ਤਿੰਨ ਨੌਜਵਾਨਾਂ ਦੀ ਭੇਤ-ਭਰੀ ਮੌਤ ਦੇ ਮਾਮਲੇ ’ਚ ਕਤਲ ਦਾ ਕੇਸ ਦਰਜ; ਇਕ ਗ੍ਰਿਫ਼ਤਾਰ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 27 ਅਕਤੂਬਰ
ਇੱਥੇ ਤਿੰਨ ਦਿਨ ਪਹਿਲਾਂ ਫਤਿਹਗੜ੍ਹ ਚੂੜੀਆਂ ਰੋਡ ਬਾਈਪਾਸ ਨੇੜੇ ਤਿੰਨ ਨੌਜਵਾਨਾਂ ਦੀ ਭੇਤ-ਭਰੀ ਮੌਤ ਦੇ ਮਾਮਲੇ ਵਿੱਚ ਪੁਲੀਸ ਨੇ ਐੱਫਆਈਆਰ ’ਚ ਕਤਲ ਦੀ ਧਾਰਾ ਸ਼ਾਮਲ ਕਰ ਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਸ਼ੁਰੂਆਤੀ ਤੌਰ ’ਤੇ ਪੁਲੀਸ ਨੇ ਇਸ ਨੂੰ ਸੜਕ ਹਾਦਸਾ ਮੰਨਿਆ ਸੀ ਜਦੋਂਕਿ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੀ ਹੱਤਿਆ ਕੀਤੀ ਗਈ ਹੈ। ਸਦਰ ਪੁਲੀਸ ਥਾਣੇ ਦੇ ਐੱਸਐੱਚਓ ਵਿਨੋਦ ਸ਼ਰਮਾ ਨੇ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਤੇਜਬੀਰ ਸਿੰਘ ਵਜੋਂ ਹੋਈ ਹੈ, ਜਿਸ ਨੇ ਜਾਣ-ਬੁੱਝ ਕੇ ਆਪਣੇ ਮੋਟਰਸਾਈਕਲ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਸੀ। ਇਸ ਦੌਰਾਨ ਵਾਪਰੇ ਹਾਦਸੇ ਵਿੱਚ ਤਿੰਨੋਂ ਨੌਜਵਾਨਾਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕੇਸ ਵਿੱਚ ਦਰਜ ਐੱਫਆਈਆਰ ’ਚ ਬੀਐੱਨਐੱਸ ਦੀ ਧਾਰਾ 103 ਸ਼ਾਮਲ ਕੀਤੀ ਗਈ ਹੈ। ਪੁਲੀਸ ਅਨੁਸਾਰ ਮ੍ਰਿਤਕਾਂ ਦੀ ਪਛਾਣ ਸਾਹਿਲ, ਤਰਲੋਚਨ ਸਿੰਘ ਅਤੇ ਜਤਿੰਦਰ ਸਿੰਘ ਸਾਰੇ ਵਾਸੀ ਫਤਿਹਗੜ੍ਹ ਚੂੜੀਆਂ ਰੋਡ ਨਵੀ ਆਬਾਦੀ ਵਜੋਂ ਹੋਈ ਹੈ। ਇਹ ਸਾਰੇ ਇੱਕ ਰਿਕਵਰੀ ਏਜੰਸੀ ਲਈ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰਾਂ ਨੇ ਦੋਸ਼ ਲਾਇਆ ਸੀ ਕਿ ਮ੍ਰਿਤਕਾਂ ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਦੇ ਨਿਸ਼ਾਨ ਸਨ। ਜਦੋਂ ਇਹ ਘਟਨਾ ਵਾਪਰੀ ਉਸ ਵੇਲੇ ਉਹ ਮੋਟਰਸਾਈਕਲ ’ਤੇ ਫਤਿਹਗੜ੍ਹ ਚੂੜੀਆਂ ਰੋਡ ਬਾਈਪਾਸ ’ਤੇ ਆਪਣੇ ਦੋਸਤ ਨੂੰ ਮਿਲਣ ਗਏ ਸਨ। ਐੱਸਐੱਚਓ ਨੇ ਦੱਸਿਆ ਕਿ ਕਤਲ ਪਿੱਛੇ ਮਕਸਦ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਕਿਉਂਕਿ ਤੇਜਬੀਰ ਦੇ ਕੁਝ ਸਾਥੀਆਂ ਦੀ ਗ੍ਰਿਫਤਾਰੀ ਬਾਕੀ ਹੈ।