ਮਨੁੱਖ ਨੂੰ ਸੁਚੇਤ ਕਰਦੀ ਕਹਾਣੀ
ਤੇਜਾ ਸਿੰਘ ਤਿਲਕ
ਭੋਲਾ ਸਿੰਘ ਸੰਘੇੜਾ ਪੰਜ ਦਹਾਕੇ ਤੋਂ ਲਿਖਦਾ ਆ ਰਿਹਾ ਪੰਜਾਬੀ ਦਾ ਸਰਬਾਂਗੀ ਲੇਖਕ ਹੈ। ਸਾਇੰਸ ਮਾਸਟਰ ਤੋਂ ਪੰਜਾਬੀ ਲੈਕਚਰਾਰ ਦਾ ਪੰਧ ਤੈਅ ਕਰ ਚੁੱਕਾ ਸੰਘੇੜਾ ਅਨੁਵਾਦ, ਸੰਪਾਦਨ, ਆਲੋਚਨਾ, ਵਾਰਤਕ, ਸ਼ਬਦ ਚਿੱਤਰ ਸਮੇਤ ਪੌਣੇ ਦੋ ਦਰਜਨ ਪੁਸਤਕਾਂ ਦਾ ਲੇਖਕ ਹੈ। ਉਹ ਇੱਕ ਨਾਵਲ ਵੀ ਲਿਖ ਚੁੱਕਿਆ ਹੈ ਪਰ ਅੱਧੀ ਦਰਜਨ ਤੋਂ ਵੱਧ ਕਥਾ ਪੁਸਤਕਾਂ ਕਾਰਨ ਤੇ ਸਾਹਿਤ ਸਿਰਜਣ ਵਿੱਚ ਪਹਿਲਾ ਕਦਮ ਕਹਾਣੀਆਂ ਨਾਲ ਰੱਖਣ ਕਰਕੇ ਉਹ ਕਹਾਣੀਕਾਰ ਦੇ ਤੌਰ ’ਤੇ ਪੰਜਾਬੀ ਸਾਹਿਤ ਵਿੱਚ ਆਪਣੀ ਵਿਲੱਖਣ ਥਾਂ ਬਣਾ ਚੁੱਕਿਆ ਹੈ। ਉਸ ਦੀਆਂ ਕੁਝ ਕਹਾਣੀਆਂ ਤੇ ਨਾਟਕ ਵੀ ਖੇਡੇ ਗਏ ਤੇ ਚਾਰ ਕਹਾਣੀਆਂ ’ਤੇ ਫਿਲਮਾਂ ਵੀ ਬਣੀਆਂ ਹਨ।
ਹੱਥਲੀ ਪੁਸਤਕ ‘ਜੜ੍ਹ-ਮੂਲ’ (ਕੀਮਤ: 190 ਰੁਪਏ; ਕੈਲੀਬਰ ਪਬਲੀਕੇਸ਼ਨ, ਪਟਿਆਲਾ) ਵਿੱਚ ਉਸ ਦੀਆਂ ਅੱਠ ਕਹਾਣੀਆਂ ਹਨ ਜੋ ਆਕਾਰ ਪੱਖੋਂ ਚਾਰ ਤੋਂ ਸਤਾਰਾਂ ਸਫ਼ੇ ਤੱਕ ਦੀਆਂ ਹਨ। ਉਹ ਵਧੇਰੇ ਲੰਮੀ ਕਹਾਣੀ ਲਿਖਦਾ ਹੈ। ਸੰਘੇੜਾ ਮਿਹਨਤ ਨਾਲ ਲਿਖਦਾ ਹੈ। ਉਹ ਪਹਿਲਾਂ ਆਪਣੀ ਰਚਨਾ ਪਾਠਕਾਂ, ਆਲੋਚਕਾਂ ਵਿੱਚ ਪੜ੍ਹਦਾ ਹੈ ਤੇ ਪੂਰੀ ਤਰ੍ਹਾਂ ਲਿਸ਼ਕਾ ਮਾਂਜ ਕੇ ਛਪਣ ਲਈ ਭੇਜਦਾ ਹੈ। ਕਾਹਲੀ ਨਹੀਂ ਕਰਦਾ।
