ਕਪੂਰਥਲਾ ਵਿੱਚ ਦਸ ਦਿਨਾਂ ’ਚ ਚਾਰ ਪੁਲੀਸ ਅਧਿਕਾਰੀਆਂ ’ਤੇ ਕੇਸ ਦਰਜ
ਅਪਰਨਾ ਬੈਨਰਜੀ
ਜਲੰਧਰ, 2 ਜੁਲਾੲੀ
ਕਪੂਰਥਲਾ ਪੁਲੀਸ ਨੇ ਪੰਦਰਾਂ ਦਿਨਾਂ ਦੌਰਾਨ ਰਿਸ਼ਵਤ ਲੈ ਕੇ ਅਪਰਾਧੀਆਂ ਨੂੰ ਛੱਡਣ ਤੇ ੳੁਨ੍ਹਾਂ ਦੀ ਮਦਦ ਕਰਨ ਵਾਲੇ ਦੋ ਥਾਣੇਦਾਰਾਂ ਤੇ ਦੋ ਏਐਸਆੲੀ’ਜ਼ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਜਿਨ੍ਹਾਂ ਵਿਚੋਂ ਇਕ ਥਾਣੇਦਾਰ ਸੇਵਾਮੁਕਤ ਹੈ। ਇਹ ਮਾਮਲਾ ਪੁਲੀਸ ’ਚ ਹੇਠਲੇ ਪੱਧਰ ਤਕ ਆਏ ਨਿਘਾਰ ਵੱਲ ਇਸ਼ਾਰਾ ਕਰਦਾ ਹੈ। ਇਨ੍ਹਾਂ ਵਿਚੋਂ ਹਾਲੇ ਤੱਕ ਇਕ ਏਐਸਆੲੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਦੋ ਥਾਣੇਦਾਰ ਅਤੇ ਇਕ ਏਐਸਆੲੀ ਹਾਲੇ ਤੱਕ ਫਰਾਰ ਹਨ। ਇਸ ਸਬੰਧੀ ਤਿੰਨ ਐਫਆਈਆਰਜ਼ ਦਰਜ ਕੀਤੀਆਂ ਗਈਆਂ ਹਨ ਤੇ ਸਾਰੇ ਕੇਸ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਤਹਿਤ ਦਰਜ ਕੀਤੇ ਗਏ ਹਨ।
ਇਹ ਕੇਸ ਉਨ੍ਹਾਂ ਪੁਲੀਸ ਅਧਿਕਾਰੀਆਂ ’ਤੇ ਦਰਜ ਕੀਤੇ ਗਏ ਹਨ ਜਿਨ੍ਹਾਂ ਨੇ ਪੈਸੇ ਲੈ ਕੇ ਨਸ਼ਾ ਤਸਕਰਾਂ, ਧੋਖਾਧਡ਼ੀ ਵਿਚ ਨਾਮਜ਼ਦ ਟਰੈਵਲ ਏਜੰਟ ਤੇ ਜ਼ਮੀਨਾਂ ’ਤੇ ਕਬਜ਼ਾ ਕਰਨ ਦੇ ਦੋਸ਼ ਹੇਠ ਕਾਬੂ ਕੀਤੇ ਗਏ ਮੁਲਜ਼ਮਾਂ ਨੂੰ ਛੱਡਿਆ। ਇਨ੍ਹਾਂ ਖ਼ਿਲਾਫ਼ ਕੇਸ ਦਰਜ ਹੋਣ ਨਾਲ ਇਹ ਵੀ ਸਵਾਲ ਸਾਹਮਣੇ ਆਏ ਹਨ ਕਿ ਇਨ੍ਹਾਂ ਮੁਲਜ਼ਮਾਂ ਨੇ ਵੱਖ-ਵੱਖ ਥਾਣਿਆਂ ਵਿਚ ਤਾਇਨਾਤੀ ਦੌਰਾਨ ਹੋਰ ਕਿੰਨੇ ਜਣਿਆਂ ਨੂੰ ਗੰਭੀਰ ਅਪਰਾਧ ਵਿਚ ਸ਼ਾਮਲ ਹੋਣ ਦੇ ਬਾਵਜੂਦ ਰਿਸ਼ਵਤ ਲੈ ਕੇ ਪੁਲੀਸ ਕੇਸਾਂ ਵਿਚੋਂ ਬਾਹਰ ਕੱਢਿਆ। ਕਪੂਰਥਲਾ ਪੁਲੀਸ ਨੇ ਇਸ ਸਬੰਧੀ 19, 24 ਤੇ 29 ਜੂਨ ਨੂੰ ਤਿੰਨ ਐਫਆਈਆਰ ਦਰਜ ਕੀਤੀਆਂ ਜਿਸ ਤਹਿਤ 24 ਜਣਿਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਪਰ ਇਨ੍ਹਾਂ ਮਾਮਲਿਆਂ ਵਿਚ ਹੁਣ ਤਕ ਸਿਰਫ ਦੋ ਜਣੇ ਹੀ ਗ੍ਰਿਫਤਾਰ ਕੀਤੇ ਗਏ ਹਨ ਜਿਸ ਵਿਚ ਇਕ ਪੁਲੀਸ ਮੁਲਾਜ਼ਮ ਤੇ ਇਕ ਆਮ ਵਿਅਕਤੀ ਸ਼ਾਮਲ ਹੈ। ਇਸ ਤੋਂ ਇਲਾਵਾ ਦੋ ਹੋਰ (ਦੋ ਨਸ਼ਾ ਤਸਕਰ) ਪਹਿਲਾਂ ਹੀ ਪੁਲੀਸ ਹਿਰਾਸਤ ਵਿਚ ਸਨ। ਹੁਣ ਤੱਕ ਤਿੰਨ ਪੁਲੀਸ ਵਾਲਿਆਂ ਸਣੇ ਕੁੱਲ 20 ਜਣੇ ਫਰਾਰ ਹਨ।
ਪੁਲੀਸ ਨੇ ਇਸ ਸਾਲ ਮਾਰਚ ਵਿਚ ਕਪੂਰਥਲਾ ਪੁਲੀਸ ਥਾਣਾ ਕੋਤਵਾਲੀ ਵਿੱਚ ਤਾਇਨਾਤ ਰਹੇ ਥਾਣਾ ਮੁਖੀ ਹਰਜੀਤ ਸਿੰਘ ਤੇ ਸਟੇਸ਼ਨ ਇੰਚਾਰਜ ਸੁਭਾਨਪੁਰ ਪੁਲੀਸ ਥਾਣਾ ਏਐਸਆੲੀ ਪਰਮਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ ਜਿਨ੍ਹਾਂ 21 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਨਸ਼ਾ ਤਸਕਰ ਨੂੰ ਛੱਡ ਦਿੱਤਾ। ਦੂਜੇ ਕੇਸ ਵਿਚ ਕਪੂਰਥਲਾ ਥਾਣਾ ਸਿਟੀ ਦੇ ਏਐਸਆਈ ਬਲਵੀਰ ਸਿੰਘ ਸਣੇ 16 ਜਣਿਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ ਜਿਨ੍ਹਾਂ ਨੇ ਇਕ ਘਰ ਵਿਚ ਜਬਰੀ ਦਾਖਲ ਹੋ ਕੇ ਕਬਜ਼ਾ ਕੀਤਾ ਸੀ ਪਰ ਪੁਲੀਸ ਨੇ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਤੀਜੇ ਕੇਸ ਵਿਚ ਸੁਲਤਾਨਪੁਰ ਲੋਧੀ ਦੇ ਸਾਬਕਾ ਥਾਣਾ ਮੁਖੀ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਸ ਨੇ ਦਸ ਲੱਖ ਦੀ ਧੋਖਾਧਡ਼ੀ ਕਰਨ ਵਾਲੇ ਟਰੈਵਲ ਏਜੰਟ ’ਤੇ ਕੋਈ ਕਾਰਵਾਈ ਨਹੀਂ ਕੀਤੀ।
