ਬੱਚੇ ਦਾ ਗਲਾ ਪਲਾਸਟਿਕ ਦੀ ਡੋਰ ਨਾਲ ਕੱਟਿਆ; ਜਾਨ ਬਚੀ
ਜੋਗਿੰਦਰ ਸਿੰਘ ਓਬਰਾਏ
ਖੰਨਾ, 19 ਨਵੰਬਰ
ਇਥੋਂ ਦੇ ਮਾਤਾ ਰਾਣੀ ਮੁਹੱਲੇ ਵਿਚ ਕੁਝ ਬੱਚੇ ਪਲਾਸਟਿਕ ਡੋਰ ਨਾਲ ਗਾਟੀਆਂ ਤਿਆਰ ਕਰਕੇ ਪਤੰਗਾਂ ਫੜ ਰਹੇ ਸਨ। ਇਸ ਦੌਰਾਨ ਸਾਈਕਲ ਸਵਾਰ ਬੱਚੇ ਦੇ ਗਲੇ ਵਿਚ ਡੋਰ ਫਸ ਗਈ ਅਤੇ ਗਲਾ ਚੀਰਦੀ ਹੋਈ ਹੱਡੀਆਂ ਤੱਕ ਪੁੱਜ ਗਈ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਮੌਕੇ ਦੀਪਕ ਮਹਿਤਾ ਨੇ ਦੱਸਿਆ ਕਿ ਉਸ ਦਾ ਬੇਟਾ ਪਲਵਿਸ਼ ਚਾਰ ਸਾਲ ਦਾ ਹੈ। ਗਲੀ ਵਿਚ ਸਾਈਕਲ ਚਲਾਉਂਦੇ ਹੋਏ ਪਲਵਿਸ਼ ਦੇ ਗਲੇ ਵਿਚ ਡੋਰ ਫਸ ਗਈ ਜੋ ਗਲਾ ਕੱਟਦੀ ਹੋਈ ਹੱਡੀਆਂ ਤੱਕ ਪਹੁੰਚ ਗਈ। ਬੱਚੇ ਨੂੰ ਪਰਿਵਾਰਕ ਮੈਂਬਰ ਤੁਰੰਤ ਖੰਨਾ ਦੇ ਨਿੱਜੀ ਹਸਪਤਾਲ ਲੈ ਗਏ ਜਿੱਥੇ ਐਮਰਜੈਂਸੀ ਡਾਕਟਰ ਨੇ ਉਸ ਦੇ ਟਾਂਕੇ ਲਾਏ। ਦੀਪਕ ਨੇ ਮੰਗ ਕੀਤੀ ਕਿ ਚੀਨੀ ਡੋਰ ਨੂੰ ਸਖਤੀ ਨਾਲ ਬੰਦ ਕੀਤਾ ਜਾਵੇ।
ਇਸ ਤੋਂ ਇਲਾਵਾ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਪਟਿਆਲਾ ਅਤੇ ਨਗਰ ਕੌਂਸਲ ਖੰਨਾ ਦੀ ਸੈਨੀਟੇਸ਼ਨ ਸ਼ਾਖਾ ਦੀ ਟੀਮ ਨੇ ਸਾਂਝੇ ਤੌਰ ’ਤੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਉੱਭੀ ਦੇ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿਚ ਅਣਅਧਿਕਾਰਤ ਤੌਰ ’ਤੇ ਪਲਾਸਟਿਕ ਡੋਰ ਵੇਚਣ ਵਾਲਿਆਂ ਤੇ ਨਕੇਲ ਪਾਉਂਦਿਆਂ ਮੌਕੇ ’ਤੇ ਚਲਾਨ ਕੱਟੇ। ਇਸ ਤੋਂ ਇਲਾਵਾ ਰੇਲਵੇ ਰੋਡ ’ਤੇ ਪਤੰਗ ਦੀ ਡੋਰ ਵੇਚਣ ਵਾਲੀਆਂ ਦੁਕਾਨਾਂ ਉੱਪਰ ਚਾਇਨਾ ਡੋਰ ਦੀ ਚੈਕਿੰਗ ਵੀ ਕੀਤੀ ਗਈ। ਇਸ ਮੌਕੇ ਮਨਿੰਦਰ ਸਿੰਘ ਸਹੋਤਾ ਨੇ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਸਬੰਧੀ ਲੋਕਾਂ ਨੂੰ ਜਾਣਕਾਰੀ ਦਿੰਦਿਆਂ ਜਾਗਰੂਕ ਕੀਤਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਲਾਸਟਿਕ ਦੇ ਲਿਫਾਫੇ ਵਰਤਣ ਦੀ ਥਾਂ ਜੂਟ ਦੇ ਬੈਗ ਇਸਤੇਮਾਲ ਕੀਤੇ ਜਾਣ ਤਾਂ ਕਿ ਭਵਿੱਖ ਵਿਚ ਫੈਲਣ ਵਾਲੀਆਂ ਗੰਭੀਰ ਬਿਮਾਰੀਆਂ ਤੋਂ ਬਚਿਆ ਜਾ ਸਕੇ। ਕੌਂਸਲ ਟੀਮ ਨੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਇਹ ਕਾਰਵਾਈ ਜਾਰੀ ਰਹੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।