ਹੱਥਲੀ ਪੁਸਤਕ ਵਿੱਚ ਤਿੰਨ ਕੁ ਕਹਾਣੀਆਂ ਕਰੋਨਾ ਵਾਇਰਸ ਦੇ ਭਿਆਨਕ ਸੰਕਟ ਦੀ ਉਪਜ ਹਨ ਪਰ ਕਹਾਣੀਕਾਰ ਇਸ ਵਿੱਚ ਦਿਨੋਂ-ਦਿਨ ਮਨੁੱਖ ਵੱਲੋਂ ਪੈਸੇ ਦੀ ਹੋੜ ਵਿੱਚ ਕੁਦਰਤ ਨਾਲ ਖਿਲਵਾੜ ਕਰ, ਵਾਤਾਵਰਣ, ਬਨਸਪਤੀ, ਜੀਵ ਜੰਤੂ ਤੇ ਖ਼ੁਦ ਆਪਣਾ ਭੋਜਨ ਜ਼ਹਿਰੀਲਾ ਕਰਨ ਤੱਕ ਪਹੁੰਚਣ ਦੀਆਂ ਅਲਾਮਤਾਂ ਨੂੰ ਮੁੱਖ ਕਾਰਨ ਗਰਦਾਨਦਾ ਅਤੇ ਇਸ ਪ੍ਰਤੀ ਸੁਚੇਤ ਕਰਦਾ ਹੈ। ਇਸ ਤੋਂ ਮਾਨਸਿਕ, ਆਰਥਿਕ, ਰਾਜਸੀ, ਧਾਰਮਿਕ ਤੇ ਸੱਭਿਆਚਾਰਕ ਮਾੜੇ ਪ੍ਰਭਾਵ ਉਪਜਣ ਪ੍ਰਤੀ ਚੇਤੰਨ ਵੀ ਕਰਦਾ ਹੈ। ਬਾਹਰੋਂ ਪੰਜਾਬ ਆਏ ਮਜ਼ਦੂਰਾਂ ਦੇ ਬੇਰੁਜ਼ਗਾਰ ਹੋਣ, ਈਮਾਨ ਤੋਂ ਡੋਲਣ ਤੇ ਵਾਪਸੀ ਦਾ ਜ਼ਿਕਰ ਹੈ। ਬੰਦੇ ਦਾ ਪੁੱਤ ਜੀਵ-ਜੰਤੂਆਂ ਦੇ ਪਾਤਰਾਂ ਦੇ ਰੂਪ ਵਿੱਚ ਪੇਸ਼ ਕਰ ਕੇ ਆਪਣੀ ਗੱਲ ਨੂੰ ਕਹਾਣੀਕਾਰ ਸਿਖਰ ’ਤੇ ਪਹੁੰਚਾ ਦਿੰਦਾ ਹੈ। ਕਹਾਣੀ ‘ਧੁੰਦ’ ਵਿੱਚ ਪਰਿਵਾਰਕ ਮੈਂਬਰਾਂ ਦਾ ਡਰ ਤੇ ਦਬਾਉ ਵੀ ਪ੍ਰਭਾਵਸ਼ਾਲੀ ਹੈ ਪਰ ਨਿੱਕੀ ਬੱਚੀ ਨਵਰੋਜ਼ ਦਾ ਚਿੱਤਰਣ ਬਾਲਮਨ ਦੀ ਪਾਕ-ਪਵਿੱਤਰ ਪੇਸ਼ਕਾਰੀ ਹੈ। ਕਹਾਣੀ ‘ਸ਼ਿਵਰਾਜ’ ਨਿਵੇਕਲੀ ਵੰਨਗੀ ਹੈ। ਇੱਕ ਗਲੀ ਦੀ ਮਨਬਚਨੀ ’ਤੇ ਉਸਾਰੀ ਗਈ ਹੈ। ਪੇਂਡੂ ਸ਼ਹਿਰੀ ਜੀਵਨ ਜਾਚ ਦੀ ਬਦਲਦੀ ਸਥਿਤੀ ਹੈ। ਪਲਾਟ, ਕਾਲੋਨੀਆਂ, ਕਿੱਤੇ ਬਦਲ ਰਹੇ ਹਨ। ਗਲੀ ਦਾ ਨਾਂ ‘ਚੌੜੇ ਪਹੇ’ ਤੋਂ ‘ਕਰਮ ਸਿਉਂ ਦੀਆਂ ਬੇਰੀਆਂ ਵਾਲਾ ਪਹਾ’, ‘ਬੇਰੀਆਂ ਵਾਲੀ ਗਲੀ’, ‘ਬਚਨ ਬਾਗ਼ੀ ਵਾਲੀ ਗਲੀ’ ਤੇ ਅੰਤ ਵਿੱਚ ‘ਸ਼ਿਵਜੀ ਵਾਲੀ ਗਲੀ’ ਬਣ ਗਿਆ। ਇਸ ਰਾਹੀਂ ਕਿਸਾਨ, ਮਜ਼ਦੂਰ ਦੇ ਜੀਵਨ ਤੇ ਧੰਦੇ, ਇੱਕ ਸ਼ਹਿਰੀ ਪਰਿਵਾਰ ਦੇ ਕਿੱਤਿਆਂ ਵਿੱਚ ਤਬਦੀਲੀਆਂ ਪਿੱਛਲਝਾਤ ਵਿਧੀ ਰਾਹੀਂ ਦਰਸਾਏ ਗਏ ਹਨ। ਪੁਸਤਕ ਦੀਆਂ ਕਹਾਣੀਆਂ ਦਾ ਮੂਲ ਅਤੇ ਅਸਲੀ ਵਿਸ਼ਾ ‘ਜੜ੍ਹ-ਮੂਲ’ ਦਾ ਮੋਹ, ਉਸ ਨਾਲ ਜੁੜੇ ਰਹਿਣ ਦਾ ਹੇਰਵਾ ਹੈ ਜੋ ‘ਸਰਹੱਦ’, ‘ਨਹੀਂ ਪਾਪਾ ਨਹੀਂ’, ‘ਜੜ੍ਹ-ਮੂਲ’ ਅਤੇ ‘ਵਾਅਦਾ’ ਵਿੱਚੋਂ ਪ੍ਰਗਟ ਹੁੰਦਾ ਹੈ। ਮਾਪਿਆਂ, ਭਰਾਵਾਂ ਤੇ ਨੂੰਹ-ਪੁੱਤ ਦੇ ਵਿਦੇਸ਼ ਜਾਣ ਤੋਂ ਉਪਜੇ ਕਲੇਸ਼ ਤੋਂ ਪ੍ਰਭਾਵਿਤ ਕਹਾਣੀ ‘ਸਰਹੱਦ’ ਤੇ ‘ਜੜ੍ਹ-ਮੂਲ’ ਇੱਕ ਦੂਜੀ ਦੀਆਂ ਪੂਰਕ ਵੀ ਹਨ। ਜੱਟ ਦਾ ਜ਼ਮੀਨ ਨਾਲ ਮੋਹ ਸਿਖਰ ’ਤੇ ਦਿਖਾਈ ਦਿੰਦਾ ਹੈ। ਸੰਘੇੜਾ ਖ਼ੁਦ ਪਿੰਡ ਦਾ ਜੰਮਪਲ ਤੇ ਸ਼ਹਿਰ ਆ ਵਸਿਆ ਨੌਕਰੀ ਕਰਦਾ ਕਿਸਾਨ ਹੈ। ਬਾਹਰੋਂ ਠੀਕ ਦਿਸਦੀਆਂ ਘਰਾਂ ਦੀਆਂ ਅੰਦਰਲੀਆਂ ਸਮੱਸਿਆਵਾਂ ’ਤੇ ਝਾਤ ਪੁਆਉਂਦਾ ਸਫ਼ਲ ਕਹਾਣੀਕਾਰ ਹੈ। ਆਪਣੀ ਗੱਲ ਸਫ਼ਲਤਾਪੂਰਵਕ ਕਹਿਣ ਕਰਕੇ ਜਾਨਦਾਰ ਕਹਾਣੀਕਾਰ ਵਜੋਂ ਪੰਜਾਬੀ ਕਹਾਣੀ ਦੇ ਕੱਦ ਨੂੰ ਉਚੇਰਾ ਕਰਦਾ ਹੈ।
ਸੰਪਰਕ: 98766-36159