ਨਥਾਣਾ ’ਚ ਪਾਣੀ ਦੀ ਨਿਕਾਸੀ ਲਈ ਪੱਕਾ ਮੋਰਚਾ ਜਾਰੀ
ਪੱਤਰ ਪ੍ਰੇਰਕ
ਨਥਾਣਾ, 21 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਥਾਣਾ ਦੇ ਪਾਣੀ ਦੀ ਨਿਕਾਸੀ ਬਾਰੇ ਇਥੇ ਚਲਾਏ ਜਾ ਰਹੇ ਪੱਕੇ ਮੋਰਚੇ ਦਾ ਅੱਜ ਦਾ ਪ੍ਰਬੰਧ ਮਹਿਲਾ ਕਿਸਾਨ ਵਰਕਰਾਂ ਨੇ ਸੰਭਾਲਿਆ। ਧਰਨੇ ਦੇ 39ਵੇਂ ਦਿਨ ਇਕੱਠ ਨੂੰ ਸੰਬੋਧਨ ਕਰਦਿਆਂ ਮਹਿਲਾ ਆਗੂਆਂ ਸ਼ਿੰਦਰ ਕੌਰ, ਕਮਲਜੀਤ ਕੌਰ ਅਤੇ ਰਣਜੀਤ ਕੌਰ ਨੇ ਕਿਹਾ ਕਿ ਇਨ੍ਹੀਂ ਦਿਨੀਂ ਝੋਨੇ ਦੀ ਕਟਾਈ ਅਤੇ ਮੰਡੀਆਂ ਵਿੱਚ ਵੇਚਣ ਦਾ ਕੰਮ ਜ਼ੋਰ ਫੜ ਗਿਆ ਹੈ ਜਿਸ ਕਾਰਨ ਕਿਸਾਨ ਵੀਰ ਖੇਤੀ ਦੇ ਕੰਮ ਵਿੱਚ ਰੁੱਝ ਗਏ ਹਨ ਅਤੇ ਧਰਨੇ ਨੂੰ ਚਲਾਉਣ ਦੀ ਜ਼ਿੰਮੇਵਾਰੀ ਮਹਿਲਾ ਕਿਸਾਨ ਆਗੂਆਂ ਨੇ ਆਪਣੇ ਸਿਰ ਲੈ ਲਈ ਹੈ। ਉਕਤ ਮਹਿਲਾ ਆਗੂਆਂ ਕਿਹਾ ਕਿ ਝੋਨੇ ਦੀ ਵਿਕਰੀ ਸਬੰਧੀ ਮੰਡੀਆਂ ਅਤੇ ਖਰੀਦ ਕੇਦਰਾਂ ਵਿੱਚ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਆ ਰਹੀਆਂ ਹਨ ਜਿਨ੍ਹਾਂ ਨੂੰ ਹੱਲ ਕਰਵਾਉਣ ਲਈ ਕਿਸਾਨ ਵੱਡੇ ਧਰਨੇ ਲਾ ਕੇ ਸੰਘਰਸ਼ ਕਰ ਰਹੇ ਹਨ। ਮਹਿਲਾ ਆਗੂਆਂ ਕਿਹਾ ਕਿ ਪਾਣੀ ਦੀ ਨਿਕਾਸੀ ਵਾਲੇ ਮੋਰਚੇ ਨੂੰ ਮਹਿਲਾ ਆਗੂ ਪਹਿਲਾਂ ਵਾਂਗ ਮਿਹਨਤ ਨਾਲ ਚਲਾ ਰਹੇ ਹਨ ਜਦ ਕਿ ਦੂਜੇ ਪਾਸੇ ਛੱਪੜਾਂ ਦਾ ਪਾਣੀ ਘੱਟਣ ਨਾਲ ਪੋਕਲੇਨ ਮਸ਼ੀਨ ਨਾਲ ਗਾਰ ਕੱਢ ਕੇ ਛੱਪੜ ਡੂੰਘੇ ਕਰਨ ਦਾ ਕੰਮ ਚਲਾਇਆ ਜਾ ਰਿਹੈ।