ਗਾਜ਼ਾ ’ਚ ਜੰਗਬੰਦੀ ਜ਼ਰੂਰੀ
ਜਿਵੇਂ ਉਮੀਦ ਹੀ ਸੀ, ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੀਆਂ ਉਨ੍ਹਾਂ ਟਿੱਪਣੀਆਂ ਉੱਤੇ ਗੁੱਸੇ ਭਰੀ ਪ੍ਰਤੀਕਿਰਿਆ ਕੀਤੀ ਹੈ, ਜਦੋਂ ਉਸ ਨੇ ਕਿਹਾ ਕਿ 7 ਅਕਤੂਬਰ ਦੇ (ਹਮਾਸ ਵੱਲੋਂ ਇਜ਼ਰਾਈਲ ਉੱਤੇ ਕੀਤੇ ਗਏ) ਹਮਲੇ ਖ਼ਲਾਅ ਵਿਚੋਂ ਪੈਦਾ ਨਹੀਂ ਹੋਏ। ਗੁਟੇਰੇਜ਼ ਨੇ ਫ਼ਲਸਤੀਨੀਆਂ ਨੂੰ ਭੋਗਣੇ ਪੈ ਰਹੇ ਦੁੱਖਾਂ-ਕਸ਼ਟਾਂ ਦਾ ਜ਼ਿਕਰ ਕੀਤਾ ਪਰ ਨਾਲ ਹੀ ਇਹ ਵੀ ਕਿਹਾ ਕਿ ਇਹ ਦੁੱਖ ਹਮਾਸ ਦੇ ਭਿਆਨਕ ਹਮਲਿਆਂ ਨੂੰ ਵਾਜਬਿ ਨਹੀਂ ਠਹਿਰਾ ਸਕਦੇ। ਸੰਯੁਕਤ ਰਾਸ਼ਟਰ ਦੇ ਮੁਖੀ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸੇ ਤਰ੍ਹਾਂ ਇਜ਼ਰਾਈਲ ਦੁਆਰਾ ਫ਼ਲਸਤੀਨੀ ਲੋਕਾਂ ਨੂੰ ਦਿੱਤੀ ਜਾ ਰਹੀ ਸਾਂਝੀ ਸਜ਼ਾ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਬਿਨਾ ਕਿਸੇ ਰੋਕ-ਟੋਕ ਤੋਂ ਮਨੁੱਖੀ ਸਹਾਇਤਾ ਭੇਜਣ ਅਤੇ ਗਾਜ਼ਾ ਪੱਟੀ ਵਿਚ ਫੌਰੀ ਜੰਗਬੰਦੀ ਲਾਗੂ ਕੀਤੇ ਜਾਣ ਸਬੰਧੀ ਵਾਰ ਵਾਰ ਕੀਤੀਆਂ ਜਾ ਰਹੀਆਂ ਅਪੀਲਾਂ ਨੂੰ ਅਣਸੁਣਿਆ ਕਰ ਦਿੱਤਾ ਗਿਆ ਹੈ। ਜਿਸ ਤਰ੍ਹਾਂ ਇਜ਼ਰਾਈਲ ਵੱਲੋਂ ਜੰਗ ਦੇ ਅਗਲੇ ਪੜਾਅ ਦੀ ਤਿਆਰੀ ਕੀਤੀ ਜਾ ਰਹੀ ਹੈ, ਉਸ ਤੋਂ ਸਾਫ਼ ਹੈ ਕਿ ਗਾਜ਼ਾ ਵਿਚ ਵਧ ਰਿਹਾ ਮਨੁੱਖੀ ਸੰਕਟ ਬਦ ਤੋਂ ਬਦਤਰ ਹੀ ਹੋਵੇਗਾ। ਇਹ ਅਜਿਹੀ ਤਰਾਸਦੀ ਹੈ ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।
