ਅੰਬਾਲਾ ਦੇ ਡੀਸੀ ਖਿਲਾਫ਼ ਕੇਸ ਦਰਜ ਹੋਵੇ: ਮੋਹਿਤ ਮਹਿੰਦਰਾ
ਖੇਤਰੀ ਪ੍ਰਤੀਨਿਧ
ਘਨੌਰ, 15 ਫਰਵਰੀ
ਕਿਸਾਨਾ ਦੇ ਧਰਨੇ ਦੀ ਹਮਾਇਤ ’ਚ ਸ਼ੰਭੂ ਬੈਰੀਅਰ ’ਤੇ ਪਹੁੰਚੇ ਪੰਜਾਬ ਯੂਥ ਕਾਂਗਰਸ ਦੇ ਸੂਬਾਈ ਪ੍ਰਧਾਨ ਮੋੋਹਿਤ ਮਹਿੰਦਰਾ ਨੇ ਕਿਸਾਨਾਂ ਲਈ ਦਵਾਈਆਂ ਅਤੇ ਹੋਰ ਵਸਤਾਂ ਭੇਟ ਕੀਤੀਆਂ। ਹਰਿਆਣਾ ਪੁਲੀਸ ਵੱਲੋਂ ਕੀਤੇ ਗਏ ਤਸ਼ੱਦਦ ਨੂੰ ਗੈਰ-ਸੰਵਿਧਾਨਕ ਅਤੇ ਗੈਰ ਜਮਹੂਰੀ ਕਾਰਵਾਈ ਦੱਸਦਿਆਂ ਯੂਥ ਨੇਤਾ ਨੇ ਇਸ ਸਬੰਧੀ ਅੰਬਾਲਾ ਦੇ ਡਿਪਟੀ ਕਮਿਸ਼ਨਰ ਦੇ ਖਿਲਾਫ਼ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਇਹ ਮੰਗ ਉਨ੍ਹਾਂ ਨੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਕੀਤੀ ਹੈ।
ਆਪਣੀ ਇਸ ਸ਼ੰਭੂ ਫੇਰੀ ਦੌਰਾਨ ਉਨ੍ਹਾਂ ਨੇ ਇਸ ਪੱਤਰ ਦੀਆਂ ਕਾਪੀਆਂ ਪੱਤਰਕਾਰਾਂ ਨੂੰ ਵੀ ਦਿੱਤੀਆਂ। ਮੋਹਿਤ ਮਹਿੰਦਰਾ ਦਾ ਕਹਿਣਾ ਸੀ ਕਿ ਸ਼ਾਂਤਮਈ ਪ੍ਰਰਦਸ਼ਨ ਕਰਦੇ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲ਼ੇ ਅਤੇ ਰੱਬੜ ਦੀਆਂ ਗੋਲੀਆਂ ਦਾਗਣ ਦੀ ਕਾਰਵਾਈ ਬਰਦਾਸ਼ਤਯੋਗ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਇਸ ਸਬੰਧੀ ਪੰਜਾਬ ਸਰਕਾਰ ਖੁਦ ਹੀ ਨੋਟਿਸ ਲੈਣਾ ਬਣਦਾ ਹੈ। ਇਸ ਨੂੰ ਅਤਿ-ਸੰਵੇਦਨਸ਼ੀਲ ਮਾਮਲਾ ਦੱਸਦਿਆਂ ਮੋਹਿਤ ਮਹਿੰਦਰਾ ਦਾ ਇਹ ਵੀ ਕਹਿਣਾ ਸੀ ਕਿ ਚੰਗਾ ਹੋਵੇਗਾ ਜੇਕਰ ਇਸ ਸਬੰਧੀ ਅਦਾਤਲਾਂ ਵੀ ਨੋਟਿਸ ਲੈਣ, ਤਾਂ ਜੋ ਭਵਿੱਖ ’ਚ ਕਿਸੇ ਦੀ ਵੀ ਅਜਿਹਾ ਕਰਨ ਦੀ ਜ਼ੁਰਅਤ ਨਾ ਪਵੇ। ਯੂਥ ਕਾਂਗਰਸ ਆਗੂ ਨੇ ਕੇਂਦਰ ਤੋਂ ਕਿਸਾਨਾ ਦੀਆਂ ਮੰਗਾਂ ਤੁਰੰਤ ਮੰਨਣ ’ਤੇ ਜ਼ੋਰ ਦਿੱਤਾ ਅਤੇ ਆਖਿਆ ਕਿ ਕਿਸਾਨ ਅੰਦੋਲਨ ਦੌਰਾਨ ਮੰਗਾਂ ਮੰਨਣ ਦਾ ਐਲਾਨ ਕਰਨ ਦੀ ਕਾਰਵਾਈ ਨੂੰ ਸਮੁੱਚੇ ਵਿਸ਼ਵ ਨੇ ਦੇਖਿਆ, ਇਸ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਮੰਗਾਂ ਨਾ ਮੰਨਣਾ ਦੁਨੀਆਂ ਦੇ ਸਾਹਮਣੇ ਸਮੁੱਚੇ ਭਾਰਤਵਰਸ਼ ਦੀ ਹੀ ਤੌਹੀਨ ਕਰਰਵਾਉਣ ਦੇ ਤੁੱਲ ਹੈ।