ਦੋਸਤ ਦਾ ਕਤਲ ਕਰਨ ਦੇ ਦੋਸ਼ ਹੇਠ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਅਕਤੂਬਰ
ਪਿੰਡ ਬਾਲੀਆਂ ਤੋਂ ਆਪਣੇ ਦੋਸਤਾਂ ਨਾਲ ਗਏ ਨੌਜਵਾਨ ਨੂੰ ਦੋਸਤਾਂ ਵਲੋਂ ਹੀ ਪਾਣੀ ਵਾਲੇ ਸੂਏ ਵਿੱਚ ਧੱਕਾ ਦੇ ਕੇ ਮੌਤ ਦੇ ਘਾਟ ਉਤਾਰਨ ਦੇ ਦੋਸ਼ ਹੇਠ ਥਾਣਾ ਸਦਰ ਧੂਰੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਨੌਜਵਾਨ ਦੀ ਲਾਸ਼ ਪਿੰਡ ਬੇਨੜਾ ਨੇੜੇ ਸੂਏ ਵਿਚੋਂ ਮਿਲੀ ਹੈ। ਪੁਲੀਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਉਸਦੇ ਦੋਵੇਂ ਦੋਸਤਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲੀਸ ਅਨੁਸਾਰ ਮ੍ਰਿਤਕ ਨੌਜਵਾਨ ਦੇ ਭਰਾ ਸੁਖਦਰਸ਼ਨ ਸਿੰਘ ਵਾਸੀ ਬਾਲੀਆਂ ਥਾਣਾ ਸਦਰ ਸੰਗਰੂਰ ਨੇ ਬਿਆਨ ਦਰਜ ਕਰਵਾਇਆ ਹੈ ਕਿ ਉਸਦਾ ਛੋਟਾ ਭਰਾ ਜਸਵਿੰਦਰ ਸਿੰਘ (24) ਨੂੰ ਬੀਤੀ 8 ਅਕਤੂਬਰ ਨੂੰ ਸਵੇਰੇ 11 ਵਜ਼ੇ ਦਮਨਦੀਪ ਸਿੰਘ ਉਰਫ਼ ਦੱਮਾ ਅਤੇ ਗੁਰਤੇਜ ਸਿੰਘ ਉਰਫ਼ ਤੇਜੀ ਵਾਸੀਆਨ ਬਾਲੀਆਂ ਸਕੂਟੀ ’ਤੇ ਬਿਠਾ ਕੇ ਧੂਰੀ ਸਾਈਡ ਵੱਲ ਲੈ ਗਏ ਸਨ। ਇਹ ਦੋਵੇਂ ਚਿੱਟਾ ਪੀਣ ਦੇ ਆਦੀ ਹਨ। ਉਹ ਆਪਣੇ ਭਰਾ ਦੀ ਤਲਾਸ਼ ਕਰ ਰਹੇ ਸਨ ਤਾਂ ਪਤਾ ਲੱਗਾ ਕਿ ਦਮਨਦੀਪ ਸਿੰਘ ਨੇ ਗੁਰਤੇਜ ਸਿੰਘ ਤੇਜੀ ਨੂੰ ਧੂਰੀ ਨੇੜੇ ਸੂਏ ਦੀ ਪਟੜੀ ਪਾਸ ਬਿਠਾ ਦਿੱਤਾ ਅਤੇ ਉਸਦੇ ਭਰਾ ਨੂੰ ਨਾਲ ਲੈ ਕੇ ਧੂਰੀ ਸ਼ਹਿਰ ’ਚੋ ਚਿੱਟਾ ਖਰੀਦ ਲਿਆਇਆ। ਨਸ਼ੇ ਨੂੰ ਲੈ ਕੇ ਇਨ੍ਹਾਂ ਵਿਚ ਕੋਈ ਝਗੜਾ ਹੋਇਆ। ਦਮਨਦੀਪ ਸਿੰਘ ਅਤੇ ਗੁਰਤੇਜ ਸਿੰਘ ਨੇ ਇੱਕਦਮ ਗੁੱਸੇ ਵਿਚ ਆ ਕੇ ਉਸਦੇ ਭਰਾ ਨੂੰ ਧੱਕਾ ਮਾਰ ਕੇ ਪਾਣੀ ਵਾਲੇ ਸੂਏ ਵਿੱਚ ਸੁੱਟ ਦਿੱਤਾ। ਉਸਦੇ ਭਰਾ ਦੀ ਲਾਸ਼ ਪਿੰਡ ਬੇਨੜਾ ਨੇੜੇ ਸੂਏ ਵਿੱਚ ਘਾਹ ਫੂਸ ਵਿੱਚ ਫਸੀ ਮਿਲੀ ਹੈ। ਥਾਣਾ ਸਦਰ ਧੂਰੀ ਪੁਲੀਸ ਵਲੋਂ ਦਮਨਦੀਪ ਸਿੰਘ ਉਰਫ ਦੱਮਾ ਅਤੇ ਗੁਰਤੇਜ ਸਿੰਘ ਉਰਫ਼ ਤੇਜੀ ਸਮੇਤ ਇਨ੍ਹਾਂ ਨੂੰ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।