇਰ ਬਾਅਦ ਇੰਟਰਵਿਊ ਆ ਗਈ ਜੋ ਪੀਏਪੀ ਗਰਾਊਂਡ ਜਲੰਧਰ ਵਿਖੇ ਸੀ। ਇੰਟਰਵਿਊ ਵਾਲੇ ਦਿਨ ਪੀਏਪੀ ਗਰਾਊਂਡ ਜਲੰਧਰ ਜਦੋਂ ਪਹੁੰਚੇ ਤਾਂ ਪਤਾ ਲੱਗਿਆ ਕਿ ਇੰਟਰਵਿਊ ਰੱਦ ਹੋ ਗਈ ਹੈ।
ਐੱਮਐੱਸਸੀ ਦੌਰਾਨ ਫੌਜ ਵਿਚ ਸੈਕਿੰਡ ਲੈਫਟੀਨੈਂਟ ਲਈ ਅਪਲਾਈ ਕੀਤਾ। ਇੰਟਰਵਿਊ ’ਤੇ ਬੁਲਾਇਆ ਗਿਆ ਪਰ ਤਿਆਰੀ ਪੂਰੀ ਨਾ ਹੋਣ ਕਾਰਨ ਇੰਟਰਵਿਊ ’ਤੇ ਨਹੀਂ ਪਹੁੰਚਿਆ; ਸੋਚਿਆ, ਅਗਲੀ ਇੰਟਰਵਿਊ ਲਈ ਜਾਵਾਂਗਾ, ਇੰਟਰਵਿਊ ਲਈ ਦੂਜਾ ਮੌਕਾ ਵੀ ਸੀ। ਕੁਝ ਦਿਨਾਂ ਬਾਅਦ ਹੀ ਦੂਜੀ ਇੰਟਰਵਿਊ ਦੀ ਚਿੱਠੀ ਆਈ। ਇੰਟਰਵਿਊ ਬੰਗਲੌਰ ਸੀ। ਕਿਸੇ ਕਾਰਨ ਇੰਟਰਵਿਊ ਦੀ ਚਿੱਠੀ ਲੇਟ ਪਹੁੰਚੀ ਜਿਸ ਕਾਰਨ ਦੂਜੀ ਇੰਟਰਵਿਊ ਵੀ ਰਹਿ ਗਈ।
ਖਾੜਕੂਵਾਦ ਦਾ ਦੌਰ ਸੀ। ਸਰਕਾਰੀ ਭਰਤੀਆਂ ਲਗਭਗ ਬੰਦ ਸਨ। ਕੁਝ ਮਹੀਨਿਆਂ ਬਾਅਦ ਇਕ ਪਬਲਿਕ ਸਕੂਲ ਵਿਚ ਪੀਜੀਟੀ (ਪੋਸਟ ਗਰੈਜੂਏਟ ਟੀਚਰ) ਦੀ ਨੌਕਰੀ ਮਿਲ ਗਈ। ਬਹੁਤ ਵਧੀਆ ਸਕੂਲ, ਕਮਾਲ ਦੇ ਵਿਦਿਆਰਥੀ, ਬਹੁਤ ਕਾਬਿਲ ਪ੍ਰਿੰਸੀਪਲ ਤੇ ਚੰਗੀ ਤਨਖਾਹ। ਸਕੂਲ ਵਿਚ ਚੰਗਾ ਜੀਅ ਲੱਗ ਗਿਆ। ਕੁਝ ਸਾਲ ਨੌਕਰੀ ਕਰਨ ਤੋਂ ਬਾਅਦ ਸਰਕਾਰੀ ਅਧਿਆਪਕ ਵਜੋਂ ਨੌਕਰੀ ਕਰਨ ਬਾਰੇ ਸੋਚਿਆ। ਸਰਕਾਰੀ ਕਾਲਜ ਵਿਚ ਜਾਣ ਲਈ ਐੱਮਫਿਲ ਲਾਜ਼ਮੀ ਸੀ ਪਰ ਐੱਮਫਿਲ ਕਰਨ ਲਈ ਮਨ ਤਿਆਰ ਨਹੀਂ ਸੀ। ਸਰਕਾਰੀ ਸਕੂਲ ਵਿਚ ਜਾਣ ਲਈ ਬੀਐੱਡ ਜ਼ਰੂਰੀ ਸੀ। ਮਨ ਬੇਸ਼ਕ ਤਿਆਰ ਨਹੀਂ ਸੀ ਪਰ ਬੀਐੱਡ ਕਰਨੀ ਪਈ।
