ਸਮਾਜ ਦੀ ਝਲਕ ਦਿਖਾਉਂਦਾ ਜਤਿੰਦਰ ਹਾਂਸ ਦਾ ਕਹਾਣੀ ਸੰਗ੍ਰਹਿ
ਹਰੀਪਾਲ
ਜਤਿੰਦਰ ਹਾਂਸ ਪੰਜਾਬੀ ਸਾਹਿਤ ਵਿੱਚ ਉਹ ਥਾਂ ਬਣਾ ਚੁੱਕਿਆ ਹੈ ਜਿਸ ਦੀ ਤਮੰਨਾ ਹਰ ਲੇਖਕ ਕਰਦਾ ਹੈ। ਕਹਿੰਦੇ ਹਨ ਕਿ ਜਦੋਂ ਕੋਈ ਲੇਖਕ ਕਿਸੇ ਵਿਚਾਰਧਾਰਕ ਗਰੁੱਪ ਨਾਲ ਸਬੰਧਿਤ ਹੋ ਜਾਂਦਾ ਹੈ ਤਾਂ ਉਸ ਦੀ ਰਚਨਾ ਆਪਣੇ ਵਿੱਚ ਸਮਾਜ ਦਾ ਵੱਡਾ ਦਾਇਰਾ ਨਹੀਂ ਸਮਾ ਸਕਦੀ। ਉਹ ਇੱਕ ਸਰਕਲ ਵਿੱਚ ਹੀ ਘੁੰਮ ਜਾਂਦਾ ਹੈ। ਜਤਿੰਦਰ ਦੀ ਵੱਡੀ ਖ਼ੂਬਸੂਰਤੀ ਇਹੀ ਹੈ ਕਿ ਉਹ ਧਰਤੀ ਨਾਲ ਜੁੜਿਆ ਹੋਇਆ ਹੈ ਜਾਂ ਇੰਜ ਕਹਿ ਲਈਏ ਕਿ ਉਹ ਆਮ ਲੋਕਾਂ ਦੀਆਂ ਸਮੱਸਿਆਵਾਂ ਨਾਲ ਜੁੜਿਆ ਹੋਇਆ ਲੇਖਕ ਹੈ। ਉਹ ਸਹਿਜ ਸੁਭਾਅ ਹੀ ਸਮਾਜ ਵਿੱਚ ਵਿਚਰਦਾ ਤਾਈਆਂ-ਚਾਚੀਆਂ ਨਾਲ ਗੱਲਾਂ ਕਰਦਾ, ਸੱਥ ਵਿੱਚ ਤਾਸ਼ ਖੇਡਦਾ ਜਾਂ ਕਿਸੇ ਦੋਸਤ ਮਿੱਤਰ ਨਾਲ ਗੱਲਾਂ ਕਰਦਾ ਹੀ ਪਾਤਰ ਸਿਰਜ ਲੈਂਦਾ ਹੈ। ਇਸੇ ਕਰਕੇ ਪਾਠਕ ਨੂੰ ਬਹੁਤ ਵਾਰ ਕਿਸੇ ਪਾਤਰ ਵਿੱਚੋਂ ਆਪਣਾ ਆਪ ਦਿਸਦਾ ਹੈ। ਇਹੀ ਉਸ ਦਾ ਪਾਠਕਾਂ ਵਿੱਚ ਮਕਬੂਲ ਹੋਣ ਦਾ ਵੱਡਾ ਕਾਰਨ ਹੈ।
ਉਸ ਬਾਰੇ ਇੱਕ ਗੱਲ ਹੋਰ ਮਸ਼ਹੂਰ ਹੈ ਕਿ ਉਹ ਜਦੋਂ ਵੀ ਗੱਲ ਕਰਦਾ ਹੈ ਤਾਂ ਬਹੁਤ ਘੱਟ ਬੋਲਦਾ ਹੈ ਪਰ ਬਹੁਤਾ ਸਮਾਂ ਦੂਜਿਆਂ ਦੀਆਂ ਗੱਲਾਂ ਸੁਣਨ ’ਤੇ ਲਾਉਂਦਾ ਹੈ। ਉਸ ਦੀਆਂ ਮਿਕਨਾਤੀਸੀ ਅੱਖਾਂ ਸਾਹਮਣੇ ਬੈਠੇ ਇਨਸਾਨ ਦਾ ਐਕਸਰੇਅ ਕਰ ਦਿੰਦੀਆਂ ਹਨ। ਇਸੇ ਕਰਕੇ ਉਸ ਦੇ ਬਹੁਤ ਪਾਤਰ ਪਾਠਕਾਂ ਦੇ ਚੇਤਿਆਂ ’ਚੋਂ ਨਹੀਂ ਭੁੱਲਦੇ। ਉਸ ਦੀ ਹਰ ਕਹਾਣੀ ਸਮਾਜ ਦੇ ਕਿਸੇ ਨਾ ਕਿਸੇ ਵਿਸ਼ੇ ਨਾਲ ਸਬੰਧਿਤ ਹੁੰਦੀ ਹੈ। ਉਸ ਨੇ ਆਪਣੀ ਕਿਸੇ ਰਚਨਾ ਵਿੱਚ ਕੋਈ ਆਦਰਸ਼ਵਾਦੀ ਪਾਤਰ ਨਹੀਂ ਸਿਰਜਿਆ ਕਿਉਂਕਿ ਆਦਰਸ਼ਵਾਦ ਵਿਹਾਰਕ ਜ਼ਿੰਦਗੀ ਵਿੱਚ ਚੱਲ ਹੀ ਨਹੀਂ ਸਕਦਾ। ਉਸ ਦੇ ਪਾਤਰ ਮਨੁੱਖੀ ਲੋੜਾਂ, ਥੁੜ੍ਹਾਂ, ਲਾਲਚਾਂ, ਇੱਛਾਵਾਂ ਨੂੰ ਪੂਰਾ ਕਰਨ ਦੀ ਦੌੜ ਵਿੱਚ ਭੱਜੇ ਫਿਰਦੇ ਹਨ ਤੇ ਇਹੀ ਦੌੜ ਤਾਂ ਸਮਾਜ ਨੂੰ ਘੁੰਮਾਈ ਫਿਰਦੀ ਹੈ। ਬਹੁਤੀ ਵਾਰ ਉਹ ਜਿਹੜੀ ਗੱਲ ਕਹਿੰਦਾ ਹੈ, ਉਸ ਦੀ ਰਚਨਾ ਪਹਿਲੀ ਵਾਰ ਪੜ੍ਹ ਕੇ ਪੱਲੇ ਨਹੀਂ ਪੈਂਦੀ। ਇੱਕ-ਦੋ ਵਾਰ ਪੜ੍ਹਕੇ ਹੀ ਪਤਾ ਲੱਗਦਾ ਹੈ ਕਿ ਪਾਠਕ ਤਾਂ ਕੋਈ ਹੋਰ ਹੀ ਨਤੀਜੇ ਕੱਢੀ ਬੈਠਾ ਸੀ ਪਰ ਅਸਲ ਵਿੱਚ ਜਤਿੰਦਰ ਕੁੱਝ ਇਸ ਤੋਂ ਵੱਖਰਾ ਸੁਨੇਹਾ ਦੇ ਰਿਹਾ ਹੈ। ਇਸੇ ਕਰਕੇ ਮੈਂ ਉਸ ਦੀਆਂ ਸਾਰੀਆਂ ਕਹਾਣੀਆਂ ਦਾ ਨਹੀਂ ਬਸ ਦੋ-ਚਾਰ ਕਹਾਣੀਆਂ ਦਾ ਹੀ ਜ਼ਿਕਰ ਕਰਾਂਗਾ ਕਿਉਂਕਿ ਸਾਰੀਆਂ ਕਹਾਣੀਆਂ ਦਾ ਜ਼ਿਕਰ ਕਰਨਾ ਹੋਵੇ ਤਾਂ ਇਹ ਲੇਖ ਬਹੁਤ ਲੰਬਾ ਹੋ ਜਾਵੇਗਾ।
