ਦੁਕਾਨ ਬੰਦ ਕਰਵਾਉਣ ਲਈ ਡੀਸੀ ਨੂੰ ਕੀਤੀ ਸ਼ਿਕਾਇਤ
ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 8 ਨਵੰਬਰ
ਪਿੰਡ ਕੰਸਾਲਾ ਵਾਸੀ ਚੌਕਸ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਅੱਗੇ ਬਣਾਏ ਕਮਰੇ ਵਿੱਚ ਹੈਪੀ ਕਾਰੀਗਰ ਆਪਣੇ ਪੁੱਤਰਾਂ ਗੁਰਪ੍ਰੀਤ ਸਿੰਘ ਤੇ ਰਾਜਾ ਸਿੰਘ ਨਾਲ ਵੈਲਡਿੰਗ ਦਾ ਕੰਮ ਕਰਦਾ ਹੈ। ਉਸ ਨੇ ਕਿਹਾ ਕਿ ਇੱਥੇ ਲੋਹਾ ਕੁੱਟਣ ਦੀਆਂ ਆਵਾਜ਼ਾਂ ਦਿਨ-ਰਾਤ ਆਉਂਦੀਆਂ ਹਨ। ਇਸ ਕਾਰਨ ਉਸ ਦੀ ਪਤਨੀ ਨੂੰ ਤਣਾਅ ਵਿੱਚ ਜਾਣ ਦੀ ਸਮੱਸਿਆ ਆ ਗਈ ਹੈ। ਚੌਕਸ ਸਿੰਘ ਨੇ ਡੀਸੀ ਅਤੇ ਐੱਸਐੱਸਪੀ ਨੂੰ ਭੇਜੀ ਸ਼ਿਕਾਇਤ ’ਚ ਲਿਖਿਆ ਹੈ ਕਿ ਉਸ ਨੇ ਕਈ ਵਾਰ ਹੈਪੀ ਤੇ ਉਸ ਦੇ ਪੁੱਤਰਾਂ ਨੂੰ ਇਹ ਕੰਮ ਇੱਥੋਂ ਬੰਦ ਕਰ ਕੇ ਕਿਸੇ ਹੋਰ ਪਾਸੇ ਤਬਦੀਲ ਕਰਨ ਦੀ ਗੱਲ ਕਹੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਚੌਕਸ ਸਿੰਘ ਨੇ ਬਿਜਲੀ ਵਿਭਾਗ ਦੇ ਐਕਸੀਅਨ, ਐੱਸਡੀਓ ਮਾਜਰਾ ਆਦਿ ਨੂੰ ਸ਼ਿਕਾਇਤ ਕੀਤੀ ਹੈ ਕਿ ਪਿੰਡ ਦੀ ਆਬਾਦੀ ਵਿੱਚ ਲੱਗੇ ਘਰੇਲੂ ਬਿਜਲੀ ਮੀਟਰ ਤੋਂ ਵੈਲਡਿੰਗ ਆਦਿ ਕੰਮ ਕਾਰਨ ਘਰਾਂ ਦੀ ਬਿਜਲੀ ਸਬੰਧੀ ਦਿੱਕਤ ਆ ਰਹੀ ਹੈ। ਘਰੇਲੂ ਬਿਜਲੀ ਮੀਟਰ ਦੀ ਕਮਰਸ਼ੀਅਲ ਵਰਤੋਂ ਕੀਤੀ ਜਾ ਰਹੀ ਹੈ। ਉੁਨ੍ਹਾਂ ਕਿਹਾ ਕਿ ਉਨ੍ਹਾਂ ਦੀ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ। ਦੂਜੇ ਪਾਸੇ, ਮਿਸਤਰੀ ਹੈਪੀ ਨੇ ਕਿਹਾ ਕਿ ਉਸ ਦਾ ਤਾਂ ਇਹ ਰੁਜ਼ਗਾਰ ਹੈ। ਉਹ ਆਪਣੇ ਕੰਮ ਨੂੰ ਬੰਦ ਨਹੀਂ ਕਰ ਸਕਦਾ।