ਨਰਸਿੰਗ ਸਟਾਫ਼ ਨਾਲ ਦੁਰਵਿਹਾਰ ਦਾ ਮਾਮਲਾ ਭਖਿਆ
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 26 ਜੁਲਾਈ
ਸਿਹਤ ਵਿਭਾਗ ਦੀ ਡਾਇਰੈਕਟਰ ਵੱਲੋਂ ਪਿਛਲੇ ਦਨਿੀਂ ਸਰਕਾਰੀ ਹਸਪਤਾਲ ਫੇਜ਼-6 ਦੇ ਦੌਰੇ ਦੌਰਾਨ ਨਰਸਿੰਗ ਸਟਾਫ਼ ਨਾਲ ਕੀਤੇ ਕਥਿਤ ਦੁਰਵਿਹਾਰ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਅੱਜ ਡਿਊਟੀ ਸਮੇਂ ਤੋਂ ਬਾਅਦ ਪੀੜਤ ਨਰਸਿੰਗ ਸਟਾਫ਼ ਨੇ ਰੋਸ ਪ੍ਰਗਟ ਕਰਦਿਆਂ ਸਰਕਾਰ ਤੋਂ ਇਨਸਾਫ਼ ਦੀ ਗੁਹਾਰ ਲਗਾਈ। ਇਸ ਦੌਰਾਨ ਪੀੜਤ ਨਰਸਾਂ ਨੇ ਕਾਲੇ ਬਿੱਲੇ ਲਗਾ ਕੇ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਹੈ।
ਪੀੜਤ ਨਰਸਾਂ ਨੇ ਮੀਡੀਆ ਨੂੰ ਦਸਤਾਵੇਜ਼ੀ ਸਬੂਤ ਦਿੰਦੇ ਹੋਏ ਆਪਣਾ ਕੰਮ ਪੁਰੀ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਕਰਨ ਦੀ ਗੱਲ ਕਹੀ। ਨਰਸਾਂ ਨੇ ਉਨ੍ਹਾਂ ਮਰੀਜ਼ਾਂ ਦੇ ਬਿਆਨਾਂ ਦੀ ਕਾਪੀ ਵੀ ਦਿੱਤੀ, ਜਨਿ੍ਹਾਂ ਵੱਲੋਂ ਇਲਾਜ ਦੌਰਾਨ ਨਰਸਿੰਗ ਸਟਾਫ਼ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟੀ ਪ੍ਰਗਟ ਕੀਤੀ ਗਈ ਹੈ। ਇਸ ਦੌਰਾਨ ਡਾਇਰੈਕਟਰ ਵੱਲੋਂ ਜਨਤਕ ਤੌਰ ’ਤੇ ਝਿੜਕਾਂ ਅਤੇ ਥੱਪੜ ਮਾਰਨ ਦੀ ਘੁਰਕੀ ਤੋਂ ਪ੍ਰੇਸ਼ਾਨ ਇੱਕ ਨਰਸ ਰੋਣ ਲੱਗ ਪਈ।
ਸੀਨੀਅਰ ਸਟਾਫ਼ ਨਰਸ ਮੰਜੂ ਮਹਾਜਨ, ਵੀਨਾ ਰਾਣੀ, ਅਨੀਤਾ ਸ਼ਰਮਾ ਅਤੇ ਹੋਰਨਾਂ ਨੇ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਤੋਂ ਡਾਇਰੈਕਟਰ ਖ਼ਿਲਾਫ਼ ਬਣਦੀ ਵਿਭਾਗੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਬੀਤੀ 22 ਜੁਲਾਈ ਨੂੰ ਡਾਇਰੈਕਟਰ ਹਸਪਤਾਲ ਦੇ ਆਈਸੀਯੂ ਵਿੱਚ ਰਾਊਂਡ ’ਤੇ ਆਏ ਸਨ। ਇਸ ਦੌਰਾਨ ਉਨ੍ਹਾਂ ਦੀ ਨਰਸਿੰਗ ਸਟਾਫ਼ ਨਾਲ ਤਲਖ਼ੀ ਹੋ ਗਈ। ਇਸ ਸਾਰਾ ਕੁੱਝ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਸਾਹਮਣੇ ਹੋਇਆ। ਜਿਸ ਦਾ ਨਰਸਿੰਗ ਸਟਾਫ਼ ਨੇ ਬੁਰਾ ਮਨਾਇਆ ਅਤੇ ਡਾਇਰੈਕਟਰ ਦੀ ਮੌਜੂਦਗੀ ਵਿੱਚ ਸਿਹਤ ਮੰਤਰੀ ਨੂੰ ਲੰਮੀ ਚੌੜੀ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਮੌਕੇ ਜਸਵਿੰਦਰ ਕੌਰ, ਮਨਵੀਰ ਕੌਰ, ਪੁਸ਼ਵਿੰਦਰ ਕੌਰ, ਰੁਪਿੰਦਰ ਕੌਰ, ਮਨਪ੍ਰੀਤ ਕੌਰ, ਪ੍ਰਦੀਪ ਕੌਰ, ਹਰਜੀਤ ਕੌਰ, ਮਨਜੀਤ ਕੌਰ, ਰੇਨੂੰ, ਪਰਮਿੰਦਰ ਕੌਰ ਤੇ ਹੋਰ ਹਾਜ਼ਰ ਸਨ।