ਉਸ ਦੀ ਇੱਕ ਕਹਾਣੀ ਹੈ ‘ਬੰਦਾ ਮਰਦਾ ਕਿੱਥੇ ਦੇਖ ਹੁੰਦਾ।’ ਇੱਕ ਵਾਰ ਤਾਂ ਕਹਾਣੀ ਪੜ੍ਹ ਕੇ ਪਾਠਕ ਨੂੰ ਲੱਗਦਾ ਹੈ ਕਿ ਕਹਾਣੀ ਦੇ ਪਾਤਰ ਪਰਮਜੀਤ ਤੋਂ ਆਪਣੀ ਮਾਂ ਦਾ ਮਰਨਾ ਦੇਖਿਆ ਨਹੀਂ ਜਾਂਦਾ। ਸ਼ਾਇਦ ਪਾਠਕ ਨੂੰ ਪਰਮਜੀਤ ’ਤੇ ਬੜਾ ਤਰਸ ਜਿਹਾ ਵੀ ਆਉਂਦਾ ਹੈ ਪਰ ਅਸਲ ਗੱਲ ਹੋਰ ਹੈ। ਜਤਿੰਦਰ ਇਸ ਕਹਾਣੀ ਰਾਹੀਂ ਪੂੰਜੀਵਾਦੀ ਸਿਸਟਮ ਵਿੱਚ ਜ਼ਰਜ਼ਰੇ ਹੋ ਰਹੇ ਰਿਸ਼ਤਿਆਂ ਦੀ ਗੱਲ ਕਰਦਾ ਹੈ। ਸਭ ਤੋਂ ਪਵਿੱਤਰ ਰਿਸ਼ਤਾ ਮਾਂ ਦਾ ਰਿਸ਼ਤਾ ਵੀ ਨਫ਼ੇ ਨੁਕਸਾਨ ਦੀ ਤੱਕੜੀ ਵਿੱਚ ਤੁਲ ਜਾਂਦਾ ਹੈ। ਪਰਮਜੀਤ ਨੂੰ ਆਪਣੀ ਮਾਂ ਇੱਕ ਬੋਝ ਲੱਗਣ ਲੱਗਦੀ ਹੈ ਕਿਉਂਕਿ ਮਾਂ ਹੁਣ ਕੁੱਝ ਕਰਨ ਵਾਲੀ ਨਹੀਂ ਰਹੀ ਅਤੇ ਪੂੰਜੀਵਾਦ ਵਿੱਚ ਜੋ ਉਤਪਾਦਨ ਕਰਨਾ ਵਾਲਾ ਨਹੀਂ ਹੁੰਦਾ ਉਸ ਨੂੰ ਖ਼ਤਮ ਕੀਤਾ ਜਾਂਦਾ ਹੈ। ਇਹੀ ਸੋਚ ਪਰਮਜੀਤ ’ਤੇ ਭਾਰੂ ਹੋ ਗਈ ਹੈ। ਪਰਮਜੀਤ ਵੀ ਆਪਣੀ ਗ਼ੈਰ-ਉਤਪਾਦਕ ਮਾਂ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਹੈ। ਇਸੇ ਕਰਕੇ ਪੂੰਜੀਵਾਦੀ ਮੁਲਕਾਂ ਵਿੱਚ ਓਲਡਏਜ ਹੋਮ ਹੋਂਦ ਵਿੱਚ ਆਏ ਹਨ। ਪਰਮਜੀਤ ਦੀ ਮਾਂ ਮਰ ਰਹੀ ਹੈ ਜਾਂ ਉਸ ਨੇ ਮਰ ਹੀ ਜਾਣਾ ਹੈ ਪਰ ਵਾਰ ਵਾਰ ਕਹਾਣੀ ਪੜ੍ਹ ਕੇ ਕਹਾਣੀ ਦਾ ਸੱਚ ਸਾਹਮਣੇ ਆਉਂਦਾ ਹੈ ਕਿ ਅਸਲ ਵਿੱਚ ਪਰਮਜੀਤ ਮਰ ਰਿਹਾ ਹੈ ਜਦ ਉਹ ਮੈਡਮ (ਪਿੰਡ ਦੇ ਸਕੂਲ ਦੀ ਅਧਿਆਪਕ) ਨੂੰ ਦੱਸਦਾ ਹੈ ਕਿ ਮੇਰਾ ਜੀਅ ਕਰਦਾ ਹੈ ਕਿ ‘ਮਾਂ ਨੂੰ ਸਿਰ ਨਹਾ ਦੇਵਾਂ।’ ਪਹਿਲਾਂ ਤਾਂ ਮੈਡਮ ਖ਼ੁਸ਼ ਹੁੰਦੀ ਹੈ ਕਿ ਮਾਂ ਦੀ ਸੇਵਾ ਕਰਨੀ ਚੰਗਾ ਕੰਮ ਹੈ ਪਰ ਅਸਲ ਵਿੱਚ ਪਰਮਜੀਤ ਜਦੋਂ ਮੈਡਮ ਨੂੰ ਦੱਸਦਾ ਹੈ ਕਿ ਮੇਰਾ ਮਤਲਬ ‘ਸਿਰ ਨਹਾਉਣ’ ਤੋਂ ਮਾਂ ਦੀ ਮੁਕਤੀ ਕਰਨਾ ਹੈ। ਫਿਰ ਮੈਡਮ ਨੂੰ ਪਰਮਜੀਤ ਵਿਚਲਾ ਇਨਸਾਨ ਮਰਦਾ ਦੇਖਣਾ ਔਖਾ ਹੋ ਜਾਂਦਾ ਹੈ ਤੇ ਉਸ ਨੂੰ ਉੱਥੇ ਬੈਠਣਾ ਵੀ ਔਖਾ ਲੱਗਦਾ ਹੈ। ਮੈਡਮ ਉੱਥੋਂ ਉੱਠਣ ਦਾ ਬਹਾਨਾ ਸੋਚਣ ਲੱਗਦੀ ਹੈ ਕਿ ਜਿਸ ਬੰਦੇ ਦਾ ਉਹ ਐਨਾ ਸਤਿਕਾਰ ਕਰਦੀ ਸੀ ਕਿੰਨੀ ਘਟੀਆ ਮੌਤ ਮਰ ਰਿਹਾ ਹੈ।
ਜਤਿੰਦਰ ਦੀ ਇੱਕ ਹੋਰ ਕਹਣੀ ਹੈ ‘ਅਰਘ’। ਇਹ ਔਰਤ ਦੀ ਵੇਦਨਾ ਨਾਲ ਭਰਪੂਰ ਕਹਾਣੀ ਇੱਕ ਮਰਦ ਲੇਖਕ ਨੇ ਸਿਰਜੀ ਹੈ ਜੋ ਬੜੀ ਹੈਰਾਨਕੁੰਨ ਗੱਲ ਲੱਗਦੀ ਹੈ। ਇੱਥੇ ਇੱਕ ਔਰਤ ਦੀ ਦਾਸਤਾਨ ਹੈ ਜਿਸ ਦਾ ਬਾਣੀਆਂ ਪਤੀ ਦੁਕਾਨ ’ਤੇ ਆਏ ਗਾਹਕਾਂ ਦੀਆਂ ਲੋੜਾਂ ਤਾਂ ਸਮਝ ਸਕਦਾ ਹੈ ਪਰ ਆਪਣੀ ਜੀਵਨ ਸਾਥਣ ਦੀ ਵੇਦਨਾ ਨੂੰ ਨਹੀਂ ਸਮਝਦਾ। ਉਸ ਦੀ ਪਤਨੀ ਇੱਕ ਬੱਚੇ ਦੀ ਮਾਂ ਹੋ ਕੇ ਵੀ ਆਪਣੇ ਆਪ ਨੂੰ ਅਣਵਿਆਹੀ ਸਮਝਦੀ ਹੈ। ਉਹ ਆਪਣੇ ਅਰਮਾਨਾਂ ਤੇ ਆਪਣੀਆਂ ਜਿਸਮਾਨੀ ਲੋੜਾਂ ਨੂੰ ਪੂਰਾ ਕਰਨ ਲਈ ਸਜਦੀ ਸੰਵਰਦੀ ਹੈ। ਬਣ ਠਣ ਕੇ ਆਪਣੇ ਮਰਦ ਅੱਗੇ ਪੇਸ਼ ਹੁੰਦੀ ਹੈ ਪਰ ਉਸ ਦਾ ਪਤੀ ਤਾਂ ਬਰਫ਼ ਦੀ ਸਿੱਲ ਹੈ। ਉਸ ਬਰਫ਼ ਦੀ ਸਿੱਲ ਅੱਗੇ ਉਸ ਦੇ ਸਾਰੇ ਯਤਨ ਫੇਲ੍ਹ ਹੋ ਜਾਂਦੇ ਹਨ ਤੇ ਉਹ ਹਰ ਰੋਜ਼ ਸੁਹਾਗਣ ਤੋਂ ਵਿਧਵਾ ਹੋਣ ਦਾ ਸਫ਼ਰ ਹੰਢਾਉਂਦੀ ਹੈ। ਉਹ ਸੁਪਨੇ ਵਿੱਚ ਆਪਣੇ ਕਾਲਜ ਦੇ ਦੋਸਤ ਨਾਲ ਰਾਸਲੀਲਾ ਰਚਾ ਕੇ ਇੱਕ ਬੱਚੇ ਨੂੰ ਜਨਮ ਦਿੰਦੀ ਹੈ ਤੇ ਸੁਪਨਾ ਟੁੱਟਣ ’ਤੇ ਬਹੁਤ ਦੁਖੀ ਵੀ ਹੁੰਦੀ ਹੈ। ਕਦੇ ਉਹ ਆਪਣੇ ਕਾਲਜ ਵਾਲੇ ਦੋਸਤ ਨੂੰ ਮਿਲਣ ਵਾਰੇ ਵੀ ਸੋਚਦੀ ਹੈ। ਉਸ ਦੇ ਸਾਰੇ ਅਰਮਾਨ ਸਮਾਜਿਕ ਬੰਧਨਾਂ ਜਾਂ ਬੱਚੇ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਦੀ ਭੇਟ ਚੜ੍ਹ ਜਾਂਦੇ ਹਨ। ਇੱਥੇ ਇੱਕ ਗੱਲ ਸੋਚਣ ਵਾਲੀ ਹੈ ਕਿ ਜਿੰਨੀਆਂ ਵੀ ਔਰਤਾਂ ਨੇ ਵਿਆਹ ਤੋਂ ਬਾਅਦ ਆਪਣੇ ਪਤੀ ਨੂੰ ਛੱਡਿਆ ਹੈ, ਬੱਚਿਆਂ ਦੇ ਪਾਲਣ ਪੋਸ਼ਣ ਤੋਂ ਬਾਅਦ ਹੀ ਛੱਡਿਆ ਹੈ। ਜਾਨਵਰਾਂ ਵਿੱਚ ਵੀ ਇਹ ਵਰਤਾਰਾ ਹੈ ਕਿ ਨਰ ਅਤੇ ਮਾਦਾ ਬੱਚੇ ਜੰਮਦੇ ਹਨ, ਪਾਲਦੇ ਹਨ। ਉਨ੍ਹਾਂ ਨੂੰ ਚੋਗਾ ਚੁਗਣਾ ਅਤੇ ਉੱਡਣਾ ਸਿਖਾਉਂਦੇ ਹਨ ਤੇ ਫਿਰ ਆਪਸ ਵਿੱਚ ਵੀ ਬਹੁਤ ਵਾਰ ਅਲਹਿਦਾ ਹੋ ਜਾਂਦੇ ਹਨ। ਇਹ ਦੇਖਣ ਵਿੱਚ ਆਇਆ ਹੈ ਕਿ ਮਰਦ ਤਲਾਕ ਦੇਣ ਲੱਗੇ ਬੱਚਿਆਂ ਦੀ ਉਮਰ ਦੀ ਪਰਵਾਹ ਨਹੀਂ ਕਰਦੇ ਪਰ ਔਰਤਾਂ ਕਰਦੀਆਂ ਹਨ। ਇਸ ਕਰਕੇ ਬਹੁਤ ਵਾਰੀ ਔਰਤਾਂ ਬੱਚੇ ਪਲਣ ਤੋਂ ਬਾਅਦ ਹੀ ਤਲਾਕ ਵਾਰੇ ਸੋਚਦੀਆਂ ਹਨ। ਇਸ ਸਦੀ ਦੇ ਅੰਤ ਤੱਕ ਆਉਣ ਵਾਲਾ ਸਮਾਂ ਸਮਾਜ ਦੇ ਇਨ੍ਹਾਂ ਬੰਧਨਾਂ ਨੂੰ ਤੋੜ ਦੇਵੇਗਾ।
