ਮਲਿਆਲਮ ਅਦਾਕਾਰ ਸਿੱਦੀਕ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ
ਤਿਰੂਵਨੰਤਪੁਰਮ, 28 ਅਗਸਤ
ਮਲਿਆਲਮ ਅਭਿਨੇਤਾ ਸਿੱਦੀਕ ਖ਼ਿਲਾਫ਼ ਅਦਾਕਾਰਾ ਦੇ ਦੋਸ਼ਾਂ ਤੋਂ ਬਾਅਦ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤ ਦਾ ਦੋਸ਼ ਹੈ ਕਿ ਉਸ ਦਾ 2016 ਵਿੱਚ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਪੁਲੀਸ ਨੇ ਦੱਸਿਆ ਕਿ ਅਭਿਨੇਤਾ ਖ਼ਿਲਾਫ਼ ਧਾਰਾ 376 (ਬਲਾਤਕਾਰ) ਅਤੇ 506 (ਅਪਰਾਧਿਕ ਧਮਕੀ) ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਇਹ ਕੇਸ ਆਈਪੀਸੀ ਦੇ ਤਹਿਤ ਦਰਜ ਕੀਤਾ ਗਿਆ ਕਿਉਂਕਿ ਇਹ ਅਪਰਾਧ ਕਥਿਤ ਤੌਰ 'ਤੇ 2016 ਵਿੱਚ ਹੋਇਆ ਸੀ। ਜਸਟਿਸ ਹੇਮਾ ਕਮੇਟੀ ਦੀ ਰਿਪੋਰਟ ਵਿੱਚ ਖੁਲਾਸਿਆਂ ਦੇ ਮੱਦੇਨਜ਼ਰ ਵੱਖ-ਵੱਖ ਨਿਰਦੇਸ਼ਕਾਂ ਅਤੇ ਅਦਾਕਾਰਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਕਿਸੇ ਫਿਲਮ ਸ਼ਖਸੀਅਤ ਖ਼ਿਲਾਫ਼ ਇਹ ਦੂਜੀ ਐੱਫਆਈਆਰ ਹੈ। ਪਹਿਲਾ ਮਾਮਲਾ ਆਈਪੀਸੀ ਦੀ ਧਾਰਾ 354 ਤਹਿਤ ਪੱਛਮੀ ਬੰਗਾਲ ਦੀ ਅਦਾਕਾਰਾ ਵੱਲੋਂ 2009 ਵਿੱਚ ਵਾਪਰੀ ਘਟਨਾ ਦੇ ਸਬੰਧ ਵਿੱਚ ਦਿੱਤੀ ਸ਼ਿਕਾਇਤ 'ਤੇ ਨਿਰਦੇਸ਼ਕ ਰੰਜੀਤ ਖ਼ਿਲਾਫ਼ ਦਰਜ ਕੀਤਾ ਗਿਆ ਸੀ। ਸਿੱਦੀਕ ਨੇ ਆਪਣੇ 'ਤੇ ਲੱਗੇ ਦੋਸ਼ਾਂ ਤੋਂ ਬਾਅਦ ਐਸੋਸੀਏਸ਼ਨ ਆਫ ਮਲਿਆਲਮ ਮੂਵੀ ਆਰਟਿਸਟਸ (ਏਐੱਮਐੱਮਏ) ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ ਸੀ।