ਮਠਿਆਈ ਬਣਾਉਣ ਵਾਲੀ ਫੈਕਟਰੀ ਵਿੱਚ ਸਿਲੰਡਰ ਫਟਿਆ
ਮਨੋਜ ਸ਼ਰਮਾ
ਬਠਿੰਡਾ, 23 ਜੁਲਾਈ
ਇੱਥੇ ਬੱਲਾ ਰਾਮ ਨਗਰ ਦੀ ਗਲੀ ਨੰਬਰ 10/22 ਵਿੱਚ ਇੱਕ ਮਠਿਆਈ ਬਣਾਉਣ ਵਾਲੀ ਫੈਕਟਰੀ ਵਿੱਚ ਅੱਜ ਦੁਪਹਿਰ 12.30 ਵਜੇ ਇੱਕ ਭੱਠੀ ’ਤੇ ਲੱਗਿਆ ਸਿਲੰਡਰ ਫਟ ਗਿਆ। ਇਹ ਧਮਾਕਾ ਇੰਨਾ ਜਬਰਦਸਤ ਸੀ ਕਿ ਲੋਕਾਂ ਵਿੱਚ ਭਗਦੜ ਮਚ ਗਈ। ਇਸ ਮੌਕੇ ਗੁਆਂਢੀ ਔਰਤਾਂ ਨੇ ਦੱਸਿਆ ਧਮਾਕੇ ਕਾਰਨ ਹਨੇਰਾ ਛਾ ਗਿਆ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਵੀ ਪੁੱਜੇ ਹੋਏ ਸਨ। ਮੌਕੇ ’ਤੇ ਵਿੱਕੀ ਨਾਮੀਂ ਇੱਕ ਨੌਜਵਾਨ ਨੇ ਦਲੇਰੀ ਦਿਖਾਉਂਦਿਆਂ ਫੈਕਟਰੀ ਅੰਦਰ ਕੰਮ ਕਰਦੇ ਪੰਜ ਕਾਮਿਆਂ ਨੂੰ ਬਾਹਰ ਕੱਢਿਆ। ਸੂਤਰਾਂ ਅਨੁਸਾਰ ਫੈਕਟਰੀ ਵਿੱਚ 25 ਦੇ ਕਰੀਬ ਸਿਲੰਡਰ ਅਤੇ ਡੀਜ਼ਲ ਦੀਆਂ ਕੈਨੀਆਂ ਪਈਆਂ ਸਨ। ਸਿਲੰਡਰ ਫਟਣ ਦੀ ਸੂਚਨਾ ਮਿਲਦੇ ਹੀ ਬਠਿੰਡਾ ਫਾਇਰ ਬ੍ਰਿਗੇਡ ਦੋ ਟੈਂਡਰ ਮੌਕੇ ’ਤੇ ਪੁੱਜੇ। ਲੀਡਿੰਗ ਫਾਇਰਮੈਨ ਪਰਮਜੀਤ ਸਿੰਘ, ਅਮਨਦੀਪ ਸਿੰਘ, ਜਸਕਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੁਪਹਿਰ 12.41 ਵਜੇ ਸਿਲੰਡਰ ਫਟਣ ਦੀ ਸੂਚਨਾ ਮਿਲੀ ਸੀ। ਉਨ੍ਹਾਂ ਦੱਸਿਆ ਕਿ 1 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਫੈਕਟਰੀ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਅਤੇ ਛੱਤ ’ਤੇ ਪਈਆਂ ਪਾਣੀ ਦੀਆਂ ਟੈਂਕੀਆਂ ਨੂੰ ਨੁਕਸਾਨ ਪੁੱਜਾ। ਥਾਣਾ ਥਰਮਲ ਦੀ ਪੁਲੀਸ ਨੇ ਮੌਕੇ ’ਤੇ ਪੁੱਜ ਕੇ ਘਟਨਾ ਦੀ ਜਾਂਚ ਸ਼ੁਰੂ ਕੀਤੀ। ਫੈਕਟਰੀ ਮਾਲਕ ਦੀਪਕ ਕੁਮਾਰ ਨੇ ਦੱਸਿਆ ਕਿ ਹਾਲੇ ਨੁਕਸਾਨ ਦਾ ਅੰਦਾਜ਼ਾ ਨਹੀਂ ਲੱਗ ਸਕਿਆ ਹੈ।