ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਗੋਲੀਬੰਦੀ ਸਬੰਧੀ ਸਮਝੌਤਾ ਛੇਤੀ
ਯੇਰੂਸ਼ਲਮ, 25 ਨਵੰਬਰ
ਅਮਰੀਕਾ ’ਚ ਇਜ਼ਰਾਈਲ ਦੇ ਸਫ਼ੀਰ ਮਾਈਕ ਹਰਜ਼ੋਗ ਨੇ ਕਿਹਾ ਹੈ ਕਿ ਇਜ਼ਰਾਈਲ ਅਤੇ ਲਿਬਨਾਨ ਆਧਾਰਿਤ ਹਿਜ਼ਬੁੱਲਾ ਨਾਲ ਜੰਗ ਦੇ ਖਾਤਮੇ ਲਈ ਕੁਝ ਦਿਨਾਂ ਦੇ ਅੰਦਰ ਗੋਲੀਬੰਦੀ ਦਾ ਸਮਝੌਤਾ ਹੋ ਸਕਦਾ ਹੈ। ਇਕ ਅਮਰੀਕੀ ਸਫ਼ੀਰ ਵੱਲੋਂ ਪਿਛਲੇ ਹਫ਼ਤੇ ਸਮਝੌਤੇ ਲਈ ਦੋਵੇਂ ਧਿਰਾਂ ਨਾਲ ਗੱਲਬਾਤ ਮਗਰੋਂ ਇਹ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਹਿਜ਼ਬੁੱਲਾ ਨਾਲ ਇਜ਼ਰਾਈਲ ਗੋਲੀਬੰਦੀ ਦਾ ਐਲਾਨ ਕਰ ਸਕਦਾ ਹੈ।
ਮਾਈਕ ਹਰਜ਼ੋਗ ਨੇ ਇਜ਼ਰਾਇਲੀ ਆਰਮੀ ਰੇਡੀਓ ਨੂੰ ਦੱਸਿਆ ਕਿ ਕੁਝ ਨੁਕਤਿਆਂ ਨੂੰ ਅੰਤਿਮ ਰੂਪ ਦੇਣਾ ਹਾਲੇ ਬਾਕੀ ਹੈ ਅਤੇ ਕਿਸੇ ਵੀ ਸਮਝੌਤੇ ਲਈ ਸਰਕਾਰ ਤੋਂ ਮਨਜ਼ੂਰੀ ਦੀ ਲੋੜ ਹੋਵੇਗੀ। ਹਾਲਾਂਕਿ ਉਨ੍ਹਾਂ ਕਿਹਾ ਕਿ ਉਹ ਸਮਝੌਤੇ ਦੇ ਐਨ ਨੇੜੇ ਹਨ ਅਤੇ ਕੁਝ ਦਿਨਾਂ ਦੇ ਅੰਦਰ ਸਮਝੌਤਾ ਹੋ ਸਕਦਾ ਹੈ, ਜਿਨ੍ਹਾਂ ਮੁੱਦਿਆਂ ’ਤੇ ਅੜਿੱਕਾ ਕਾਇਮ ਹੈ, ਉਨ੍ਹਾਂ ’ਚ ਹਿਜ਼ਬੁੱਲਾ ਵੱਲੋਂ ਉਲੰਘਣਾ ਕਰਨ ’ਤੇ ਕਾਰਵਾਈ ਦਾ ਹੱਕ ਸੁਰੱਖਿਅਤ ਰੱਖਣਾ ਵੀ ਸ਼ਾਮਲ ਹੈ। ਇਸ ਸਮਝੌਤੇ ਦਾ ਉਦੇਸ਼ ਹਿਜ਼ਬੁੱਲਾ ਅਤੇ ਇਜ਼ਰਾਇਲੀ ਫੌਜ ਨੂੰ ਦੱਖਣੀ ਲਿਬਨਾਨ ਤੋਂ ਬਾਹਰ ਕੱਢਣਾ ਹੈ। ਹਿਜ਼ਬੁੱਲਾ ’ਤੇ ਦੋਸ਼ ਹੈ ਕਿ ਉਸ ਨੇ ਸੰਯੁਕਤ ਰਾਸ਼ਟਰ ਦੇ ਮਤੇ ਦੀ ਪਾਲਣਾ ਨਹੀਂ ਕੀਤੀ ਹੈ ਪਰ ਲਿਬਨਾਨ ਦਾ ਕਹਿਣਾ ਹੈ ਕਿ ਇਜ਼ਰਾਈਲ ਨੇ ਵੀ 2006 ਦੇ ਮਤੇ ਦੀ ਉਲੰਘਣਾ ਕੀਤੀ ਹੈ। ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਕੀ ਲਿਬਨਾਨ ਮੰਗ ’ਤੇ ਸਹਿਮਤੀ ਪ੍ਰਗਟਾਏਗਾ ਜਾਂ ਨਹੀਂ। -ਏਪੀ