ਟਰੈਵਲ ਏਜੰਟ ਦੇ ਦਫ਼ਤਰ ਅੱਗੇ ਹੰਗਾਮਾ
ਪੱਤਰ ਪ੍ਰੇਰਕ
ਜਲੰਧਰ, 19 ਅਗਸਤ
ਇਥੋਂ ਦੇ ਬੱਸ ਸਟੈਂਡ ਲਾਗੇ ਸਥਿਤ ਭਗਵਤੀ ਓਵਰਸੀਜ਼ ਦੇ ਏਜੰਟਾਂ ’ਤੇ ਲੋਕਾਂ ਕੋਲੋਂ ਲੱਖਾਂ ਰੁਪਏ ਲੈ ਕੇ ਉਨ੍ਹਾਂ ਨੂੰ ਕੁਵੈਤ ਦਾ ਜਾਅਲੀ ਵੀਜ਼ਾ ਦੇਣ ਦਾ ਦੋਸ਼ ਲੱਗਾ ਹੈ। ਲੋਕਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਹ ਤੁਰੰਤ ਭਗਵਤੀ ਓਵਰਸੀਜ਼ ਦੇ ਦਫ਼ਤਰ ਪਹੁੰਚੇ ਤੇ ਉੱਥੇ ਜਾ ਕੇ ਜ਼ੋਰਦਾਰ ਹੰਗਾਮਾ ਕੀਤਾ। ਪੀੜਤ ਵਿਅਕਤੀ ਵੱਲੋਂ ਚੌਕੀ ਬੱਸ ਸਟੈਂਡ ਦੀ ਪੁਲੀਸ ਨੂੰ ਉਕਤ ਟਰੈਵਲ ਏਜੰਟ ਖ਼ਿਲਾਫ਼ ਸ਼ਿਕਾਇਤ ਦਿੱਤੀ ਗਈ ਹੈ। ਰਾਜਸਥਾਨ ਵਾਸੀ ਆਰੀਆ ਕੁਮਾਰ ਨੇ ਦੱਸਿਆ ਕਿ ਨਰਿੰਦਰ ਸਿਨੇਮਾ ਲਾਗੇ ਸਥਿਤ ਛਿਨਮਸਤਿਕਾ ਬਿਲਡਿੰਗ ’ਚ ਭਗਵਤੀ ਓਵਰਸੀਜ਼ ਨਾਂ ਦਾ ਦਫ਼ਤਰ ਹੈ, ਜਿਸ ਦੇ ਮਾਲਕ ਪਿਆਰੇ ਲਾਲ ਰਾਹੁਲ ਤੇ ਸੁਰੇਸ਼ ਕੁਮਾਰ ਹਨ। ਇਹ ਦੋਵੇਂ ਏਜੰਟ ਰਾਜਸਥਾਨ ਦੇ ਸੀਕਰ ’ਚ ਆਏ ਅਤੇ ਕੁਵੈਤ ਦਾ ਵੀਜ਼ਾ ਦਿਵਾਉਣ ਦਾ ਦਾਅਵਾ ਕੀਤਾ। ਉਨ੍ਹਾਂ ਇਕ ਜਣੇ ਦੇ ਵੀਜ਼ੇ ਲਈ 70 ਹਜ਼ਾਰ ਰੁਪਏ ਫੀਸ ਮੰਗੀ। ਇਸ ਤੋਂ ਬਾਅਦ ਉਨ੍ਹਾਂ ਨਾਲ 25 ਲੋਕਾਂ ਦਾ ਵੀਜ਼ਾ ਲਗਵਾਉਣ ਲਈ 15 ਲੱਖ ਰੁਪਏ ’ਚ ਸੌਦਾ ਤੈਅ ਹੋ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਕ ਲੱਖ ਪੇਸ਼ਗੀ ਦੇ ਕੇ ਆਪਣੇ ਪਾਸਪੋਰਟ ਦੇ ਦਿੱਤੇ। ਕੁੱਝ ਦਿਨ ਪਹਿਲਾਂ ਜਦ ਉਨ੍ਹਾਂ ਵੀਜ਼ੇ ਦੀ ਕਾਪੀ ਕਿਸੇ ਨੂੰ ਦਿਖਾਈ ਤਾਂ ਉਹ ਜਾਅਲੀ ਨਿਕਲਿਆ। ਏਜੰਟਾਂ ਕੋਲੋਂ ਪੈਸੇ ਵਾਪਸ ਮੰਗੇ ਤਾਂ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਸ਼ੁੱਕਰਵਾਰ ਪੀੜਤ ਵਿਅਕਤੀ ਉਕਤ ਦਫ਼ਤਰ ’ਚ ਪਹੁੰਚੇ ਤੇ ਹੰਗਾਮਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਚੌਕੀ ਬੱਸ ਸਟੈਂਡ ਦੀ ਪੁਲੀਸ ਨੂੰ ਸੁਰੇਸ਼ ਤੇ ਰਾਹੁਲ ਖ਼ਿਲਾਫ਼ ਸ਼ਿਕਾਇਤ ਦਿੱਤੀ। ਚੌਕੀ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ, ਜਿਸ ਦੀ ਉਹ ਜਾਂਚ ਕਰ ਰਹੇ ਹਨ। ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।