ਦੁਖਾਂਤਕ ਚਿੱਤਰਕਾਰੀ ਤੇ ਵਿਸ਼ਲੇਸ਼ਣ ਦਾ ਸੁਮੇਲ
ਪਰਮਜੀਤ ਢੀਂਗਰਾ
ਇੱਕ ਪੁਸਤਕ - ਇੱਕ ਨਜ਼ਰ
ਮਨੁੱਖ ਦੀ ਹੋਣੀ ਤ੍ਰਾਸਦੀਆਂ ਨਾਲ ਜੁੜੀ ਹੋਈ ਹੈ। ਹਰ ਕਾਲ ਖੰਡ ਵਿੱਚ ਮਨੁੱਖ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਦੁੱਖ ਸਹਿਣੇ ਪੈਂਦੇ ਹਨ। ਇਤਿਹਾਸ ਦੁਖਾਂਤਾਂ ਦੇ ਬਿਰਤਾਂਤਾਂ ਨਾਲ ਭਰਿਆ ਪਿਆ ਹੈ। ਪੰਜਾਬ ਦੀ ਹੋਣੀ ਇਤਿਹਾਸਕ ਸਮਿਆਂ ਤੋਂ ਦੁਖਾਂਤਾਂ ਨਾਲ ਬਰ ਮੇਚਦੀ ਰਹੀ ਹੈ। ਜੇ ਮੱਧਕਾਲ ਨੂੰ ਛੱਡ ਵੀ ਦੇਈਏ ਤਾਂ ਆਧੁਨਿਕ ਕਾਲ ਵਿੱਚ ਸੰਤਾਲੀ ਦੀ ਵੰਡ ਤੇ ਜੂਨ ਤੋਂ ਨਵੰਬਰ ਚੁਰਾਸੀ ਤੱਕ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭਾਰਤੀ ਫ਼ੌਜ ਦਾ ਹਮਲਾ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਸਿੱਖਾਂ ਦਾ ਕਤਲੇਆਮ ਵਰਤਮਾਨ ਦੀਆਂ ਅਜਿਹੀਆਂ ਤ੍ਰਾਸਦੀਆਂ ਹਨ ਜਿਨ੍ਹਾਂ ਨੇ ਨਾ ਸਿਰਫ਼ ਧਰਮ, ਸਭਿਆਚਾਰ, ਭੂਗੋਲ, ਭਾਸ਼ਾ ਤੇ ਇਤਿਹਾਸ ਨੂੰ ਪ੍ਰਭਾਵਿਤ ਕੀਤਾ ਸਗੋਂ ਇਸ ਨੇ ਪੰਜਾਬੀਆਂ ਤੇ ਸਿੱਖ ਮਾਨਸਿਕਤਾ ਵਿੱਚ ਅਜਿਹੇ ਨਕਸ਼ ਉੱਕਰ ਦਿੱਤੇ ਹਨ ਜਿਨ੍ਹਾਂ ਦੀ ਯਾਦ ਸਦੀਵੀ ਹੈ। ਸ਼ਾਇਦ ਹੀ ਕਦੇ ਇਨ੍ਹਾਂ ਦੁਖਾਂਤਾਂ ਦੇ ਜ਼ਖ਼ਮ ਭਰ ਸਕਣ।
ਸੰਤਾਲੀ ਬਾਰੇ ਹੰਢਾਏ ਦਰਦ ਨੂੰ ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਲੇਖਕਾਂ ਨੇ ਆਪੋ ਆਪਣੇ ਤਰੀਕੇ ਨਾਲ ਪੇਸ਼ ਕੀਤਾ ਅਤੇ ਧਰਮ ਦੇ ਨਾਂ ’ਤੇ ਹੋਈ ਕਤਲੋਗਾਰਤ ਤੇ ਔਰਤਾਂ ਦੀ ਬੇਹੁਰਮਤੀ ਨੂੰ ਮਨੁੱਖਤਾ ਦੇ ਨਾਂ ’ਤੇ ਕਲੰਕ ਵਜੋਂ ਪੇਸ਼ ਕੀਤਾ। ਅਜੇ ਤੱਕ ਇਹ ਸਵਾਲ ਬਰਕਰਾਰ ਹੈ ਕਿ ਭਾਰਤੀ ਤੇ ਪਾਕਿਸਤਾਨੀ ਲੀਡਰਾਂ ਨੇ ਬਸਤੀਵਾਦੀਆਂ ਨਾਲ ਮਿਲ ਕੇ ਜਿਹੜੀ ਵੰਡ ਦੀ ਸਾਜ਼ਿਸ਼ ਰਚੀ ਉਨ੍ਹਾਂ ਨੂੰ ਕਟਹਿਰੇ ਵਿੱਚ ਕਦੋਂ ਖੜ੍ਹਾ ਕੀਤਾ ਜਾਵੇਗਾ। ਨਿਹੱਕੇ ਤੇ ਨਿਹੱਥੇ ਮਾਰੇ ਗਏ ਦਸ ਲੱਖ ਲੋਕਾਂ ਦਾ ਕੀ ਕਸੂਰ ਸੀ? ਇਸ ਦਾ ਜਵਾਬ ਇੱਕ ਨਾ ਇੱਕ ਦਿਨ ਦੇਣਾ ਪਵੇਗਾ।
ਸਾਹਿਤ ਦੇ ਨਾਲ ਨਾਲ ਇਨ੍ਹਾਂ ਦੁਖਾਂਤਾਂ ਨੂੰ ਬੁਰਸ਼ ਤੇ ਪੈਨਸਿਲ ਨਾਲ ਚਿਤਰਣ ਦਾ ਉਪਰਾਲਾ ਚਿੱਤਰਕਾਰਾਂ ਨੇ ਕੀਤਾ। ਕਿਸੇ ਵਿਦਵਾਨ, ਕਲਾ ਚਿੰਤਕ ਜਾਂ ਵਿਸ਼ਲੇਸ਼ਕ ਨੇ ਇਨ੍ਹਾਂ ਚਿੱਤਰਾਂ ਦੀ ਵਿਆਖਿਆ ਦਾ ਅੱਜ ਤੱਕ ਕੋਈ ਉਪਰਾਲਾ ਨਹੀਂ ਕੀਤਾ।
ਡਾ. ਜਗਤਾਰਜੀਤ ਸਿੰਘ ਉੱਘਾ ਕਵੀ ਤੇ ਆਲੋਚਕ ਹੈ। ਉਸ ਨੇ ਪਹਿਲਾਂ ਤਾਂ ਦੋਵੇਂ ਤ੍ਰਾਸਦੀਆਂ ਨਾਲ ਸਬੰਧਿਤ ਚਿੱਤਰਾਂ ਦੀ ਭਾਲ ਕੀਤੀ। ਫਿਰ ਉਨ੍ਹਾਂ ਦੇ ਵਿਆਖਿਆ ਪਾਠ ਤਿਆਰ ਕੀਤੇ। ਲੇਖਕ ਕੋਲ ਬਾਰੀਕ ਬੁੱਧ ਤੇ ਕਲਾ ਬਾਰੇ ਸਟੀਕ ਮੁਹਾਰਤ ਹੈ। ਇਸੇ ਕਰਕੇ ਉਹ ਇਸ ਵਿਸ਼ੇਸ਼ ਕੰਮ ਨੂੰ ਸਿਰੇ ਲਾ ਸਕਿਆ। ਭਾਰਤੀ ਭਾਸ਼ਾਵਾਂ ਵਿੱਚ ਇਹ ਆਪਣੀ ਕਿਸਮ ਦਾ ਪਹਿਲਾ ਅਜਿਹਾ ਨਿਵੇਕਲਾ ਕਾਰਜ ਹੈ।
