ਸ਼ਹਿਰ ਵਾਸੀਆਂ ਦੀਆਂ ਸਮੱਸਿਆਵਾਂ ਸੁਣਨ ਲਈ ਕਮੇਟੀ ਕਾਇਮ
ਹਰਦੀਪ ਸਿੰਘ ਸੋਢੀ
ਧੂਰੀ, 2 ਸਤੰਬਰ
ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਸ਼ੁਭਮ ਸ਼ਰਮਾ ਨੇ ਧੂਰੀ ਸ਼ਹਿਰ ਦੇ ਸਾਰੇ ਵਾਰਡ ਵਾਸੀਆਂ ਦੀਆਂ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕਰਨ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਇਸ ਤਹਿਤ ਉਨ੍ਹਾਂ ਆਪਣੇ ਪੱਧਰ ’ਤੇ ਇੱਕ ਟੀਮ ਕਾਇਮ ਕੀਤੀ ਹੈ, ਜੋ ਸ਼ਹਿਰ ’ਚ 24 ਘੰਟੇ ਲੋਕਾਂ ਦੀਆਂ ਮੁਸ਼ਕਲਾਂ ਸੁਣੇਗੀ। ਸ਼ੁਭਮ ਸ਼ਰਮਾ ਨੇ ਕਿਹਾ ਕਾਂਗਰਸ ਪਾਰਟੀ ਸ਼ਹਿਰ ਦੇ ਲੋਕਾਂ ਦੇ ਨਾਲ ਹਮੇਸ਼ਾ ਖੜ੍ਹਦੀ ਆਈ ਹੈ ਉਸੇ ਕੜੀ ਤਹਿਤ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਂਵਾਂ ਸੁਣਨਾ ਉਨ੍ਹਾਂ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਨਾ ਉਨ੍ਹਾਂ ਦੀ ਨਿੱਜੀ ਡਿਊਟੀ ਹੈ। ਉਨ੍ਹਾਂ ਕਿਹਾ ਸ਼ਹਿਰ ਦੇ ਜ਼ਿਆਦਾਤਰ ਵਾਰਡਾਂ ਅੰਦਰ ਸੀਵਰੇਜ ਸਿਸਟਮ, ਸੜਕਾਂ ਦੀ ਰਿਪੇਅਰ, ਨਾਲੀਆਂ ’ਤੇ ਮੱਛਰਾਂ ਨੂੰ ਮਾਰਨ ਲਈ ਸਪਰੇਅ, ਕੱਚੇ ਘਰਾਂ ਨੂੰ ਪੱਕੇ ਕਰਵਾਉਣ ਵਰਗੀਆਂ ਮੁਸ਼ਕਲਾ ਉਨ੍ਹਾਂ ਦੇ ਧਿਆਨ ਵਿੱਚ ਆ ਰਹੀਆਂ ਹਨ, ਜਿਨ੍ਹਾਂ ਨੂੰ ਇੱਕ-ਇੱਕ ਕਰ ਕੇ ਐੱਸਡੀਐਮ, ਕਾਰਜਸਾਧਕ ਅਫਸਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਤੇ ਉਨ੍ਹਾਂ ਮੁਸ਼ਕਲਾਂ ਦਾ ਜਲਦੀ ਹੱਲ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਹਰ ਵਾਰਡ ਵਿੱਚ ਪੰਜ ਮੈਂਬਰੀ ਟੀਮ ਬਣਾਈ ਗਈ ਹੈ ਜਿਸ ਦਾ ਮੁੱਖ ਕੰਮ ਵਾਰਡ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣਕੇ ਉਨ੍ਹਾਂ ਤੱਕ ਪਹੁੰਚਾਉਣਾ ਹੋਵੇਗਾ।