ਬੀਐੱਡ ਕਰਨ ਤੋਂ ਸਾਲ ਕੁ ਬਾਅਦ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਲੈਕਚਰਾਰਾਂ ਦੀਆਂ ਅਸਾਮੀਆਂ ਨਿਕਲੀਆਂ। ਅਪਲਾਈ ਕੀਤਾ, ਇੰਟਰਵਿਊ ਦਿਤੀ ਅਤੇ ਬਤੌਰ ਲੈਕਚਰਾਰ ਚੋਣ ਹੋ ਗਈ। ਪਹਿਲੇ ਹੀ ਦਿਨ ਜਦੋਂ ਸਰਕਾਰੀ ਸਕੂਲ ਵਿਚ ਹਾਜ਼ਰੀ ਦਿਤੀ ਤਾਂ ਸਾਥੀ ਅਧਿਆਪਕ ਕਹਿੰਦੇ- “ਪ੍ਰਿੰਸੀਪਲਾਂ ਦੀਆਂ ਬਹੁਤ ਅਸਾਮੀਆਂ ਖਾਲੀ ਪਈਆਂ ਤੇ ਲੰਮੇ ਸਮੇਂ ਤੋਂ ਤਰੱਕੀਆਂ ਨਹੀਂ ਹੋਈਆਂ। ਬੱਸ ਛੇਤੀ ਦਾਅ ਲੱਗ ਜਾਣਾ।” ਸੋਚਿਆ, ਪੁਲੀਸ ਜਾਂ ਫੌਜ ਵਿਚ ਤਾਂ ਅਫਸਰ ਨਹੀਂ ਲੱਗ ਸਕਿਆ, ਹੁਣ ਪ੍ਰਿੰਸੀਪਲ ਬਣ ਕੇ ਅਫਸਰ ਬਣਨ ਦੀ ਰੀਝ ਪੂਰੀ ਹੋ ਜਾਵੇਗੀ 12-13 ਸਾਲ ਪ੍ਰਿੰਸੀਪਲਾਂ ਵਾਲੀਆਂ ਤਰੱਕੀਆਂ ਰੁਕੀਆਂ ਰਹੀਆਂ। ਫਿਰ ਜਦੋਂ ਤਰੱਕੀਆਂ ਸ਼ੁਰੂ ਹੋਈਆਂ, ਕਈ ਸਾਲ ਮੇਰਾ ਨੰਬਰ ਹੀ ਨਾ ਆਇਆ; ਸੀਨੀਆਰਟੀ ਲਿਸਟ ਵਿਚ ਮੇਰਾ ਨੰਬਰ ਦੂਰ ਸੀ। ਫਿਰ ਕਰੋਨਾ ਕਾਰਨ ਇਕ ਵਾਰ ਫਿਰ ਤਰੱਕੀਆਂ ਰੁਕ ਗਈਆਂ ਸਨ।
ਅਸਲ ਵਿੱਚ ਪਬਲਿਕ ਸਕੂਲ ’ਚ 7 ਸਾਲ ਨੌਕਰੀ ਕਰਨ ਕਰ ਕੇ ਸਰਕਾਰੀ ਨੌਕਰੀ ’ਚ ਆਉਣ ਤੋਂ ਮੈਂ ਪਛੜ ਗਿਆ ਸੀ। ਮੇਰੇ ਨਾਲ ਦੇ ਮੈਥੋਂ 7-8 ਸਾਲ ਪਹਿਲਾਂ ਸਰਕਾਰੀ ਸਕੂਲਾਂ ’ਚ ਲੈਕਚਰਾਰ ਆ ਚੁੱਕੇ ਸਨ। ਉਨ੍ਹਾਂ ਨੂੰ ਪ੍ਰਿੰਸੀਪਲ ਬਣਿਆਂ ਵੀ ਕਈ ਸਾਲ ਹੋ ਗਏ ਸਨ; ਮੈਥੋਂ ਕਈ ਸਾਲ ਜੂਨੀਅਰ ਵੀ ਪ੍ਰਿੰਸੀਪਲ ਬਣ ਗਏ ਸਨ ਪਰ ਪੱਚੀ ਸਾਲ ਬਤੌਰ ਲੈਕਚਰਾਰ ਸੇਵਾ ਨਿਭਾਉਣ ਤੋਂ ਬਾਅਦ ਵੀ ਮੇਰਾ ਨੰਬਰ ਨਹੀਂ ਆਇਆ।