ਇਨ੍ਹਾਂ ਲੇਖਾਂ ਦੇ ਸੰਗ੍ਰਹਿ ਕਿਤਾਬ ‘ਸੰਤਾਲੀ ਤੋਂ ਚੁਰਾਸੀ ਤੱਕ’ (ਲੇਖਕ: ਜਗਤਾਰਜੀਤ ਸਿੰਘ; ਕੀਮਤ: 230 ਰੁਪਏ; ਕੈਲੀਬਰ ਪ੍ਰਕਾਸ਼ਨ, ਪਟਿਆਲਾ) ਦੇ ਵਿਸ਼ੇ-ਵਸਤੂ ਦੀ ਗੱਲ ਕਰਦਿਆਂ ਉਹ ਲਿਖਦਾ ਹੈ: ‘ਸੰਤਾਲੀ ਤੋਂ ਚੁਰਾਸੀ ਤੱਕ (ਚਿੱਤਰਕਾਰਾਂ ਦੀ ਨਜ਼ਰ ਵਿੱਚ) ਕਿਤਾਬ ਦਾ ਵਿਸ਼ਾ-ਵਸਤੂ ਪ੍ਰਚੱਲਿਤ ਦਾਇਰੇ ਤੋਂ ਬਾਹਰੀ ਹੈ। ਇਹ ਖੇਤਰ ਹਾਲੇ ਤੱਕ ਅਛੋਹ ਰਿਹਾ ਹੈ ਤੇ ਭਵਿੱਖ ਵਿੱਚ ਵੀ ਇਹੋ ਸਥਿਤੀ ਰਹੇਗੀ। ਕਿਤਾਬ ਦੀ ਆਧਾਰ ਸਾਮੱਗਰੀ ਚਿੱਤਰਕਾਰਾਂ ਦੇ ਬਣਾਏ ਹੋਏ ਚਿੱਤਰ ਹਨ। ਚਿੱਤਰ ਚੋਣ ਉਪਰੰਤ ਉਸ ਦੇ ਗੁਣ-ਲੱਛਣਾਂ ਨੂੰ ਸਮਝਣ-ਸਮਝਾਉਣ ਦਾ ਯਤਨ ਕੀਤਾ ਹੈ। ਕੋਸ਼ਿਸ਼ ਰਹੀ ਹੈ ਕਿ ਖ਼ੁਦ ਨੂੰ ਸਾਹਮਣੇ ਪਈ ਕਿਰਤ ਦੇ ਅੰਦਰੇ-ਅੰਦਰ ਰੱਖਿਆ ਜਾਵੇ।’
ਇਨ੍ਹਾਂ ਚਿੱਤਰਕਾਰਾਂ ਵਿੱਚ ਸੋਭਾ ਸਿੰਘ, ਐੱਸ.ਐਲ. ਪਰਾਸ਼ਰ, ਧੰਨ ਰਾਜ ਭਗਤ, ਅਮਰਨਾਥ ਸਹਿਗਲ, ਪ੍ਰਾਣ ਨਾਥ ਮਾਗੋ, ਕ੍ਰਿਸ਼ਨ ਖੰਨਾ, ਸਤੀਸ਼ ਗੁਜਰਾਲ, ਪ੍ਰੇਮ ਸਿੰਘ, ਵਿਵਾਨ ਸੁੰਦਰਮ, ਅਰਪਨਾ ਕੌਰ, ਸੁਰਜੀਤ ਅਕਰੇ ਤੇ ਸਿੰਘ ਟਵਿਨਜ਼ ਸ਼ਾਮਲ ਹਨ। ਇਹ ਸਾਰੇ ਹੀ ਭਾਰਤ ਦੇ ਉੱਘੇ ਚਿੱਤਰਕਾਰ ਹਨ। ਇਨ੍ਹਾਂ ਵਿੱਚੋਂ ਕਈਆਂ ਨੇ ਸੰਤਾਲੀ ਦਾ ਦਰਦ ਕਿਸੇ ਨਾ ਕਿਸੇ ਰੂਪ ਵਿੱਚ ਹੰਢਾਇਆ ਹੈ, ਇਸ ਕਰਕੇ ਸੰਤਾਲੀ ਦੇ ਦੁਖਾਂਤ ਬਾਰੇ ਬਹੁਤੇ ਚਿੱਤਰ ਮਿਲਦੇ ਹਨ। ਪਰ ਚੁਰਾਸੀ ਬਾਰੇ ਸਿਰਫ਼ ਤਿੰਨ ਚਿੱਤਰਕਾਰਾਂ ਦਾ ਕੰਮ ਹੀ ਮਿਲਦਾ ਹੈ। ਇਸ ਦਾ ਕਾਰਨ ਖੋਜਿਆ ਜਾ ਸਕਦਾ ਹੈ ਕਿਉਂਕਿ ਸਿੱਖ ਆਵਾਮ ਵਿੱਚ ਇਸ ਬਾਰੇ ਗੁੱਸਾ ਤੇ ਰੋਸ ਬਰਕਰਾਰ ਹੈ, ਪਰ ਚਿੱਤਰਕਾਰਾਂ ਨੇ ਇਸ ਦੇ ਵਿਭਿੰਨ ਰੂਪਾਂ ਨੂੰ ਚਿਤਰਣ ਦਾ ਉਪਰਾਲਾ ਨਹੀਂ ਕੀਤਾ।
ਜੇ ਇਨ੍ਹਾਂ ਆਲੇਖਾਂ ਦੀ ਘੋਖ ਕਰੀਏ ਤਾਂ ਕੁਝ ਨੁਕਤੇ ਸਾਹਮਣੇ ਆਉਂਦੇ ਹਨ:
* ਸੋਭਾ ਸਿੰਘ ਦਾ ਕਥਨ ਹੈ ਕਿ ਕੈਨਵਸ ’ਤੇ ਹਿੰਸਾ, ਵੱਢ, ਟੁੱਕ ਨਹੀਂ ਦਿਖਾਉਣੀ ਚਾਹੀਦੀ, ਪਰ ਉਹਦੇ ਚਿੱਤਰ ‘ਦੁਖੀ ਜੀਵਨ’ ਵਿੱਚ ਹਿੰਸਾ ਤੇ ਹਿੰਸਾ ਦੇ ਪ੍ਰਭਾਵ ਨੂੰ ਉਭਾਰਿਆ ਗਿਆ ਹੈ।
* ਪਰਾਸ਼ਰ ਦੇ ਲਕੀਰੀ ਚਿੱਤਰ ‘ਚੀਖ’ ਵਿੱਚ ਦੁੱਖ ਦਾ ਪ੍ਰਭਾਵ ਬੜਾ ਗੂੜ੍ਹਾ ਨਜ਼ਰ ਆਉਂਦਾ ਹੈ। ਇਹ ਚੀਖ ਅਸਲ ਵਿੱਚ ਦੁੱਖ ਦੀ ਹੂਕ ਦੇ ਨਾਲ ਨਾਲ ਉਨ੍ਹਾਂ ਲੀਡਰਾਂ ਲਈ ਚਿਤਾਵਨੀ ਹੈ ਜੋ ਇਸ ਚੀਖ ਨੂੰ ਸਮਝਣ ਤੋਂ ਅਸਮਰੱਥ ਹਨ।
* ਅਮਰ ਨਾਥ ਸਹਿਗਲ ਦੀ ‘ਐਂਗੁਇਸ਼ਡ ਕਰਾਈਜ਼’ ਵਿੱਚ ਪ੍ਰਤੀਤ ਹੁੰਦਾ ਹੈ ਕਿ ਵਿਅਕਤੀ ਪਹਿਲਾਂ ਹਿੰਸਾ ਦਾ ਸਾਮਾਨ ਤਿਆਰ ਕਰਦਾ ਹੈ, ਫਿਰ ਹਿੰਸਾ ਕਰਦਾ ਹੈ ਤੇ ਫਿਰ ਉਸ ਤੋਂ ਮੁਕਤ ਹੋਣ ਲਈ ਚਾਰਾਜੋਈ ਕਰਦਾ ਹੈ। ਕਲਾ ਦਾ ਇਹ ਧਰਮ ਹੁੰਦਾ ਹੈ ਕਿ ਉਹ ਹਿੰਸਾ ਵਰਗੇ ਥੀਮ ਵਿੱਚੋਂ ਤ੍ਰਾਸ ਦੇ ਭਾਵ ਪੈਦਾ ਕਰੇ ਨਾ ਕਿ ਹਿੰਸਾ ਲਈ ਉਕਸਾਵੇ ਜਾਂ ਜ਼ਮੀਨ ਤਿਆਰ ਕਰੇ।
* ਸਿੰਘ ਟਵਿਨਜ਼ ਅੰਮ੍ਰਿਤ ਕੌਰ ਤੇ ਰਬਿੰਦਰ ਕੌਰ ਜੌੜੀਆਂ ਭੈਣਾਂ ਦਾ ਚੁਰਾਸੀ ਬਾਰੇ ਚਿੱਤਰ ‘ਸਟਾਰਮਿੰਗ ਆੱਫ ਗੋਲਡਨ ਟੈਂਪਲ’ ਬਲੂ ਸਟਾਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਆਲੇ-ਦੁਆਲੇ ਵਿੱਚ ਪੇਸ਼ ਕਰਦਾ ਹੈ। ਨਾਲ ਹੀ ਸ੍ਰੀ ਦਰਬਾਰ ਸਾਹਿਬ ਦੀ ਇਤਿਹਾਸਕਤਾ ਨੂੰ ਸ਼ਹਾਦਤ ਦੇ ਪ੍ਰਸੰਗ ਵਿੱਚ ਪੇਸ਼ ਕਰਦਾ ਹੈ।
* ਅਰਪਨਾ ਕੌਰ ਦਾ ‘1947’ ਤੇ ਸੁਰਜੀਤ ਅਕਰੇ ਦਾ ‘ਪਾਸਟ ਮੈਮੋਰੀਜ਼’ ਵਿਸ਼ੇਸ਼ ਤੇ ਸਲਾਹੁਣਯੋਗ ਚਿੱਤਰ ਹਨ।
ਪੰਜਾਬੀ ਵਿੱਚ ਕਲਾ ਦੀ ਵਿਆਖਿਆ ਬਾਰੇ ਅਜਿਹੀ ਕਿਤਾਬ ਦਾ ਛਪਣਾ ਵੱਡੀ ਗੱਲ ਹੈ। ਇਸ ਦੇ ਅਨੇਕਾਂ ਨਿਵੇਕਲੇ ਪੱਖ ਹਨ ਜੋ ਵਿਸਥਾਰ ਤੇ ਵਿਸ਼ਲੇਸ਼ਣ ਦੀ ਮੰਗ ਕਰਦੇ ਹਨ। ਇਤਿਹਾਸ ਦੇ ਦੁਖਾਂਤਕ ਪੱਖ ਨੂੰ ਚਿਤਰਣਾ ਤੇ ਉਹਦੀ ਵਿਆਖਿਆ ਕਰਕੇ ਉਹਦੇ ਸੂਖ਼ਮ ਪੱਖਾਂ ਨੂੰ ਪਾਠਕਾਂ ਸਾਹਮਣੇ ਰੱਖਣਾ ਸ਼ਲਾਘਾਯੋਗ ਕਾਰਜ ਹੈ। ਆਸ ਹੈ ਕਿ ਪਾਠਕ ਇਤਿਹਾਸ ਦੀ ਦੁਖਾਂਤਕ ਚਿੱਤਰਕਾਰੀ ਤੇ ਵਿਸ਼ਲੇਸ਼ਣ ਦੇ ਇਸ ਸੁਮੇਲ ਦਾ ਭਰਵਾਂ ਸੁਆਗਤ ਕਰਨਗੇ।
ਸੰਪਰਕ: 88476-10125