For the best experience, open
https://m.punjabitribuneonline.com
on your mobile browser.
Advertisement

ਬਸੰਤ ਰੁੱਤ ਵਿੱਚ ਸਾਹਿਤ ਅਤੇ ਚਿੰਤਨ ਦਾ ਜਸ਼ਨ

08:46 AM Mar 04, 2024 IST
ਬਸੰਤ ਰੁੱਤ ਵਿੱਚ ਸਾਹਿਤ ਅਤੇ ਚਿੰਤਨ ਦਾ ਜਸ਼ਨ
Advertisement

ਕੁਲਵਿੰਦਰ ਸਿੰਘ
ਮੌਜੂਦਾ ਪੰਜਾਬੀ ਚਿੰਤਨ ਅਤੇ ਸਾਹਿਤ ਸਿਰਜਣਾ ਮਾਂਗਵੀਆਂ ਵਿਧੀਆਂ ਅਤੇ ਸੰਰਚਨਾਵਾਂ ਨੂੰ ਪੰਜਾਬੀ ਜੀਵਨ ’ਤੇ ਲਾਗੂ ਕਰਾ ਰਹੀ ਹੈ ਜੋ ਨਾ ਤਾਂ ਇਸ ਧਰਤੀ ਦੀਆਂ ਦਾਰਸ਼ਨਿਕ ਗਿਆਨ ਪਰੰਪਰਾਵਾਂ ਅਤੇ ਨਾ ਹੀ ਇਥੋਂ ਦੀ ਰਹਿਤਲ ਨੂੰ ਗਿਆਨ ਵਾਲੇ ਪ੍ਰਸੰਗ ਵਿੱਚ ਸ਼ਾਮਿਲ ਕਰ ਸਕੀ ਹੈ। ਪਿਛਲੇ ਦੋ ਦਹਾਕਿਆਂ ਤੋਂ ਕਾਰਜਸ਼ੀਲ ਸੰਸਥਾ ਨਾਦ ਪ੍ਰਗਾਸੁ ਸ਼ਬਦ-ਸਭਿਅਤਾ ਦੇ ਸੰਭਾਵੀ ਪਾਸਾਰਾਂ ਨੂੰ ਤਲਾਸ਼ਦੀ ਮੌਲਿਕ ਸਾਹਿਤ, ਕਲਾ ਅਤੇ ਦਰਸ਼ਨ ਸਿਰਜਣ ਲਈ ਯਤਨਸ਼ੀਲ ਹੈ। ਅੰਮ੍ਰਿਤਸਰ ਦੀ ਧਰਤੀ ਉੱਪਰ ਨਾਦ ਪ੍ਰਗਾਸੁ ਸੰਸਥਾ ਦਾ ਬਸੰਤ ਰੁੱਤ ਆਗਮਨ ਦੌਰਾਨ ਕਰਵਾਇਆ ਜਾਂਦਾ ਸਾਹਿਤ ਉਤਸਵ, ਕੁਦਰਤੀ ਖੇੜੇ ਅਤੇ ਸੁਰਤਿ ਦੇ ਮੌਲਣ ਦੇ ਪ੍ਰਤੀਕਮਈ ਛਿਣਾਂ ਨੂੰ ਵਿਹਾਰ ਵਿਚ ਢਾਲਣ ਦਾ ਕਰਮ ਹੈ।
ਅੰਮ੍ਰਿਤਸਰ ਦੀ ਧਰਤੀ ਸਾਹਿਤਕ ਅਤੇ ਸੱਭਿਆਚਾਰਕ ਪਰੰਪਰਾ, ਭਾਈ ਵੀਰ ਸਿੰਘ ਦੀ ਸਿੱਖ-ਸੁਰਤਿ ਦੇ ਪ੍ਰਕਾਸ਼ ਨੂੰ ਪ੍ਰਗਟ ਕਰਦੀ ਸਾਹਿਤਕ-ਸਮਾਜਿਕ ਘਾਲਣਾ, ਨਾਨਕ ਸਿੰਘ ਦੀ ਸਿਰਜਣਾਤਮਕਤਾ ਅਤੇ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੇ ਪ੍ਰੀਤ ਨਗਰ ਦੀ ਉਸਾਰੀ ਕਰਨ ਵਰਗੇ ਨਿੱਘਰ ਯਤਨਾਂ ਨਾਲ ਸਰਸ਼ਾਰ ਹੈ। ਨਾਦ ਪ੍ਰਗਾਸੁ ਸ਼ਬਦ ਨੂੰ ਚਿੰਤਨ ਅਤੇ ਸਿਰਜਣਾਤਮਕ ਪ੍ਰਕਿਰਿਆ ਦਾ ਆਧਾਰ ਬਣਾਉਂਦੀ ਹੈ ਕਿਉਂਕਿ ਸ਼ਬਦ ਸੰਕਲਪਕ ਪਰਾਭੌਤਿਕਤਾ ਨਹੀਂ ਹੈ ਜੋ ਬਾਹਰੀ ਸੰਕਲਪ ਨੂੰ ਜ਼ਿੰਦਗੀ ਅਤੇ ਅਨੰਤਤਾ ਦੇ ਬਹੁਪੱਖ ਨੂੰ ਆਪਣੇ ਅੰਦਰ ਸ਼ਾਮਿਲ ਨਾ ਕਰ, ਉਸ ਨੂੰ ਖ਼ੁਸ਼ਕ ਗਿਆਨ ਤੋਂ ਸੇਧ ਦੇਣ ਦੀ ਕੋਸ਼ਿਸ਼ ਕਰੇ। ਇਹ ਪਾਰਦਰਸ਼ੀ ਪਰਾਭੌਤਿਕ ਵਰਤਾਰਾ ਹੈ ਜਿਸ ਦੇ ਸੂਖਮ ਅਤੇ ਗਿਆਨ ਵਾਲੇ ਸੰਕਲਪ ਬਣਦੇ ਹਨ। ਇਸ ਦੀ ਦੈਵੀ ਪਦਾਰਥਕਤਾ ਇਤਿਹਾਸਕ, ਰਾਜਨੀਤਕ, ਸਭਿਆਚਾਰਕ ਅਤੇ ਵਿਅਕਤੀਗਤ ਸੁਹਜ, ਮਨੋਵਿਗਿਆਨਕ ਪਾਸਾਰਾਂ ਦੇ ਦਵੰਦ ਨੂੰ ਸੰਤੁਲਨ ਮੁਹੱਈਆ ਕਰਦੀ ਹੈ। ਇਸ ਪਾਰਦਰਸ਼ੀ ਪਰਾਭੌਤਿਕਤਾ ਨੂੰ ਸਾਹਿਤ ਚਿੰਤਨ ਤੇ ਸਿਰਜਣਾ ਦੇ ਵੱਖੋ-ਵੱਖਰੇ ਪ੍ਰਸੰਗਾਂ ਰਾਹੀਂ ਨਾਦ ਪ੍ਰਗਾਸੁ ਸੰਸਥਾ ਦੀ ਅਕਾਦਮਿਕ ਅਭਿਆਸ ਪ੍ਰਕਿਰਿਆ ਪ੍ਰਗਟ ਕਰ ਰਹੀ ਹੈ ਜਿਸ ਵਿੱਚ ਸੰਸਾਰ ਦਰਸ਼ਨ ਅਤੇ ਸਾਹਿਤ ਦਾ ਸਾਥ ਲਿਆ ਜਾ ਰਿਹਾ ਹੈ। ਪੰਜਾਬੀ ਸਾਹਿਤ ਚਿੰਤਨ ਵਿਚ ਸੰਸਾਰ ਪੱਧਰ ਉਪਰ ਚੱਲ ਰਹੇ ਵਿਚਾਰਧਾਰਕ ਸਿਧਾਂਤਾਂ ਜਿਨ੍ਹਾਂ ਵਿਚ ਇਕ ਪਾਸੇ ਸਥਾਪਿਤ ਵਿਚਾਰਧਾਰਾ ਇਕ ਕੇਂਦਰ ਤੋਂ ਹੋਰਨਾਂ ਸਭਿਆਚਾਰਾਂ ਨੂੰ ਅਰਥ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ; ਦੂਜੇ ਪਾਸੇ, ਉੱਤਰ ਆਧੁਨਿਕ ਪ੍ਰਵਚਨ ਇਸ ਕੇਂਦਰ ਨੂੰ ਵਿਕੇਂਦ੍ਰਿਤ ਕਰ ਰਿਹਾ ਹੈ। ਇਨ੍ਹਾਂ ਸਮੁੱਚੇ ਵਿਚਾਰਧਾਰਕ ਤਣਾਵਾਂ ਅਤੇ ਸੰਵਾਦ ਨੂੰ ਨਾਦ ਪ੍ਰਗਾਸੁ ਸੰਸਥਾ ਦੇ ਵਿਦਿਆਰਥੀ ਲਗਾਤਾਰ ਸੈਮੀਨਾਰਾਂ ਅਤੇ ਗੋਸ਼ਟੀਆਂ ਰਾਹੀਂ ਸਮਝ ਰਹੇ ਅਤੇ ਵਿਆਖਿਆ ਅਧੀਨ ਲਿਆ ਰਹੇ ਹਨ। ਇਸ ਨਾਲ ਪੰਜਾਬੀ ਸਾਹਿਤ ਚਿੰਤਨ ਆਪਣੇ ਮੌਲਿਕ ਅਨੁਭਵ ਅਤੇ ਗਿਆਨ ਦੇ ਨੇੜੇ ਹੋ ਕੇ ਵਿਚਰਨਾ ਸ਼ੁਰੂ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬੀ ਖੋਜ ਵਿਚ ਵੀ ਪੰਜਾਬੀ ਚੇਤਨਾ ਦੀ ਸ਼ਮੂਲੀਅਤ ਅਤੇ ਗਿਆਨ ਪ੍ਰਕਿਰਿਆ ਵਧੇਰੇ ਸੰਜੀਦਗੀ ਨਾਲ ਸਾਹਮਣੇ ਆ ਰਹੀ ਹੈ। ਨਾਦ ਪ੍ਰਗਾਸੁ ਦਾ ਅੰਮ੍ਰਿਤਸਰ ਸਾਹਿਤ ਉਤਸਵ ਲਗਭਗ ਦਹਾਕੇ ਤੋਂ ਇਨ੍ਹਾਂ ਸੰਭਾਵਨਾਵਾਂ ਨੂੰ ਹੁਲਾਰਾ ਦਿੰਦੇ ਸਾਹਿਤ ਅਤੇ ਚਿੰਤਨ ਦਾ ਨਿਵੇਕਲਾ ਜਸ਼ਨ ਹੈ।
ਚਾਰ ਮਾਰਚ ਤੋਂ ਸ਼ੁਰੂ ਹੋ ਰਿਹਾ 9ਵੇਂ ਅੰਮ੍ਰਿਤਸਰ ਸਾਹਿਤ ਉਤਸਵ ਮਨੁੱਖੀ ਜੀਵਨ ਨੂੰ ਆਕਾਰ ਦੇਣ ਵਾਲੇ ਅਜਿਹੇ ਪਹਿਲੂਆਂ ’ਤੇ ਕੇਂਦਰਿਤ ਹੋਵੇਗਾ। ਨਾਦ ਪ੍ਰਗਾਸੁ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਅੰਮ੍ਰਿਤਸਰ ਸਾਹਿਤ ਉਤਸਵ ਇਸ ਵਾਰ ਮਿਤੀ 4, 5 ਅਤੇ 6 ਮਾਰਚ 2024 ਨੂੰ ਖ਼ਾਲਸਾ ਕਾਲਜ ਫਾਰ ਵਿਮਨ ਅੰਮ੍ਰਿਤਸਰ ਵਿਖੇ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਭਾਰਤੀ ਸਾਹਿਤ ਅਤੇ ਚਿੰਤਨ ਦੇ ਖੇਤਰਾਂ ਵਿਚ ਕਾਰਜਸ਼ੀਲ ਸਿੱਖਿਆ ਸ਼ਾਸਤਰੀ, ਵਿਦਵਾਨ, ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਦੇਸ਼ ਦੀਆਂ ਵੱਖ ਵੱਖ ਅਕਾਦਮਿਕ ਸੰਸਥਾਵਾਂ ਤੋਂ ਸ਼ਾਮਿਲ ਹੋ ਰਹੇ ਹਨ।
ਇਸ ਉਤਸਵ ਦੀ ਖਾਸੀਅਤ ਇਹ ਹੈ ਕਿ ਤੀਜੇ ਦਿਨ ਕਰਵਾਏ ਜਾਂਦੇ ‘ਚੜ੍ਹਿਆ ਬਸੰਤ ਕਵੀ ਦਰਬਾਰ’ ਵਿਚ ਪੰਜਾਬੀ ਭਾਸ਼ਾ ਦੀਆਂ ਉਪ-ਬੋਲੀਆਂ ਪਹਾੜੀ, ਡੋਗਰੀ, ਗੋਜਰੀ, ਬਾਂਗਰੂ, ਰਾਜਸਥਾਨੀ ਆਦਿ ਨਾਲ ਸਬੰਧਿਤ ਕਵੀ ਵੀ ਸ਼ਿਰਕਤ ਕਰਦੇ ਹਨ। ਪੰਜਾਬ ਦੀਆਂ ਇਨ੍ਹਾਂ ਉਪਭਾਸ਼ਾਵਾਂ ਦੇ ਆਪਣੇ ਲੋਕਧਾਰਾਈ ਮੁਹਾਜ਼ ਦਾ ਕਾਵਿਕ ਰੰਗਣ ਵਿਚ ਸ਼ਿਰਕਤ ਹੋਣਾ ਪੰਜਾਬੀ ਭਾਸ਼ਾ ਦੀ ਸਮੱਗਰਤਾ ਨੂੰ ਅਨੁਭਵ ਕਰਨ ਦੀ ਦਿਸ਼ਾ ਵਿੱਚ ਉਲੀਕਿਆ ਕਦਮ ਹੈ। ਸਾਹਿਤ ਉਤਸਵ ਦੌਰਾਨ ਸਜਾਈਆਂ ਗਈਆਂ ਚਿੱਤਰਕਲਾ, ਲੱਕੜਕਾਰੀ, ਰਵਾਇਤੀ ਸਾਜ਼ ਪ੍ਰਦਰਸ਼ਨੀ, ਅੱਖਰਕਾਰੀ ਅਤੇ ਮੌਕੇ ’ਤੇ ਚਿੱਤਰਕਲਾ (ਲਾਈਵ ਪੇਂਟਿੰਗ), ਪੁਸਤਕ ਪ੍ਰਦਰਸ਼ਨੀ ਦਾ ਵਿਦਿਆਰਥੀ ਖੋਜਾਰਥੀ ਅਤੇ ਸ਼ਹਿਰ ਨਿਵਾਸੀ ਭਰਪੂਰ ਆਨੰਦ ਲੈ ਸਕਣਗੇ।
ਨਾਦ ਪ੍ਰਗਾਸੁ ਦਾ ਸਾਹਿਤ ਅਤੇ ਚਿੰਤਨ ਦੇ ਖੇਤਰ ਵਿੱਚ ਹਰ ਸਾਲ ਦਿੱਤਾ ਜਾਂਦਾ ‘ਨਾਦ ਪ੍ਰਗਾਸੁ ਸ਼ਬਦ ਸਨਮਾਨ’ ਇਸ ਸਾਲ ਪ੍ਰਸਿੱਧ ਕਵੀ ਮੋਹਨਜੀਤ ਨੂੰ ਦਿੱਤਾ ਜਾਵੇਗਾ। ਇਸ ਸਾਲ ਦਾ ਸਾਹਿਤ ਉਤਸਵ ਪ੍ਰੋ. ਜਿਤੇਂਦਰ ਪਾਲ ਸਿੰਘ ਓਬਰਾਏ ਨੂੰ ਸਮਰਪਿਤ ਕੀਤਾ ਗਿਆ ਹੈ।
*ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ: 84376-20897

Advertisement

Advertisement
Author Image

Advertisement
Advertisement
×