For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਸਾਹਿਤ ਸਭਾ ਵਿੱਚ ਲੱਗੀ ਰਚਨਾਵਾਂ ਦੀ ਛਹਿਬਰ

08:06 AM Jun 12, 2024 IST
ਪੰਜਾਬੀ ਸਾਹਿਤ ਸਭਾ ਵਿੱਚ ਲੱਗੀ ਰਚਨਾਵਾਂ ਦੀ ਛਹਿਬਰ
ਸਾਹਿਤ ਸਭਾ ਦੀ ਇਕੱਤਰਤਾ ਵਿੱਚ ਬਲਬੀਰ ਮਾਧੋਪੁਰੀ, ਪਰਮਜੀਤ ਸਿੰਘ ਮਾਨ, ਕੁਲਦੀਪ ਕੌਰ ਪਾਹਵਾ, ਨਛੱਤਰ ਅਤੇ ਗਗਨ ਸੰਧੂ।
Advertisement

ਕੁਲਦੀਪ ਸਿੰਘ
ਨਵੀਂ ਦਿੱਲੀ, 11 ਜੂਨ
ਪੰਜਾਬੀ ਸਾਹਿਤ ਸਭਾ (ਰਜਿ.) ਨੇ ਆਪਣੀ ਮਾਸਿਕ ਇਕੱਤਰਤਾ ਆਪਣੇ ਪੰਜਾਬੀ ਭਵਨ ਵਿਚ ਡਾ. ਕੁਲਦੀਪ ਕੌਰ ਪਾਹਵਾ ਦੀ ਪ੍ਰਧਾਨਗੀ ਹੇਠ ਕਰਵਾਈ। ਮੰਚ ਦੇ ਸੰਚਾਲਕ ਤੇ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਸੱਦੇ ਗਏ ਲੇਖਕਾਂ ਤੇ ਉਨ੍ਹਾਂ ਦੀਆਂ ਰਚਨਾਵਾਂ ਨਾਲ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਨਛੱਤਰ ਬਤੌਰ ਨਾਵਲਕਾਰ ਪੰਜਾਬੀ ਸਾਹਿਤ ਦੇ ਕੇਂਦਰ ਵਿਚ ਹੈ।
ਨਛੱਤਰ ਨੇ ਆਪਣੇ ਨਵੇਂ ਅਣਛਪੇ ਨਾਵਲ ‘ਮੁਹਾਜ਼’ ਵਿਚੋਂ ਇਕ ਅੰਸ਼ ਪੜ੍ਹ ਕੇ ਸੁਣਾਇਆ ਜਿਸ ਵਿਚ ਥਲ ਸੈਨਾ ਅਤੇ ਹਰਿਮੰਦਰ ਸਾਹਿਬ ਨਾਲ ਜੁੜੇ ਵੇਦਨਾ-ਸੰਵੇਦਨਾ ਭਰਪੂਰ ਸੰਵਾਦ ਅਤੇ ਬਾਰੀਕਬੀਨੀ ਵਾਲੇ ਦ੍ਰਿਸ਼ ਚਿਤਰਣ ਦਿਲ ਨੂੰ ਟੁੰਬਣ ਵਾਲੇ ਸਨ। ਬਰਨਾਲਾ ਤੋਂ ਆਏ ਪਰਮਜੀਤ ਸਿੰਘ ਮਾਨ ਨੇ ਆਪਣੀ ਕਹਾਣੀ ‘ਗੁੱਡੇ ਗੁੱਡੀਆਂ ਦੀ ਖੇਡ’ ਪੜ੍ਹੀ, ਜਿਹੜੀ ਜਲ ਸੈਨਾ ਤੇ ਕਲੱਬ ਸਭਿਆਚਾਰ ਨਾਲ ਜੁੜੀ ਹੋਈ ਸੰਵੇਦਨਸ਼ੀਲ ਨਾਰੀ ਮਨ ਦੀ ਪੇਸ਼ਕਾਰੀ ਹੋ ਨਿੱਬੜੀ। ਗਗਨ ਸੰਧੂ ਜਿਸ ਨੂੰ ਪਿੱਛੇ ਜਿਹੇ ਭਾਰਤੀ ਸਾਹਿਤ ਅਕਾਦਮੀ ਦਾ ‘ਯੁਵਾ ਪੁਰਸਕਾਰ’ ਮਿਲਿਆ, ਨੇ ‘ਖੁਰਾਂ ਵਾਲੇ ਬੰਦੇ’, ‘ਰੱਬ ਤੇ ਘਰ’, ‘ਹਲ ਫ਼ਨਾਮਾ’, ‘ਦੂਰੀ ਐਨੀ ਨਾ ਹੋ ਜਾਵੇ’ ਤੇ ਹੋਰ ਕਵਿਤਾਵਾਂ ਸੁਣਾਈਆਂ ਜਿਨ੍ਹਾਂ ਦੀ ਭਰਵੀਂ ਪ੍ਰਸੰਸਾ ਹੋਈ। ਇਸ ਦੌਰਾਨ ਬਲਬੀਰ ਮਾਧੋਪੁਰੀ ਰਚਨਾਵਾਂ ਬਾਰੇ ਟਿੱਪਣੀਆਂ ਕਰਦੇ ਰਹੇ। ਡਾ. ਕੁਲਦੀਪ ਕੌਰ ਪਾਹਵਾ ਨੇ ਆਪਣੇ ਪ੍ਰਧਾਨਗੀ ਸ਼ਬਦਾਂ ਵਿਚ ਆਖਿਆ ਕਿ ਤਿੰਨੋਂ ਸਿਰਜਣਹਾਰ ਆਪੋ-ਆਪਣੇ ਖੇਤਰ ਵਿਚ ਮਾਹਿਰ ਹਨ। ਨਛੱਤਰ ਸਥਾਪਤ ਨਾਵਲਕਾਰ ਹੈ, ਖ਼ਾਸ ਤੌਰ ਤੇ ‘ਕੈਂਸਰ ਟਰੇਨ’ ਨਾਵਲ ਨਾਲ ਉਹ ਵਿਦੇਸ਼ਾਂ ਤਕ ਪਹੁੰਚਿਆ। ਪਰਮਜੀਤ ਮਾਨ ਦੀ ਕਹਾਣੀ ਵਿਸ਼ਵ ਪੱਧਰੀ ਤੇ ਪੰਜਾਬੀ ’ਚ ਨਵੀਂ ਰਚਨਾਕਾਰੀ ਹੈ। ਗਗਨ ਸੰਧੂ ਕੋਲ ਕਾਵਿਕਾਰੀ ਵਿਚ ਜੀਵਨ ਦੀ ਸਹਿਜਤਾ, ਖਲਾਅ ਦੇ ਪ੍ਰਗਟਾਵੇ ਲਈ ਕਲਾਤਮਕਤਾ ਦਾ ਭਰਪੂਰ ਖ਼ਜ਼ਾਨਾ ਹੈ। ਇਸ ਮੌਕੇ ਕੁਲਦੀਪ ਕੌਰ ਪਾਹਵਾ ਨੇ ਆਪਣੀਆਂ ਕਵਿਤਾਵਾਂ, ‘ਧੁਰ ਅੰਦਰ’, ‘ਕਲਾਸਟਰੋ ਫ਼ੋਬੀਆ ਤੇ ਬ੍ਰਹਿਮੰਡੀ’, ‘ਮੇਰਾ ਘਰ’ ਸੁਣਾਈਆਂ, ਜਿਸ ਵਿਚੋਂ ਨਾਰੀਵਾਦੀ ਚੇਤਨਾ ਤੇ ਬ੍ਰਹਿਮੰਡੀ ਚੇਤਨਾ ਦੇ ਪ੍ਰਤੱਖ ਝਲਕਾਰੇ ਪੈਂਦੇ ਸਨ। ਇਸ ਸਾਹਿਤਕ ਇਕੱਤਰਤਾ ਵਿਚ ਹੋਰਾਂ ਸਣੇ ਗਜ਼ਲਕਾਰ ਜਸਵੰਤ ਸਿੰਘ ਸੇਖਵਾਂ, ਡਾ. ਹਰਵਿੰਦਰ ਸਿੰਘ, ਡਾ. ਮਨਜੀਤ ਸਿੰਘ, ਫ਼ਿਲਮਸਾਜ਼ ਤਰਸੇਮ, ਅਮਨਦੀਪ ਸਿੰਘ, ਨੈਸ਼ਨਲ ਬੁਕ ਸ਼ਾਪ ਦੇ ਪਰਮਜੀਤ ਸਿੰਘ, ਤਰਸੇਮ ਸਿੰਘ ਕਾਜਲਾ, ਮਨਜੀਤ ਸਿੰਘ ਗਰਚਾ, ਵਿਦਿਆਰਥੀ ਤੇ ਖੋਜਾਰਥੀ ਸ਼ਾਮਲ ਹੋਏ।

Advertisement

Advertisement
Author Image

joginder kumar

View all posts

Advertisement
Advertisement
×