ਪਾਲਤੂ ਕੁੱਤੀ ਨੂੰ ਗਾਇਬ ਕਰਨ ’ਤੇ ਪਤੀ ਖ਼ਿਲਾਫ਼ ਕੇਸ ਦਰਜ ਕਰਵਾਇਆ
ਜਗਰਾਉਂ (ਚਰਨਜੀਤ ਸਿੰਘ ਢਿੱਲੋਂ):
ਇਥੇ ਪਤਨੀ ਨੇ ਘਰ ਵਿੱਚ ਪਾਲੀ ਕੁੱਤੀ ‘ਸ਼ੈਫੀ’ ਨੂੰ ਗਾਇਬ ਕਰਨ ਦਾ ਦੋਸ਼ ਲਾਉਂਦੇ ਹੋਏ ਆਪਣੇ ਪਤੀ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਸ਼ਿਕਾਇਤਕਰਤਾ ਜਸਨੀਤ ਕੌਰ ਵਾਸੀ ਮੁਹੱਲਾ ਰਾਮ ਨਗਰ (ਜਗਰਾਉਂ) ਨੇ ਦੱਸਿਆ ਕਿ ਉਸ ਨੇ ਜਰਮਨ ਸ਼ੈਫਰਡ ਨਸਲ ਦੀ ਕੁੱਤੀ ਪਿਆਰ ਨਾਲ ਪਾਲੀ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਸੁਰਿੰਦਰਪਾਲ ਸਿੰਘ ਸ਼ੁਰੂ ਤੋਂ ਇਸ ਕੁੱਤੀ ਨੂੰ ਨਫ਼ਰਤ ਕਰਦਾ ਸੀ। ਉਸ ਨੇ ਦੱਸਿਆ ਕਿ ਜਦੋਂ ਉਹ ਪੱਥਰੀ ਦਾ ਇਲਾਜ ਕਰਵਾਉਣ ਸਬੰਧੀ ਫਰੀਦਕੋਟ ਦੇ ਹਸਪਤਾਲ ਵਿੱਚੋਂ ਅਪਰੇਸ਼ਨ ਕਰਵਾਉਣ ਤੋਂ ਬਾਅਦ ਆਪਣੀ ਧੀ ਅਤੇ ਜਵਾਈ ਨਾਲ ਘਰ ਪਰਤੀ ਤਾਂ ‘ਸ਼ੈਫੀ’ ਘਰ ’ਚ ਨਹੀਂ ਸੀ। ਉਸ ਨੇ ਸ਼ੈਫੀ ਬਾਰੇ ਪਤੀ ਨੂੰ ਪੁੱਛਿਆ ਪਰ ਉਸ ਨੇ ਕੋਈ ਵੀ ਜਵਾਬ ਨਾ ਦਿੱਤਾ। ਜਸਨੀਤ ਕੌਰ ਅਨੁਸਾਰ ਸੁਰਿੰਦਰਪਾਲ ਸਿੰਘ ਨੇ ਕਥਿਤ ਤੌਰ ’ਤੇ ਸ਼ਰਾਬ ਪੀ ਕੇ ਉਨ੍ਹਾਂ ਨਾਲ ਝਗੜਾ ਵੀ ਕੀਤਾ। ਉਸ ਨੇ ਪਤੀ ਖ਼ਿਲਾਫ਼ ਸ਼ਿਕਾਇਤ ਰਾਹੀਂ ‘ਸ਼ੈਫੀ’ ਨੂੰ ਮਾਰ ਮੁਕਾਉਣ ਅਤੇ ਗਾਇਬ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰਵਾ ਦਿੱਤਾ ਹੈ। ਸਬ-ਇੰਸਪੈਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕੇਸ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।