ਕਪੂਰਥਲਾ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਇਸ ਸਬੰਧੀ ਹੋਰ ਸ਼ਿਕਾਇਤਾਂ ਵੀ ਆ ਰਹੀਆਂ ਹਨ ਤੇ ਤਿੰਨ ਕੇਸ ਦਰਜ ਹੋਣ ਤੋਂ ਬਾਅਦ ਅਗਲੇ ਦਿਨਾਂ ਵਿਚ ਹੋਰ ਵੀ ਕੇਸ ਦਰਜ ਕੀਤੇ ਜਾਣਗੇ। ਮਜ਼ੇਦਾਰ ਗੱਲ ਇਹ ਵੀ ਹੈ ਕਿ ਉੱਚ ਪੱਧਰੀ ਮਾਮਲਿਆਂ ਵਿਚ ਫਰਾਰ ਚੱਲ ਰਹੇ ਮੁਲਜ਼ਮਾਂ ਵਲੋਂ ਕਾਨੂੰਨੀ ਕਾਰਵਾਈਆਂ ਨੇਪਰੇ ਚਾਡ਼੍ਹੀਆਂ ਜਾ ਰਹੀਆਂ ਹਨ ਤੇ ਉਹ ਪੁਲੀਸ ਦੀ ਪਹੁੰਚ ਤੋਂ ਦੂਰ ਚਲ ਰਹੇ ਹਨ।
ਸ਼ਿਕਾਇਤਾਂ ਆ ਰਹੀਆਂ ਹਨ ਤੇ ਮਾਮਲਿਆਂ ਦੀ ਪਡ਼ਤਾਲ ਜਾਰੀ ਹੈ: ਅੈੱਸਅੈੱਸਪੀ
ਕਪੂਰਥਲਾ ਦੇ ਐੱਸਐੱਸਪੀ ਰਾਜਪਾਲ ਸਿੰਘ ਸੰਧੂ ਨੇ ਕਿਹਾ ਕਿ ਨਾਮਜ਼ਦ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਖ਼ਿਲਾਫ਼ ਹੋਰ ਸ਼ਿਕਾਇਤਾਂ ਵੀ ਆ ਰਹੀਆਂ ਹਨ ਤੇ ਪੁਲੀਸ ਵਲੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਜਦ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਇਨ੍ਹਾਂ ਮੁਲਜ਼ਮਾਂ ਨੂੰ ਹਾਲੇ ਤਕ ਕਾਬੂ ਨਹੀਂ ਕੀਤਾ ਜਾ ਰਿਹਾ ਜਦਕਿ ਮੁਲਜ਼ਮਾਂਂ ਵਲੋਂ ਪੁਲੀਸ ਤੇ ਅਦਾਲਤ ਕੋਲ ਪਹੁੰਚ ਕੀਤੀ ਜਾ ਰਹੀ ਹੈ ਤਾਂ ਐਸਐਸਪੀ ਨੇ ਕਿਹਾ ਕਿ ਇਨ੍ਹਾਂ ਮੁਲਜ਼ਮਾਂ ਵਲੋਂ ਨਹੀਂ ਬਲਕਿ ਉਨ੍ਹਾਂ ਦੇ ਵਕੀਲਾਂ ਵਲੋਂ ਪੁਲੀਸ ਤੇ ਅਦਾਲਤਾਂ ਕੋਲ ਪਹੁੰਚ ਕੀਤੀ ਜਾ ਰਹੀ ਹੈ ਪਰ ਪੁਲੀਸ ਉਨ੍ਹਾਂ ਨੂੰ ਕਾਬੂ ਕਰਨ ਲਈ ਯਤਨ ਕਰ ਰਹੀ ਹੈ।