ਇਜ਼ਰਾਈਲ ਨੇ ਹਮਾਸ ਦਾ ਮੁਕੰਮਲ ਸਫ਼ਾਇਆ ਕਰ ਦੇਣ ਦੇ ਨਾਂ ਉੱਤੇ ਆਮ ਨਾਗਰਿਕਾਂ ਉੱਤੇ ਬੰਬ ਸੁੱਟਣ ਤੇ ਜ਼ਰੂਰੀ ਸਪਲਾਈ ਰੋਕਣ ਦੇ ਨਾਲ ਨਾਲ ਮਾਨਵੀ ਸਹਾਇਤਾ ਦੀ ਇਜਾਜ਼ਤ ਨਾ ਦੇ ਕੇ ਕੌਮਾਂਤਰੀ ਮਾਨਵੀ ਕਾਨੂੰਨਾਂ ਦੀ ਖ਼ਿਲਾਫ਼ਵਰਜ਼ੀ ਕੀਤੀ ਹੈ। ਜਦੋਂ ਇਜ਼ਰਾਈਲ ਦੀਆਂ ਇਨ੍ਹਾਂ ਕਾਰਵਾਈਆਂ ਕਾਰਨ ਬੱਚਿਆਂ ਅਤੇ ਬੇਕਸੂਰ ਨਾਗਰਿਕਾਂ ਨੂੰ ਅਥਾਹ ਕਸ਼ਟ ਭੋਗਣੇ ਪੈਂਦੇ ਹਨ ਤਾਂ ਇਸ ਨਾਲ ਇਜ਼ਰਾਈਲ ਨੂੰ ਆਪਣਾ ਟੀਚਾ ਸਰ ਕਰਨ ਵਿਚ ਮਦਦ ਕਿਵੇਂ ਮਿਲ ਸਕਦੀ ਹੈ? ਇਜ਼ਰਾਈਲ-ਫ਼ਲਸਤੀਨ ਟਕਰਾਅ ਦਾ ਟਿਕਾਊ ਹੱਲ ਲੱਭਣ ਦੀਆਂ ਸੰਭਾਵਨਾਵਾਂ ਦਿਨ-ਬ-ਦਿਨ ਘਟ ਰਹੀਆਂ ਹਨ। ਇਸ ਅੰਨ੍ਹੇਵਾਹ ਖ਼ੂਨ-ਖ਼ਰਾਬੇ ਦੇ ਹੋਰ ਵੀ ਭਿਆਨਕ ਸਿੱਟੇ ਨਿਕਲ ਸਕਦੇ ਹਨ ਅਤੇ ਇਹ ਮੱਧ ਪੂਰਬ ਤੋਂ ਬਾਹਰ ਵੀ ਫੈਲ ਸਕਦਾ ਹੈ। ਸੰਯੁਕਤ ਰਾਸ਼ਟਰ ਦੀ ਜਾਣਕਾਰੀ ਅਨੁਸਾਰ ਗਾਜ਼ਾ ਵਿਚ ਇਕ ਹਜ਼ਾਰ ਤੋਂ ਵੱਧ ਲੋਕ ਮਲਬੇ ਹੇਠ ਦੱਬੇ ਹੋਏ ਹਨ; ਇਹ ਗਿਣਤੀ ਲਗਾਤਾਰ ਵਧ ਰਹੀ ਹੈ।
ਇਸ ਮਾਮਲੇ ਨਾਲ ਜੁੜੀਆਂ ਹੋਈਆਂ ਗੁੰਝਲਾਂ ਨੂੰ ਦੇਖਦਿਆਂ ਜ਼ਰੂਰੀ ਹੈ ਕਿ ਧਾਰਮਿਕ ਪਛਾਣਾਂ ਦੀ ਸਿਆਸਤ ਵਿਚ ਪੈਣ ਤੋਂ ਬਚਿਆ ਜਾਵੇ। ਸੰਕਟ ਦੀ ਇਸ ਘੜੀ ਵਿਚ ਫ਼ਲਸਤੀਨੀਆਂ ਦੇ ਹੱਕਾਂ ਲਈ ਖੜ੍ਹਨਾ ਅਹਿਮ ਹੈ। ਇਸ ਅਮੁੱਕ ਟਕਰਾਅ ਵਿਚ ਕਿਸੇ ਦੀ ਜਿੱਤ ਨਹੀਂ ਹੋਵੇਗੀ ਕਿਉਂਕਿ ਸਾਰੇ ਖ਼ੁਦ ਨੂੰ ਪੀੜਤਾਂ ਵਜੋਂ ਹੀ ਦੇਖਦੇ ਹਨ। ਇਸ ਸਮੇਂ ਸਾਰੀ ਦੁਨੀਆ ਦਾ ਧਿਆਨ ਗਾਜ਼ਾ ਵਿਚ ਜਾਰੀ ਦੁੱਖਾਂ-ਤਕਲੀਫ਼ਾਂ ਦਾ ਖ਼ਾਤਮਾ ਕਰਨ ਵੱਲ ਹੋਣਾ ਚਾਹੀਦਾ ਹੈ। ਭਾਰਤ ਨੂੰ ਆਪਣੇ ਰਸੂਖ਼ ਦਾ ਇਸਤੇਮਾਲ ਗਾਜ਼ਾ ਦੇ ਲੋਕਾਂ ਦੀਆਂ ਤਕਲੀਫ਼ਾਂ ਘਟਾਉਣ ਅਤੇ ਹਮਾਸ ਦੁਆਰਾ ਅਗਵਾ ਕੀਤੇ ਗਏ ਲੋਕਾਂ ਦੀ ਰਿਹਾਈ ਲਈ ਕਰਨਾ ਚਾਹੀਦਾ ਹੈ।