ਹਾਈ ਕੋਰਟ ਦੇ ਹੁਕਮਾਂ ’ਤੇ ਡੀਐੱਸਪੀ ਗੁਰਸ਼ੇਰ ਸੰਧੂ ਖ਼ਿਲਾਫ਼ ਕੇਸ ਦਰਜ
ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 17 ਅਕਤੂਬਰ
ਪੰਜਾਬ ਪੁਲੀਸ ਦੇ ਬਹੁ-ਚਰਚਿਤ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਉਨ੍ਹਾਂ ਖ਼ਿਲਾਫ਼ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣਾ ਮੁਹਾਲੀ ਵਿੱਚ ਧਾਰਾ 419, 465, 467, 468, 471 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਹਾਈ ਕੋਰਟ ਦੇ ਹੁਕਮਾਂ ’ਤੇ ਡੀਆਈਜੀ ਦੀ ਜਾਂਚ ਰਿਪੋਰਟ ਨੂੰ ਆਧਾਰ ਬਣਾ ਕੇ ਇਹ ਤਾਜ਼ਾ ਕਾਰਵਾਈ ਕੀਤੀ ਗਈ ਹੈ। ਡੀਐੱਸਪੀ ਸੰਧੂ ਪਹਿਲਾਂ ਹੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਸੀਆਈਏ ਸਟਾਫ਼ ਵਿੱਚ ਵਿਸ਼ੇਸ਼ ਇੰਟਰਵਿਊ ਕਰਵਾਉਣ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਹੁਣ ਡੀਐੱਸਪੀ ਸੰਧੂ ’ਤੇ ਆਪਣੇ ਦੋਸਤ ਬਲਜਿੰਦਰ ਸਿੰਘ ਤੋਂ ਵੱਖ-ਵੱਖ ਵਿਅਕਤੀਆਂ ਖ਼ਿਲਾਫ਼ ਸ਼ਿਕਾਇਤਾਂ ਕਰਵਾਉਣ ਅਤੇ ਉਨ੍ਹਾਂ ਦੀ ਖ਼ੁਦ ਹੀ ਜਾਂਚ ਕਰਨ ਦਾ ਦੋਸ਼ ਹੈ। ਹਾਲਾਂਕਿ ਕੇਸ ਡੀਐੱਸਪੀ ਸੰਧੂ ਦੇ ਖ਼ਿਲਾਫ਼ ਦਰਜ ਹੋਇਆ ਹੈ ਪਰ ਉਸ ਸਮੇਂ ਦੇ ਸੀਨੀਅਰ ਅਧਿਕਾਰੀ ਵੀ ਸ਼ੱਕ ਦੇ ਘੇਰੇ ’ਚ ਹਨ ਕਿਉਂਕਿ ਸਾਰੀਆਂ ਸ਼ਿਕਾਇਤਾਂ ਦੀ ਜਾਂਚ ਸੰਧੂ ਨੂੰ ਹੀ ਸੌਂਪੀ ਜਾਂਦੀ ਰਹੀ ਹੈ। ਇਸ ਮਾਮਲੇ ਤੋਂ ਪਰਦਾ ਉਦੋਂ ਉਠਿਆਂ ਜਦੋਂ ਡੀਐੱਸਪੀ ਸੰਧੂ ਦੀ ਉਸ ਦੇ ਖਾਸ ਦੋਸਤ ਨਾਲ ਕਿਸੇ ਗੱਲ ਨੂੰ ਲੈ ਕੇ ਅਣਬਣ ਹੋ ਗਈ। ਸੂਤਰ ਦੱਸਦੇ ਹਨ ਕਿ ਦੋਵਾਂ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਖੜਕੀ ਹੈ ਅਤੇ ਉਸ ਨੇ ਸੰਧੂ ਖ਼ਿਲਾਫ਼ ਸ਼ਿਕਾਇਤ ਦੇ ਕੇ ਸਾਰਾ ਕੁੱਝ ਦੱਸ ਦਿੱਤਾ। ਹਾਈ ਕੋਰਟ ਦੇ ਹੁਕਮਾਂ ’ਤੇ ਡੀਐੱਸਪੀ ਖ਼ਿਲਾਫ਼ ਜਾਂਚ ਸ਼ੁਰੂ ਹੋ ਗਈ ਹੈ। ਬਲਜਿੰਦਰ ਸਿੰਘ ਦੇ ਦੋਸ਼ਾਂ ਬਾਰੇ ਕੀਤੀ ਪੁੱਛ-ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਸ਼ਿਕਾਇਤਕਰਤਾ ਦੇ ਡੀਐੱਸਪੀ ਗੁਰਸ਼ੇਰ ਸਿੰਘ ਨਾਲ ਚੰਗੇ ਸਬੰਧ ਸਨ। ਡੀਐੱਸਪੀ ਦੇ ਕਹਿਣ ’ਤੇ ਉਸ ਨੇ ਐੱਸਐੱਸਪੀ ਮੁਹਾਲੀ ਨੂੰ ਕੁੱਝ ਝੂਠੀਆਂ ਸ਼ਿਕਾਇਤਾਂ ਕੀਤੀਆਂ ਸਨ। ਅਜਿਹੀ ਹੀ ਝੂਠੀ ਸ਼ਿਕਾਇਤ ਬਲਜਿੰਦਰ ਨੇ ਅਸ਼ੋਕ ਕੁਮਾਰ ਅਤੇ ਸਮੋ ਦੇਵੀ ਖ਼ਿਲਾਫ਼ ਦਿੱਤੀ ਸੀ ਕਿ ਪਿੰਡ ਗੋਬਿੰਦਗੜ੍ਹ (ਮੁਹਾਲੀ) ਵਿੱਚ 10 ਮਰਲੇ ਦੇ ਪਲਾਟ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ। ਡੀਐੱਸਪੀ ’ਤੇ ਵਿਵਾਦਿਤ ਜ਼ਮੀਨਾਂ ਖ਼ਰੀਦ ਕੇ ਉਨ੍ਹਾਂ ਨੂੰ ਮਹਿੰਗੇ ਭਾਅ ਵਿੱਚ ਵੇਚਣ ਦੇ ਇਰਾਦੇ ਨਾਲ ਵਿਵਾਦਾਂ ਦਾ ਨਿਪਟਾਰਾ ਕਰਵਾਉਣ ਦਾ ਵੀ ਦੋਸ਼ ਲੱਗਾ ਹੈ। ਪਤਾ ਲੱਗਾ ਹੈ ਕਿ ਵਿਜੀਲੈਂਸ ਬਿਊਰੋ ਵੀ ਵੱਖਰੇ ਤੌਰ ’ਤੇ ਪੜਤਾਲ ਕਰ ਰਹੀ ਹੈ। ਐੱਫਆਈਆਰ ਮੁਤਾਬਕ ਇਸ ਸਮੇਂ ਡੀਐੱਸਪੀ ਸੰਧੂ ਦੀ ਅੰਮ੍ਰਿਤਸਰ ’ਚ ਤਾਇਨਾਤੀ ਦੱਸੀ ਗਈ ਹੈ।