ਇੱਕ ਹੋਰ ਕਹਾਣੀ ‘ਸ਼ਰੀਂਹ ਦੇ ਪੱਤ’ ਦਾ ਜ਼ਿਕਰ ਕਰਨਾ ਜ਼ਰੂਰ ਬਣਦਾ ਹੈ ਕਿ ਕਹਾਣੀ ਕਿਵੇਂ ਰਿਸ਼ਤਿਆਂ ਨੂੰ ਨਵਾਂ ਮੋੜ ਦੇ ਦਿੰਦੀ ਹੈ। ਪੰਜਾਬੀ ਜੱਟਾਂ ਵਿੱਚ ਇਹ ਆਮ ਵਰਤਾਰਾ ਹੈ ਕਿ ਜਦੋਂ ਇੱਕ ਭਰਾ ਦੇ ਮੁੰਡਾ ਨਹੀਂ ਹੁੰਦਾ ਜਾਂ ਉਸ ਦਾ ਇਕਲੌਤਾ ਮੁੰਡਾ ਮਰ ਜਾਂਦਾ ਹੈ ਤਾਂ ਦੂਜਾ ਭਰਾ ਜਿਸ ਦੇ ਦੋ ਮੁੰਡੇ ਹੁੰਦੇ ਹਨ, ਉਹ ਆਪਣਾ ਇੱਕ ਮੁੰਡਾ ਆਪਣੇ ਦੂਜੇ ਭਰਾ ਨੂੰ ਦੇ ਦਿੰਦਾ ਹੈ ਜਿਸ ਦੇ ਮੁੰਡਾ ਨਹੀਂ ਹੁੰਦਾ। ਇਸ ਵਿੱਚ ਜ਼ਮੀਨ ਦਾ ਲਾਲਚ ਵੀ ਛੁਪਿਆ ਹੁੰਦਾ ਹੈ। ਜਦੋਂ ਭਾਗ ਆਪਣੇ ਭਰਾ ਨੇਕ ਦੇ ਮੁੰਡੇ ਬਿੰਨੀ ਦੀ ਮੌਤ ਹੋਣ ਤੋਂ ਬਾਅਦ ਆਪਣਾ ਇੱਕ ਮੁੰਡਾ ਦੇਣ ਬਾਰੇ ਗੱਲ ਕਰਨ ਜਾਂਦਾ ਹੈ ਤਾਂ ਰਾਹ ਵਿੱਚ ਜਾਂਦਾ ਜਾਂਦਾ ਭਾਗ ਆਪਣਾ ਇਰਾਦਾ ਬਦਲ ਲੈਂਦਾ ਹੈ। ਨੇਕ ਦੇ ਘਰ ਪਹੁੰਚ ਕੇ ਉਹ ਨੇਕ ਨੂੰ ਕਹਿੰਦਾ ਹੈ ਕਿ ਚੱਲ ਆਪਾਂ ਡਾਕਟਰ ਦੇ ਚੱਲੀਏ ਤੇ ਤੇਰਾ ਆਪਰੇਸ਼ਨ ਰਿਵਰਸ ਕਰਾ ਲਈਏ ਤਾਂ ਕਿ ਆਪਣਾ ਬਿੰਨੀ ਵਾਪਸ ਆ ਜਾਵੇ। ਇੱਥੇ ਪਾਠਕ ਹੈਰਾਨ ਹੋ ਜਾਂਦਾ ਹੈ ਕਿਉਂਕਿ ਪਾਠਕ ਨੇ ਤਾਂ ਕਹਾਣੀ ਦਾ ਅੰਤ ਕੁੱਝ ਹੋਰ ਹੀ ਕਿਆਸਿਆ ਸੀ। ਇਹੀ ਜਤਿੰਦਰ ਦੀ ਖ਼ੂਬੀ ਹੈ ਜਾਂ ਕਲਾ ਹੈ ਕਿ ਉਹ ਪਾਠਕ ਨੂੰ ਕਹਾਣੀ ਦੇ ਅੰਤ ਦਾ ਪਤਾ ਨਹੀਂ ਲੱਗਣ ਦਿੰਦਾ।