ਹੁਣ ਸੇਵਾ ਮੁਕਤੀ ਵਿਚ ਕੁਝ ਮਹੀਨੇ ਹੀ ਰਹਿ ਗਏ ਸਨ। ਇਸ ਲਈ ਅਫਸਰ ਬਣਨ ਦੀ ਆਖ਼ਰੀ ਉਮੀਦ ਧੁੰਦਲੀ ਜਾਪਦੀ ਸੀ ਪਰ ਸੇਵਾ ਮੁਕਤੀ ਤੋਂ ਚਾਰ ਮਹੀਨੇ ਪਹਿਲਾਂ ਇਕ ਸ਼ਾਮ ਪ੍ਰਿੰਸੀਪਲਾਂ ਦੀ ਤਰੱਕੀ ਵਾਲੀ ਲਿਸਟ ਆ ਗਈ ਜਿਸ ਵਿਚ ਮੇਰਾ ਨਾਮ ਵੀ ਸੀ। ਅਗਲੇ ਦਿਨ ਜਿ਼ਲ੍ਹਾ ਸਿੱਖਿਆ ਦਫਤਰ ਵਿੱਚ ਜਾ ਹਾਜ਼ਰੀ ਦਿੱਤੀ। ਜਿ਼ਲ੍ਹਾ ਸਿੱਖਿਆ ਅਫਸਰ ਨੇ ਦੱਸਿਆ ਕਿ ਸਟੇਸ਼ਨ ਅਲਾਟਮੈਂਟ ਕੁਝ ਦਿਨ ਬਾਅਦ ਡੀਪੀਆਈ ਨੇ ਮੁਹਾਲੀ ਵਿਖੇ ਕਰਨੀ ਹੈ। ਉਦਂੋ ਤਕ ਪਹਿਲੇ ਸਕੂਲ ਵਿਚ ਹੀ ਪਹਿਲਾਂ ਵਾਲੀ ਡਿਊਟੀ ਦੇਣੀ ਹੋਵੇਗੀ।
ਸੱਤ ਸਾਲ ਬਤੌਰ ਪੀਜੀਟੀ ਅਤੇ ਪੱਚੀ ਸਾਲ ਬਤੌਰ ਲੈਕਚਰਾਰ ਮੈਂ ਹਰ ਤਰ੍ਹਾਂ ਦੀ ਡਿਊਟੀ ਪੂਰੀ ਜਿ਼ੰਮੇਵਾਰੀ ਨਾਲ ਨਿਭਾਈ; ਇਹ ਭਾਵੇਂ ਬੋਰਡ ਇਮਤਿਹਾਨਾਂ ਦੀ ਡਿਊਟੀ ਹੋਵੇ, ਚੋਣ ਡਿਊਟੀ ਜਾਂ ਮਹਿਕਮੇ ਵਲੋਂ ਲਗਾਈ ਕੋਈ ਹੋਰ ਡਿਊਟੀ ਹੋਵੇ। ਜਿ਼ਲ੍ਹਾ ਸਿੱਖਿਆ ਦਫਤਰ ਵਿਖੇ ਬਤੌਰ ਪ੍ਰਿੰਸੀਪਲ ਜੁਆਇਨ ਕੀਤਿਆਂ ਕਈ ਹਫਤੇ ਲੰਘ ਗਏ ਪਰ ਸਟੇਸ਼ਨ ਅਲਾਟਮੈਂਟ ਨਹੀਂ ਹੋਈ। ਇੰਝ ਹੀ ਉਡੀਕਦਿਆਂ ਚਾਰ ਮਹੀਨੇ ਲੰਘ ਗਏ। ਪਤਾ ਲੱਗਿਆ ਕਿ ਸਟੇਸ਼ਨ ਅਲਾਟਮੈਂਟ ਵਿੱਚ ਦੇਰੀ ਦਾ ਕਾਰਨ ਕੋਈ ਕੋਰਟ ਕੇਸ ਹੈ।
ਹੁਣ ਮੇਰੀ ਰਿਟਾਇਰਮੈਂਟ ਵਿਚ ਸਿਰਫ ਇਕ ਦਿਨ ਹੀ ਬਚਿਆ ਸੀ। ਅਚਾਨਕ ਸ਼ਾਮ ਨੂੰ ਸਟੇਸ਼ਨ ਅਲਾਟਮੈਂਟ ਦੀ ਚਿੱਠੀ ਆ ਗਈ। ਸਟੇਸ਼ਨ ਅਲਾਟਮੈਂਟ ਲਈ ਅਗਲੇ ਦਿਨ ਮੀਟਿੰਗ ਹਾਲ ਬੋਰਡ ਦਫਤਰ ਮੁਹਾਲੀ ਬੁਲਾਇਆ ਗਿਆ ਸੀ। ਸੋ, ਅਗਲੇ ਦਿਨ ਦਿੱਤੇ ਸਮਂੇ ’ਤੇ ਉਥੇ ਪਹੁੰਚ ਕੇ ਹਾਜ਼ਰੀ ਦਿੱਤੀ। ਵਾਰੀ ਆਉਣ ’ਤੇ ਆਪਣੇ ਹੀ ਜਿ਼ਲ੍ਹੇ ਦਾ ਸਕੂਲ ਅਲਾਟ ਹੋ ਗਿਆ। ਇਹ ਮੇਰੀ ਸਰਵਿਸ ਦਾ ਆਖ਼ਰੀ ਦਿਨ ਸੀ। ਇਕੋ ਦਿਨ ਮੇਰੀ ਬਤੌਰ ਪ੍ਰਿੰਸੀਪਲ ਜੁਆਇਨਿੰਗ ਅਤੇ ਰਿਟਾਇਰਮੈਂਟ ਤੈਅ ਸੀ। ਅਲਾਟ ਹੋਏ ਸਕੂਲ ਵਿਚ ਪਹੁੰਚੇ ਤਾਂ ਉਸ ਸਮੇਂ ਸਕੂਲ ਦੀ ਛੁੱਟੀ ਵਿਚ ਦੋ ਘੰਟੇ ਬਾਕੀ ਸਨ; ਭਾਵ, ਮੇਰੀ ਰਿਟਾਇਰਮੈਂਟ ਵਿਚ ਵੀ ਦੋ ਘੰਟੇ ਹੀ ਬਾਕੀ ਸਨ। ਸਕੂਲ ਬਹੁਤ ਸਾਫ ਸਥਰਾ ਅਤੇ ਹਰਿਆ-ਭਰਿਆ ਸੀ। ਵੀਹ ਕੁ ਸਟਾਫ ਮੈਂਬਰ ਸਨ। ਸਟਾਫ ਨੇ ਨਿੱਘਾ ਸਵਾਗਤ ਕੀਤਾ। ਸਕੂਲ ਦੀਆਂ ਸ਼ਾਨਦਾਰ ਲੈਬਾਰਟਰੀਆ, ਕੰਪਿਊਟਰ ਰੂਮ, ਲਾਇਬ੍ਰੇਰੀ, ਗਰਾਊਂਡ, ਲਾਅਨ ਅਤੇ ਸਾਫ ਸੁਥਰੇ ਕਲਾਸ ਕਮਰੇ ਦੇਖ ਕੇ ਚੰਗਾ ਲੱਗਿਆ।
31 ਮਾਰਚ ਦਾ ਦਿਨ ਸੀ। ਛੁੱਟੀ ਤੋਂ ਅੱਧਾ ਘੰਟਾ ਪਹਿਲਾਂ ਸਕੂਲ ਦਾ ਸਾਰਾ ਸਟਾਫ ਚਾਹ ਪਾਣੀ ਲਈ ਇਕੱਠਾ ਬੈਠਿਆ। ਸਟਾਫ ਸੈਕਟਰੀ ਨੇ ਪ੍ਰਭਾਵਸ਼ਾਲੀ ਢੰਗ ਨਾਲ ਮੇਰੇ ਸਵਾਗਤ ਵਿਚ ਅਤੇ ਨਾਲ ਹੀ ਮੇਰੀ ਵਿਦਾਇਗੀ ਸਬੰਧੀ ਚਾਰ ਲਾਈਨਾਂ ਬੋਲੀਆਂ। ਅਖ਼ੀਰ ਵਿਚ ਮੈਂ ਸਾਰਿਆਂ ਦਾ ਧੰਨਵਾਦ ਕੀਤਾ। ਛੁੱਟੀ ਦਾ ਸਮਾਂ ਹੋ ਚੁੱਕਿਆ ਸੀ। ਸਕੂਲ ਵਿਚ, ਭਾਵ ਸਿੱਖਿਆ ਵਿਭਾਗ ਵਿਚ, ਆਖ਼ਰੀ ਹਾਜ਼ਰੀ ਲਾਉਣ ਦਾ ਵਕਤ ਆ ਚੁੱਕਿਆ ਸੀ।... ਇਕ ਦਿਨ ਜਾਂ ਕੁਝ ਘੰਟਿਆਂ ਲਈ ਹੀ ਸਹੀ ਪਰ ਪ੍ਰਿੰਸੀਪਲ ਬਣ ਕੇ ਅਫਸਰ ਬਣਨ ਦੀ ਰੀਝ ਪੂਰੀ ਹੋ ਗਈ।
ਸੰਪਰਕ: 95010-14546