ਡਾਕਟਰ ਵੱਲੋਂ ਸਟਾਫ ਕਲਰਕ ਨੂੰ ਥੱਪੜ ਮਾਰਨ ’ਤੇ ਹੰਗਾਮਾ
ਅਸ਼ਵਨੀ ਗਰਗ
ਸਮਾਣਾ, 27 ਜੁਲਾਈ
ਸਿਵਲ ਹਸਪਤਾਲ ਸਮਾਣਾ ਦੇ ਇੱਕ ਡਾਕਟਰ ਨੇ ਅੱਜ ਸਵੇਰੇ ਹਸਪਤਾਲ ਦੇ ਹੀ ਇੱਕ ਪੈਰਾ ਮੈਡੀਕਲ ਸਟਾਫ਼ ਦੇ ਮੈਂਬਰ ਦੇ ਥੱਪੜ ਮਾਰ ਦਿੱਤਾ ਜਿਸ ਤੋਂ ਭੜਕੇ ਸਮੂਹ ਪੈਰਾ ਮੈਡੀਕਲ ਸਟਾਫ਼ ਨੇ ਕੰਮ ਬੰਦ ਕਰਕੇ ਹਸਪਤਾਲ ਦੇ ਮੇਨ ਗੇਟ ਤੇ ਡਾਕਟਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਉਸ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ। ਪੈਰਾ ਮੈਡੀਕਲ ਸਟਾਫ਼ ਦਾ ਧਰਨਾ ਪ੍ਰਦਰਸ਼ਨ ਕਈ ਘੰਟੇ ਚਲਦਾ ਰਿਹਾ। ਸਿਵਲ ਸਰਜਨ ਪਟਿਆਲਾ ਨੇ ਮੌਕੇ ’ਤੇ ਪਹੁੰਚ ਕੇ ਥੱਪੜ ਮਾਰਨ ਵਾਲੇ ਡਾਕਟਰ ਦੀ ਛੇਤੀ ਬਦਲੀ ਕਰਨ ਦਾ ਭਰੋਸਾ ਦਵਾ ਕੇ ਤੇ ਸਬੰਧਤ ਡਾਕਟਰ ਵੱਲੋਂ ਮਾਮਲੇ ’ਚ ਲਿਖਤੀ ਮੁਆਫ਼ੀ ਮੰਗਣ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ। ਸਿਵਲ ਹਸਪਤਾਲ ਦੇ ਕਲਰਕ ਅਨੁਰਾਗ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਡਾ. ਨਰੇਸ਼ ਬਾਂਸਲ ਨੇ ਉਸਦੇ ਰੂਮ ਵਿੱਚ ਆ ਕੇ ਉਸਨੂੰ ਥੱਪੜ ਮਾਰਿਆ ਜਦੋਂ ਉਹ ਦਫ਼ਤਰ ਵਿੱਚ ਬੈਠਾ ਕੰਮ ਕਰ ਰਿਹਾ ਸੀ। ਉਸਨੇ ਉਸਦੇ ਥੱਪੜ ਮਾਰਨ ਦੇ ਨਾਲ ਨਾਲ ਉਸ ਨਾਲ ਗਾਲੀ ਗਲੋਚ ਵੀ ਕੀਤਾ, ਜਿਸ ਨੂੰ ਨਾਲ ਕੇ ਸਟਾਫ਼ ਮੈਂਬਰਾਂ ਨੇ ਫੜ ਕੇ ਕਮਰੇ ’ਚੋਂ ਬਾਹਰ ਕੱਢਿਆ। ਡਾਕਟਰ ਵੱਲੋਂ ਥੱਪੜ ਮਾਰਨ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਹਸਪਤਾਲ ਦੇ ਸਮੂਹ ਪੈਰਾ ਮੈਡੀਕਲ ਸਟਾਫ਼ ਨੇ ਤੁਰੰਤ ਕੰਮ ਬੰਦ ਕਰਕੇ ਹਸਪਤਾਲ ਦੇ ਗੇਟ ’ਤੇ ਪਹੁੰਚ ਕੇ ਡਾਕਟਰ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਯੂਨੀਅਨ ਆਗੂ ਨੇ ਡਾਕਟਰ ਦੇ ਇਸ ਮਾੜੇ ਵਤੀਰੇ ਖ਼ਿਲਾਫ਼ ਡਾਕਟਰ ਦੀ ਬਰਖ਼ਾਸਤਗੀ ਦੀ ਮੰਗ ਕੀਤੀ ਅਤੇ ਉਸ ਖ਼ਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਹਾਲਾਂਕਿ ਹਸਪਤਾਲ ਦੇ ਐੱਸਐੱਮਓ ਡਾ. ਸਤਿੰਦਰਪਾਲ ਸਿੰਘ ਨੇ ਪੈਰਾ ਮੈਡੀਕਲ ਸਟਾਫ਼ ਦੇ ਮੈਂਬਰਾਂ ਨੂੰ ਸਮਝਾਉਣ ਦਾ ਕਾਫ਼ੀ ਯਤਨ ਕੀਤਾ ਪਰ ਫ਼ਿਰ ਵੀ ਉਹ ਆਪਣੀ ਮੰਗ ’ਤੇ ਅੜੇ ਰਹੇ ਤੇ ਪੁਰਾ ਦਨਿ ਹਸਪਤਾਲ ਵਿੱਚ ਕੋਈ ਕੰਮ ਨਹੀਂ ਹੋਇਆ। ਮਾਮਲਾ ਕਿਸੇ ਬੰਨੇ ਨਾ ਲੱਗਦਾ ਦੇਖ ਸਿਵਲ ਸਰਜਨ ਪਟਿਆਲਾ ਨੇ ਮੌਕੇ ’ਤੇ ਪਹੁੰਚ ਕੇ ਸਬੰਧਤ ਡਾਕਟਰ ਦੀ ਜਲਦੀ ਬਦਲੀ ਦਾ ਭਰੋਸਾ ਦਵਾ ਕੇ ਮਾਮਲਾ ਸਾਂਤ ਕਰਵਾਇਆ। ਇਹ ਵੀ ਪਤਾ ਲੱਗਾ ਹੈ ਕਿ ਸਬੰਧਤ ਡਾਕਟਰ ਵੱਲੋਂ ਲਿਖਤ ਮੁਆਫ਼ੀ ਵੀ ਮੰਗ ਲਈ ਗਈ ਹੈ। ਜਦੋਂਕਿ ਸਿਵਲ ਸਰਜਨ ਨੇ ਇਸ ਮਾਮਲੇ ’ਚ ਕੁਝ ਵੀ ਕਹਿਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਇਹ ਘਰ ਦਾ ਮਾਮਲਾ ਸੀ ਜਿਸ ਨੂੰ ਹੱਲ ਕਰ ਦਿੱਤਾ ਗਿਆ ਹੈ ਅਤੇ ਉਹ ਇਸ ਬਾਰੇ ਕੁਝ ਨਹੀਂ ਬੋਲਣਾ ਚਾਹੁੰਦੇ।