ਉਸ ਦੀ ਕਹਾਣੀ ‘ਖੰਨਾ-ਖੰਨਾ ਈ ਆ’ ਸਾਡੇ ਰਿਸ਼ਤਿਆਂ ’ਤੇ ਪੈ ਰਹੇ ਪੂੰਜੀਵਾਦ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ ਕਿ ਕੋਮਲ ਅਤੇ ਸੱਚੇ ਸੁੱਚੇ ਰਿਸ਼ਤੇ ਕਿਵੇਂ ਪੂੰਜੀਵਾਦੀ ਸੋਚ ਦੀ ਭੇਟ ਚੜ੍ਹ ਜਾਂਦੇ ਹਨ ਕਿਉਂਕਿ ਪੂੰਜੀਵਾਦ ਮਨੁੱਖ ਨੂੰ ਇਹੋ ਜਿਹੀ ਚੂਹੇ ਦੌੜ ਵਿੱਚ ਫਸਾਉਂਦਾ ਹੈ ਜਿਸ ਵਿੱਚੋਂ ਨਿਕਲਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਚੂਹੇ ਦੌੜ ਦਾ ਮਰੀਜ਼ ਸਿਰਫ਼ ਉੱਪਰ ਨੂੰ ਦੇਖਦਾ ਹੈ। ਉਹ ਅਹਿਸਾਸਾਂ, ਕੋਮਲ ਭਾਵਾਂ ਨੂੰ ਕੁਚਲਦਾ ਚਲਾ ਜਾਂਦਾ ਹੈ। ਇੱਕ ਉਮਰ ਹੁੰਦੀ ਹੈ ਪੰਦਰਾਂ ਸੋਲ੍ਹਾਂ ਸਾਲ ਦੀ, ਜਦੋਂ ਮੁੰਡਿਆਂ ਨੂੰ ਆਪਣੀ ਕੋਈ ਅਧਿਆਪਕ ਚੰਗੀ ਲੱਗਣ ਲੱਗਦੀ ਹੈ ਅਤੇ ਕੁੜੀਆਂ ਨੂੰ ਆਪਣਾ ਕੋਈ ਮਾਸਟਰ ਚੰਗਾ ਲੱਗਣ ਲੱਗਦਾ ਹੈ। ਇਸ ਕਰਕੇ ਆਪਣੀ ਅਧਿਆਪਕ ‘ਪ੍ਰਵੇਸ਼’ ਨੂੰ ਦਿਲੋਂ ਪਿਆਰ ਕਰਨ ਵਾਲਾ ਅਵਤਾਰ ਸਿੰਘ, ਅਵਤਾਰ ਸਿੰਘ ਨਹੀਂ ਰਿਹਾ ਸਗੋਂ ‘ਪਾਸ਼’ ਬਣ ਗਿਆ। ਇਸ ਉਮਰ ਵਿੱਚ ਕੋਈ ਆਂਢ ਗੁਆਂਢ ਦਾ ਮੁੰਡਾ-ਕੁੜੀ ਵੀ ਆਪਸ ਵਿੱਚ ਖਿੱਚੇ ਜਾਂਦੇ ਹਨ। ਇਹ ਨਿਰਛਲ ਪਿਆਰ ਜਾਂ ਬੇਗਰਜ਼ ਖਿੱਚ ਹੁੰਦੀ ਹੈ। ਇਸੇ ਖਿੱਚ ਦੇ ਅਧਿਕਾਰ ਸਮਝਦਾ ਕੁਲਵਿੰਦਰ, ਆਪਣੀ ਬਚਪਨ ਦੀ ਖਿੱਚ ਕੈਨੇਡਾ ਗਈ ‘ਸਵੀਟੀ’ ਬਾਰੇ ਕਹਿੰਦਾ ਹੈ ਕਿ ਜੇਕਰ ਕੈਨੇਡਾ ਵਿੱਚੋਂ ‘ਸਵੀਟੀ’ ਕੱਢ ਲਈਏ ਤਾਂ ਕੈਨੇਡਾ ਕੋਲ ਕੀ ਰਹਿ ਜਾਵੇਗਾ ਪਰ ਜਦੋਂ ਆਪਣੇ ਕੈਨੇਡਾ ਗਏ ਬੇਟੇ ਵਾਰੇ ਸਵੀਟੀ ਨਾਲ ਕੈਨੇਡਾ ਦੀ ਪੀ.