ਏਸ਼ਿਆਈ ਖੇਡਾਂ ਦਾ ਰੰਗਾਰੰਗ ਆਗਾਜ਼
- ਭਾਰਤ ਦੇ ਝੰਡਾਬਰਦਾਰ ਬਣੇ ਹਰਮਨਪ੍ਰੀਤ ਤੇ ਲਵਲੀਨਾ
- ਭਾਰਤ ਦੇ 655 ਅਥਲੀਟ ਖੇਡਾਂ ਵਿੱਚ ਲੈ ਰਹੇ ਨੇ ਹਿੱਸਾ
- 481 ਸੋਨ ਤਗ਼ਮਿਆਂ ਲਈ ਭਿੜਨਗੇ 45 ਦੇਸ਼ਾਂ ਦੇ ਖਿਡਾਰੀ
- ਹਾਂਗਜ਼ੂ ਤੋਂ ਇਲਾਵਾ ਪੰਜ ਹੋਰ ਸ਼ਹਿਰਾਂ ’ਚ ਹੋਣਗੇ ਮੁਕਾਬਲੇ
- ਰਾਸ਼ਟਰਪਤੀ ਜਿਨਪਿੰਗ ਨੇ ਕੀਤਾ ਖੇਡਾਂ ਦਾ ਉਦਘਾਟਨ
ਹਾਂਗਜ਼ੂ, 23 ਸਤੰਬਰ
ਏਸ਼ਿਆਈ ਖੇਡਾਂ ਅੱਜ ਇੱਥੇ ਸ਼ੁਰੂ ਹੋ ਗਈਆਂ ਹਨ। ਉਦਘਾਟਨ ਸਮਾਰੋਹ ਦੌਰਾਨ ਭਵਿੱਖ ਦੀ ‘ਕਾਰਬਨ ਰਹਿਤ’ ਆਤਿਸ਼ਬਾਜ਼ੀ ਦੀ ਝਲਕ ਦਿਸੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਖੇਡਾਂ ਦੇ ਸ਼ੁਰੂ ਹੋਣ ਦਾ ਐਲਾਨ ਕੀਤਾ। ਭਾਰਤੀ ਦਲ ਦੇ ਮਾਰਚ ਦੌਰਾਨ ਝੰਡਾਬਰਦਾਰ ਹਰਮਨਪ੍ਰੀਤ ਸਿੰਘ ਅਤੇ ਲਵਲੀਨਾ ਬੋਰਗੋਹੇਨ ਤਿਰੰਗਾ ਲੈ ਕੇ ਸਭ ਤੋਂ ਅੱਗੇ ਚੱਲ ਰਹੇ ਸਨ। ਅੱਠ ਅਕਤੂਬਰ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਏਸ਼ੀਆ ਦੇ 45 ਦੇਸ਼ਾਂ ਦੇ ਖਿਡਾਰੀ 40 ਖੇਡਾਂ ਤੇ 61 ਮੁਕਾਬਲਿਆਂ ਵਿੱਚ 481 ਸੋਨ ਤਗ਼ਮਿਆਂ ਲਈ ਜ਼ੋਰ-ਅਜ਼ਮਾਇਸ਼ ਕਰਨਗੇ। ਟੂਰਨਾਮੈਂਟ ਵਿੱਚ 12,000 ਅਥਲੀਟ ਹਿੱਸਾ ਲੈ ਰਹੇ ਹਨ। ਲਗਪਗ 80 ਹਜ਼ਾਰ ਦਰਸ਼ਕਾਂ ਦੀ ਸਮਰੱਥਾ ਵਾਲਾ ‘ਬਿਗ ਲੋਟਸ’ ਸਟੇਡੀਅਮ ਖਿਡਾਰੀਆਂ ਦੇ ਸਵਾਗਤ ਲਈ ਸ਼ਿੰਗਾਰਿਆ ਗਿਆ ਹੈ।
ਲਗਪਗ ਦੋ ਘੰਟੇ ਤੱਕ ਚੱਲੇ ਇਸ ਉਦਘਾਟਨੀ ਸਮਾਰੋਹ ਵਿੱਚ ਨਵੇਂ ਯੁੱਗ ’ਚ ਚੀਨ, ਏਸ਼ੀਆ ਅਤੇ ਦੁਨੀਆਂ ਦੇ ਅੰਤਰ ਸਬੰਧਾਂ ਦੇ ਨਾਲ-ਨਾਲ ਏਸ਼ਿਆਈ ਲੋਕਾਂ ਦੀ ਏਕਤਾ, ਪ੍ਰੇਮ ਅਤੇ ਦੋਸਤੀ ਨੂੰ ਦਿਖਾਇਆ ਗਿਆ। ਇਸ ਦੌਰਾਨ ਚੀਨ ਦੇ ਆਧੁਨਿਕੀਕਰਨ ਦੇ ਯਤਨਾਂ ਨੂੰ ਵੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ। ਚੀਨ ਵਿੱਚ ਪਿਛਲੇ ਸਾਲ ਕਰੋਨਾ ਕਾਰਨ ਇਨ੍ਹਾਂ ਖੇਡਾਂ ਨੂੰ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਚੀਨ ਦੀ ਸਰਕਾਰ ਨੇ ਅਰੁਣਾਚਲ ਪ੍ਰਦੇਸ਼ ਦੇ ਤਿੰਨ ਵੁਸ਼ੂ ਖਿਡਾਰੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਭਾਰਤ ਨੇ ਆਪਣੇ ਖੇਡ ਮੰਤਰੀ ਅਨੁਰਾਗ ਠਾਕੁਰ ਦਾ ਦੌਰਾ ਰੱਦ ਕਰ ਦਿੱਤਾ। ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਦੀ ਪ੍ਰਧਾਨ ਪੀਟੀ ਊਸ਼ਾ ਵੀ ਇਸ ਮੌਕੇ ਮੌਜੂਦ ਨਹੀਂ ਸੀ ਕਿਉਂਕਿ ਉਹ ਇਸ ਸਮੇਂ ਸੰਸਦੀ ਦਲ ਨਾਲ ਪੈਰਾਗੂਏ ਵਿੱਚ ਹੈ। ਹਾਲਾਂਕਿ, ਸਮਾਰੋਹ ਵਿੱਚ ਹੋਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਭਾਰਤੀ ਦਲ ਦੇ ਸਟੇਡੀਅਮ ਵਿੱਚ ਦਾਖ਼ਲ ਹੋਣ ਨਾਲ ਹੀ ਤਾੜੀਆਂ ਦੀ ਆਵਾਜ਼ ਤੇਜ਼ ਹੋ ਗਈ। ਇਸ ਦਲ ਦੇ ਝੰਡਾਬਰਦਾਰ ਹਰਮਨਪ੍ਰੀਤ ਸਿੰਘ ਅਤੇ ਲਵਲੀਨਾ ਬੋਰਗੋਹੇਨ ਤਿਰੰਗਾ ਝੰਡਾ ਲਈ ਸਭ ਤੋਂ ਅੱਗੇ ਸਨ। ਭਾਰਤੀ ਦਲ ਦੀ ਪਰੇਡ ਅੱਠਵੇਂ ਨੰਬਰ ’ਤੇ ਰਹੀ।
ਟੈਨਿਸ ਟੀਮ ਤੋਂ ਸਿਰਫ਼ ਰਾਮਕੁਮਾਰ ਰਾਮਨਾਥਨ ਨੇ ਪਰੇਡ ਵਿੱਚ ਹਿੱਸਾ ਲਿਆ ਕਿਉਂਕਿ ਹੋਰ ਖਿਡਾਰੀਆਂ ਦਾ ਐਤਵਾਰ ਨੂੰ ਮੈਚ ਹੈ। ਭਾਰਤ ਦੇ 655 ਅਥਲੀਟ ਇਨ੍ਹਾਂ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਲਗਪਗ 30 ਮਿੰਟ ਦੇ ਸਭਿਆਚਾਰਕ ਪ੍ਰੋਗਰਾਮ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਫਿਰ ਸ਼ਮ੍ਹਾਂ ਰੌਸ਼ਨ ਕੀਤੇ ਜਾਣ ਮਗਰੋਂ ਅਧਿਕਾਰਿਤ ਗਾਣ ਵਜਾਇਆ ਗਿਆ। ਏਸ਼ਿਆਈ ਖੇਡਾਂ ਦਾ 19ਵਾਂ ਸੈਸ਼ਨ ਹਾਂਗਜ਼ੂ ਤੋਂ ਇਲਾਵਾ ਪੰਜ ਹੋਰ ਸ਼ਹਿਰਾਂ ਵਿੱਚ ਵੀ ਹੋਵੇਗਾ। ਸਮਾਰੋਹ ਦੌਰਾਨ ਏਸ਼ੀਆ ਓਲੰਪਿਕ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਰਣਧੀਰ ਸਿੰਘ, ਕੌਮਾਂਤਰੀ ਓਲੰਪਿਕ ਕਮੇਟੀ ਦੇ ਮੁਖੀ ਥੌਮਸ ਬਾਕ, ਕਈ ਦੇਸ਼ਾਂ ਦੇ ਮੁਖੀ ਤੇ ਮੰਨੀਆਂ ਪ੍ਰਮੰਨੀਆਂ ਹਸਤੀਆਂ ਮੌਜੂਦ ਸਨ। -ਪੀਟੀਆਈ