ਐਕਸ਼ਨ ਤੇ ਮਨੋਰੰਜਨ ਦੀ ਸੁਮੇਲ ‘ਬਲੈਕੀਆ-2’
ਸੁਰਜੀਤ ਜੱਸਲ
ਕਾਮੇਡੀ ਤੇ ਵਿਆਹਾਂ ਵਾਲੀਆਂ ਫਿਲਮਾਂ ਦੇ ਦੌਰ ਵਿੱਚ ਐਕਸ਼ਨ ਸਿਨੇਮਾ ਦੀ ਪਿਰਤ ਪਾਉਣ ਵਾਲਾ ਦੇਵ ਖਰੌੜ ਅੱਜ ਨੌਜਵਾਨ ਵਰਗ ਦਾ ਚਹੇਤਾ ਨਾਇਕ ਹੈ। ‘ਰੁਪਿੰਦਰ ਗਾਂਧੀ’, ‘ਡਾਕੂਆਂ ਦਾ ਮੁੰਡਾ’, ‘ਡੀ.ਐੱਸ.ਪੀ. ਦੇਵ’ ਤੇ ‘ਬਲੈਕੀਆ’ ਫਿਲਮਾਂ ਦੀ ਸਫਲਤਾ ਨੇ ਉਸ ਨੂੰ ਸ਼ੁਹਰਤ ਦੀਆਂ ਬੁਲੰਦੀਆਂ ’ਤੇ ਪਹੁੰਚਾਇਆ। ਬੀਤੇ ਦਿਨੀਂ ਰਿਲੀਜ਼ ਹੋਈ ਦੇਵ ਖਰੌੜ ਦੀ ਫਿਲਮ ‘ਬਲੈਕੀਆ-2’ ਪੰਜ ਸਾਲ ਪਹਿਲਾਂ ਆਈ ਫਿਲਮ ‘ਬਲੈਕੀਆ’ ਦੀ ਕਹਾਣੀ ਦੀ ਅਗਲੀ ਕੜੀ ਜੋੜਦੀ ਗ਼ਰੀਬੀ ਦੀ ਦਲਦਲ ‘ਚੋਂ ਵੱਡੇ ਸੁਫ਼ਨੇ ਲੈ ਕੇ ਜਵਾਨ ਹੋਏ ਇੱਕ ਸੰਘਰਸ਼ੀ ਬੰਦੇ ਦੀ ਕਹਾਣੀ ਹੈ ਜੋ ਐਨਾ ਪੈਸਾ ਕਮਾਉਣਾ ਚਾਹੁੰਦਾ ਹੈ ਕਿ ਪਿੰਡ ’ਚ ਕੋਈ ਗ਼ਰੀਬ ਨਾ ਰਹੇ।
ਇਹ ਕਹਾਣੀ 1947 ਦੀ ਵੰਡ ਸਮੇਂ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਲੋਕਾਂ ਦੇ ਆਰਥਿਕ ਹਾਲਾਤ ਬਿਆਨਦੀ ਹੈ। ਵੰਡ ਤੋਂ ਪਹਿਲਾਂ ਮੁਰੱਬਿਆਂ ਦੇ ਮਾਲਕ ਅਖਵਾਉਣ ਵਾਲੇ ਇਨ੍ਹਾਂ ਲੋਕਾਂ ਦੀ ਜਦ ਸਮੇਂ ਦੇ ਹਾਕਮਾਂ ਨੇ ਕੋਈ ਪੁੱਛ-ਗਿੱਛ ਨਾ ਕੀਤੀ ਤਾਂ ਦੋ ਵਕਤ ਦੇ ਗੁਜ਼ਾਰੇ ਲਈ ਭੁੱਖਮਰੀ ਦੇ ਸ਼ਿਕਾਰ ਇਹ ਲੋਕ ਹੌਲੀ-ਹੌਲੀ ਜ਼ਿੰਦਗੀ ਜਿਊਣ ਦੀ ਉਮੀਦ ਛੱਡਣ ਲੱਗੇ। ਅਜਿਹੇ ਹਾਲਾਤ ਵਿੱਚ ਗ਼ਰੀਬ ਘਰ ਦਾ ਇੱਕ ਮੁੰਡਾ ਗਾਮਾ ਵੱਡੇ ਸੁਫ਼ਨੇ ਲੈ ਕੇ ਸਮਗਲਿੰਗ ਦੇ ਗ਼ੈਰਕਾਨੂੰਨੀ ਧੰਦੇ ਕਰਨ ਵਾਲੇ ਲੋਕਾਂ ਦੇ ਗਰੋਹ ਦਾ ਹਿੱਸਾ ਬਣਦਾ ਹੈ। ਹੌਲੀ-ਹੌਲੀ ਸਮਗਲਰ ਗਾਮਾ ਬਲੈਕੀਆ ਬਣ ਕੇ ਆਪਣਾ ਦਬਦਬਾ ਕਾਇਮ ਕਰਦਾ ਹੈ। ਗਾਮਾ ਬੈਲਕੀਆ ਜਿੱਥੇ ਗ਼ਰੀਬਾਂ ਤੇ ਬੇਸਹਾਰਿਆਂ ਦਾ ਮਸੀਹਾ ਹੈ ਉੱਥੇ ਆਪਣੇ ਵਿਰੋਧੀਆਂ ਦਾ ਦੁਸ਼ਮਣ ਹੈ।
ਨਵੀਂ ਤਕਨੀਕ ਦੇ ਜ਼ਬਰਦਸਤ ਐਕਸ਼ਨ ਤੇ ਮਨੋਰੰਜਨ ਦੀ ਸੁਮੇਲ ਇਸ ਫਿਲਮ ਦੀ ਕਹਾਣੀ ਵਿੱਚ ਦੇਵ ਖਰੌੜ ਦੀ ਅਦਾਕਾਰੀ ਦੇ ਕਈ ਰੰਗ ਵੇਖਣ ਨੂੰ ਮਿਲਦੇ ਹਨ। ਪਰਮਵੀਰ ਸਿੰਘ ਦੀ ਅਦਾਕਾਰੀ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਫਿਲਮ ਦੀ ਕਹਾਣੀ ਖ਼ੁਦ ਦੇਵ ਖਰੌੜ ਨੇ ਲਿਖੀ ਹੈ। ਡਾਇਲਾਗ ਤੇ ਸਕਰੀਨਪਲੇਅ ਇੰਦਰਪਾਲ ਨੇ ਲਿਖੇ ਹਨ। ਨਵਨੀਅਤ ਸਿੰਘ ਦਾ ਨਿਰਦੇਸ਼ਨ ਫਿਲਮ ਨੂੰ ਨਿਖਾਰਦਾ ਹੈ। ਓਹਰੀ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਨਿਰਮਾਤਾ ਵਿਵੇਕ ਓਹਰੀ, ਮੋਨਾ ਓਹਰੀ ਤੇ ਸੰਦੀਪ ਬਾਂਸਲ ਦੀ ਇਸ ਫਿਲਮ ਦੇ ਸਹਿ ਨਿਰਮਾਤਾ ਪ੍ਰਨਵ ਕਪੂਰ ਤੇ ਸੰਚਿਤ ਓਹਰੀ ਹਨ। ਫਿਲਮ ਵਿੱਚ ਦੇਵ ਖਰੌੜ, ਜਪੁਜੀ ਖਹਿਰਾ, ਆਰੁਸ਼ੀ ਸ਼ਰਮਾ, ਰਾਜ ਸਿੰਘ ਝਿੰਜਰ, ਸੁੱਖੀ ਚਾਹਲ, ਸੈਮੁਅਲ ਜੌਹਨ, ਯਾਦ ਗਰੇਵਾਲ, ਪਰਮਵੀਰ ਸਿੰਘ, ਲੱਕੀ ਧਾਲੀਵਾਲ, ਸ਼ਵਿੰਦਰ ਮਾਹਲ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ।
ਸੰਪਰਕ: 98146-07737