ਆਰ. ਵਾਰੇ ਗੱਲ ਕਰਦਾ ਹੈ ਤਾਂ ਸਵੀਟੀ ਵੀ ਟੇਢੇ ਢੰਗ ਨਾਲ ਐੱਲ.ਐੱਮ.ਆਈ.ਓ. ਦੇ ਪੈਸੇ ਮੰਗ ਲੈਂਦੀ ਹੈ। ਜਤਿੰਦਰ ਨੇ ਬੜੇ ਹੀ ਕਲਾਤਮਿਕ ਤਰੀਕੇ ਨਾਲ ਇੱਕ ਨਿਰਛਲ ਰਿਸ਼ਤੇ ਦਾ ਵਪਾਰ ਹੁੰਦਾ ਦਿਖਾਇਆ ਹੈ।
ਇਸ ਸੰਗ੍ਰਹਿ ਵਿੱਚ ਜਤਿੰਦਰ ਨੇ ਰਾਜਨੀਤੀ, ਧਾਰਮਿਕ ਕੱਟੜਤਾ, ਨਸ਼ਿਆਂ ਦਾ ਜਵਾਨੀ ’ਤੇ ਅਸਰ, ਕੁੜੀਆਂ ਨਾਲ ਹੁੰਦੇ ਧੱਕਿਆਂ ਵਰਗੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਹੈ। ਅਖੀਰ ਵਿੱਚ ਕਹਾਂਗੇ ਕਿ ਸਾਹਿਤ ਹਮੇਸ਼ਾਂ ਸੱਭਿਆਚਾਰ ਨੂੰ ਮੋੜਾ ਦਿੰਦਾ ਹੈ। ਜਿਸ ਤਰ੍ਹਾਂ ਦਾ ਸਾਹਿਤ ਸਾਡੇ ਲੇਖਕ ਸਿਰਜਦੇ ਹਨ, ਉਸੇ ਤਰ੍ਹਾਂ ਦਾ ਹੀ ਸਾਡਾ ਸਮਾਜ ਬਣਦਾ ਜਾਂਦਾ ਹੈ। ਨਿਰੋਲ ਕਿਸੇ ਘਟਨਾ ਨੂੰ ਹੂ-ਬ-ਹੂ ਚਿਤਰਨਾ ਸਾਹਿਤ ਨਹੀਂ ਹੁੰਦਾ ਪਰ ਕਲਾ ਦੀ ਪੁੱਠ ਕਿਸੇ ਵੀ ਘਟਨਾ ਨੂੰ ਸਾਹਿਤ ਬਣਾ ਦਿੰਦੀ ਹੈ। ਜਤਿੰਦਰ ਇਸ ਕਲਾ ਵਿੱਚ ਪੂਰੀ ਮੁਹਾਰਤ ਰੱਖਦਾ ਹੈ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਸੁਰਮਾ ਪਾਉਣਾ ਤਾਂ ਸਭ ਨੂੰ ਆਉਂਦਾ ਹੈ ਪਰ ਮਟਕਾਉਣਾ ਕਿਸੇ ਕਿਸੇ ਨੂੰ ਹੀ ਆਉਂਦਾ ਹੈ। ਜਤਿੰਦਰ ਨੂੰ ਸੁਰਮਾ ਮਟਕਾਉਣਾ ਆਉਂਦਾ ਹੈ। ਉਮੀਦ ਹੈ ਕਿ ਪੰਜਾਬੀ ਪਾਠਕ ਜਤਿੰਦਰ ਦੇ ਇਸ ਸੱਭਿਆਚਾਰਕ ਦਸਤਾਵੇਜ਼ ਨੂੰ ਭਰਪੂਰ ਹੁੰਗਾਰਾ ਦੇਣਗੇ।
ਸੰਪਰਕ: 403 714 4816