For the best experience, open
https://m.punjabitribuneonline.com
on your mobile browser.
Advertisement

ਸਮਾਜ ਸੇਵੀ ’ਤੇ ਜਬਰ-ਜਨਾਹ ਦਾ ਕੇਸ ਦਰਜ

09:56 AM Aug 14, 2024 IST
ਸਮਾਜ ਸੇਵੀ ’ਤੇ ਜਬਰ ਜਨਾਹ ਦਾ ਕੇਸ ਦਰਜ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 13 ਅਗਸਤ
ਆਮ ਆਦਮੀ ਪਾਰਟੀ ਦੇ ਕਈ ਸਿਆਸੀ ਆਗੂਆਂ ਦੇ ਨਜ਼ਦੀਕੀਆਂ ਵਿੱਚ ਸ਼ਾਮਲ ਸਮਾਜ ਸੇਵੀ ਚੇਤਨ ਬਵੇਜਾ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਜਬਰ-ਜਨਾਹ ਦਾ ਕੇਸ ਦਰਜ ਕੀਤਾ ਹੈ। ਜਬਰ-ਜਨਾਹ ਪੀੜਤਾ ਨੇ ਸਮਾਜ ਸੇਵੀ ਚੇਤਨ ਬਵੇਜਾ ’ਤੇ ਕਈ ਗੰਭੀਰ ਦੋਸ਼ ਲਾਏ ਹਨ। ਹੈਰਾਨੀਜਨਕ ਗੱਲ ਇਹ ਹੈ ਕਿ ਚੇਤਨ ਬਵੇਜਾ ਨੇ ਨਾ ਸਿਰਫ਼ ਜਬਰ-ਜਨਾਹ ਕਰਨ ਮਗਰੋਂ ਪੀੜਤਾ ਨੂੰ ਧਮਕੀਆਂ ਦਿੱਤੀਆਂ ਸਗੋਂ ਆਪਣੇ ਕਈ ਸਾਥੀਆਂ ਰਾਹੀਂ ਧਮਕੀਆਂ ਭੇਜ ਕੇ ਉਸ ’ਤੇ ਸਮਝੌਤਾ ਕਰਨ ਲਈ ਦਬਾਅ ਵੀ ਪਾਇਆ। ਜਦੋਂ ਪੀੜਤਾ ਨੇ ਬੇਟੇ ਨੂੰ ਜਨਮ ਦਿੱਤਾ ਤਾਂ ਉਸ ’ਤੇ 5 ਲੱਖ ਰੁਪਏ ’ਚ ਉਸ ਨੂੰ ਵੇਚਣ ਦਾ ਦਬਾਅ ਵੀ ਬਣਾਇਆ ਗਿਆ।
ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ ਸਮਾਜ ਸੇਵੀ ਚੇਤਨ ਬਵੇਜਾ ਖ਼ਿਲਾਫ਼ ਜਬਰ-ਜਨਾਹ ਸਣੇ ਕਈ ਗੰਭੀਰ ਧਾਰਾਵਾਂ ਵਿੱਚ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਚੇਤਨ ਬਵੇਜਾ ਦੀ ਭਾਲ ਵਿੱਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਦੂਜੇ ਪਾਸੇ, ਪੁਲੀਸ ਨੇ ਪੀੜਤਾ ਦਾ ਮੈਡੀਕਲ ਕਰਵਾਉਣ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ। ਪੀੜਤਾ ਨੇ ਪੁਲੀਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਵਿਆਹ ਮੁਬਾਰਕਪੁਰ, ਚੰਡੀਗੜ੍ਹ ਦੇ ਇੱਕ ਵਿਅਕਤੀ ਨਾਲ ਹੋਇਆ ਸੀ। ਉਸ ਵਿਅਕਤੀ ਨੇ ਕਈ ਅਪਰਾਧ ਕੀਤੇ ਸਨ, ਇਸ ਲਈ ਉਹ ਇੱਕ ਮਹੀਨੇ ਬਾਅਦ ਉਸ ਨੂੰ ਛੱਡ ਕੇ ਆਪਣੇ ਨਾਨਕੇ ਘਰ ਆ ਗਈ ਜਿਸ ਤੋਂ ਬਾਅਦ ਉਨ੍ਹਾਂ ਦਾ ਅਦਾਲਤ ਵਿੱਚ ਤਲਾਕ ਹੋ ਗਿਆ। ਇਸ ਤੋਂ ਬਾਅਦ ਮੁਲਜ਼ਮ ਸਮਾਜ ਸੇਵੀ ਚੇਤਨ ਬਵੇਜਾ ਨੇ ਉਸ ਨੂੰ ਚੀਮਾ ਚੌਕ ਨੇੜੇ ਆਪਣੇ ਦਫ਼ਤਰ ਵਿੱਚ ਨੌਕਰੀ ਦੇ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਮੁਲਜ਼ਮ ਚੇਤਨ ਬਵੇਜਾ ਨੇ ਕੋਲਡ ਡਰਿੰਕ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਉਸ ਨੂੰ ਪਿਲਾਇਆ ਤੇ ਉਸ ਨਾਲ ਜਬਰ-ਜਨਾਹ ਕੀਤਾ ਤੇ ਲਗਾਤਾਰ ਕਰਦਾ ਰਿਹਾ। ਮੁਲਜ਼ਮ ਚੇਤਨ ਬਵੇਜਾ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਕਈ ਵਾਰ ਜਬਰ-ਜਨਾਹ ਕੀਤਾ। ਜਦੋਂ ਉਹ ਗਰਭਵਤੀ ਹੋ ਗਈ ਤਾਂ ਉਸ ਨੇ ਚੇਤਨ ਬਵੇਜਾ ਨੂੰ ਉਸ ਨਾਲ ਵਿਆਹ ਕਰਨ ਲਈ ਕਿਹਾ, ਪਰ ਮੁਲਜ਼ਮ ਨੇ ਕਿਹਾ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਹੈ ਅਤੇ ਉਹ ਕਿਤੇ ਹੋਰ ਵਿਆਹ ਕਰਵਾ ਲਵੇ। ਉਸਨੇ ਦੋਸ਼ ਲਾਇਆ ਕਿ ਮੁਲਜ਼ਮ ਉਸ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਇਸ ਤੋਂ ਡਰਦਿਆਂ ਪੀੜਤਾ ਨੇ ਹੈਬੋਵਾਲ ਇਲਾਕੇ ਦੇ ਇੱਕ ਵਿਅਕਤੀ ਨਾਲ ਵਿਆਹ ਕਰਵਾ ਲਿਆ। ਜਦੋਂ ਉਸ ਨੇ ਵੀ ਉਸ ਨੂੰ ਛੱਡ ਦਿੱਤਾ ਤਾਂ ਉਹ ਆਪਣੀ ਭੈਣ ਕੋਲ ਰਹਿਣ ਲੱਗੀ ਜਿਸ ਤੋਂ ਬਾਅਦ ਚੇਤਨ ਬਵੇਜਾ ਨੇ ਆਪਣੇ ਦੋ ਸਾਥੀਆਂ ਨੂੰ ਉਸ ਦੀ ਭੈਣ ਦੇ ਘਰ ਭੇਜਿਆ ਅਤੇ ਧਮਕੀਆਂ ਦੇਣ ਦੇ ਨਾਲ-ਨਾਲ ਪੈਸੇ ਲੈ ਕੇ ਸਮਝੌਤਾ ਕਰਨ ਲਈ ਦਬਾਅ ਪਾਇਆ। ਜੇ ਉਹ ਕਿਸੇ ਵੀ ਹਾਲਤ ਵਿੱਚ ਰਾਜ਼ੀ ਨਾ ਹੋਈ ਤਾਂ ਉਸ ਉੱਤੇ ਗਰਭਪਾਤ ਕਰਵਾਉਣ ਲਈ ਵੀ ਦਬਾਅ ਪਾਇਆ ਗਿਆ। ਜਦੋਂ ਉਹ ਫਿਰ ਵੀ ਨਾ ਮੰਨੀ ਤਾਂ ਮੁਲਜ਼ਮਾਂ ਨੇ ਪੈਸੇ ਦੇ ਕੇ ਕਿਸੇ ਹੋਰ ਵਿਅਕਤੀ ਨੂੰ ਭੇਜ ਕੇ ਉਸ ’ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।
ਅਗਸਤ ਵਿੱਚ ਉਸ ਨੇ ਹੈਬੋਵਾਲ ਦੇ ਇੱਕ ਨਿੱਜੀ ਹਸਪਤਾਲ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਕਥਿਤ ਦੋਸ਼ੀ ਚੇਤਨ ਬਵੇਜਾ ਨੇ ਫਿਰ ਉਸ ’ਤੇ ਦਬਾਅ ਪਾਇਆ ਕਿ ਉਹ ਬੱਚੇ ਨੂੰ 5 ਲੱਖ ਰੁਪਏ ’ਚ ਕਿਸੇ ਨੂੰ ਵੇਚ ਕੇ ਕਿਤੇ ਹੋਰ ਵਿਆਹ ਕਰਵਾ ਲਵੇ। ਲਗਾਤਾਰ ਧਮਕੀਆਂ ਤੋਂ ਤੰਗ ਪੀੜਤਾ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ, ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ ਸਹੀ ਮਿਲੇ ਅਤੇ ਮੁਲਜ਼ਮ ਚੇਤਨ ਬਵੇਜਾ ਖ਼ਿਲਾਫ਼ ਜਬਰ-ਜਨਾਹ ਦਾ ਕੇਸ ਦਰਜ ਕੀਤਾ ਗਿਆ।

Advertisement
Advertisement
Author Image

Advertisement