ਪੂਜਾ ਖੇੜਕਰ ਖ਼ਿਲਾਫ਼ ਦਿੱਲੀ ’ਚ ਧੋਖਾਧੜੀ ਦਾ ਕੇਸ ਦਰਜ
ਨਵੀਂ ਦਿੱਲੀ, 19 ਜੁਲਾਈ
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਨੇ ਵਿਵਾਦਾਂ ’ਚ ਘਿਰੀ ਪ੍ਰੋਬੇਸ਼ਨਰੀ ਆਈਏਐੱਸ ਅਫ਼ਸਰ ਪੂਜਾ ਖੇੜਕਰ ਖ਼ਿਲਾਫ਼ ਫ਼ਰਜ਼ੀ ਪਛਾਣ ਪੱਤਰ ਰਾਹੀਂ ਸਿਵਲ ਸੇਵਾ ਪ੍ਰੀਖਿਆ ’ਚ ਸ਼ਾਮਲ ਹੋਣ ਦੇ ਦੋਸ਼ ਹੇਠ ਪੁਲੀਸ ਕੇਸ ਦਰਜ ਕਰਨ ਸਮੇਤ ਹੋਰ ਕਈ ਤਰ੍ਹਾਂ ਦੀ ਕਾਰਵਾਈ ਸ਼ੁਰੂ ਕੀਤੀ ਹੈ।
ਕਮਿਸ਼ਨ ਨੇ ਸਿਵਲ ਸੇਵਾਵਾਂ ਪ੍ਰੀਖਿਆ-2022 ਲਈ ਉਸ ਦੀ ਉਮੀਦਵਾਰੀ ਰੱਦ ਕਰਨ ਅਤੇ ਭਵਿੱਖ ਦੀਆਂ ਪ੍ਰੀਖਿਆਵਾਂ ’ਚ ਸ਼ਾਮਲ ਹੋਣ ਤੋਂ ਰੋਕਣ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਹੈ। ਸੂਤਰਾਂ ਮੁਤਾਬਕ ਕਮਿਸ਼ਨ ਨੇ ਵੀਰਵਾਰ ਨੂੰ ਪੂਜਾ ਖ਼ਿਲਾਫ਼ ਦਿੱਲੀ ਪੁਲੀਸ ਦੀ ਅਪਰਾਧ ਸ਼ਾਖਾ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਮਗਰੋਂ ਪੁਲੀਸ ਨੇ ਭਾਰਤੀ ਨਿਆਂ ਸੰਹਿਤਾ, ਸੂਚਨਾ ਤਕਨਾਲੋਜੀ ਐਕਟ ਅਤੇ ਦਿਵਿਆਂਗਤਾ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਦਿੱਲੀ ਪੁਲੀਸ ਨੇ ਕਿਹਾ ਕਿ ਅਪਰਾਧ ਸ਼ਾਖਾ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) 2023 ਬੈਚ ਦੀ ਅਧਿਕਾਰੀ ਖੇੜਕਰ ’ਤੇ ਪੁਣੇ ਜ਼ਿਲ੍ਹਾ ਕੁਲੈਕਟਰੇਟ ’ਚ ਸਿਖਲਾਈ ਦੌਰਾਨ ਵਿਸ਼ੇਸ਼ ਅਧਿਕਾਰਾਂ ਦੀ ਦੁਰਵਰਤੋਂ ਕਰਨ ਅਤੇ ਸਿਵਲ ਸੇਵਾ ’ਚ ਚੋਣ ਲਈ ਫ਼ਰਜ਼ੀ ਸਰਟੀਫਿਕੇਟਾਂ ਦੀ ਵਰਤੋਂ ਦੇ ਦੋਸ਼ ਲੱਗੇ ਹਨ। ਕਮਿਸ਼ਨ ਨੇ ਅੱਜ ਜਾਰੀ ਬਿਆਨ ’ਚ ਕਿਹਾ, ‘‘ਯੂਪੀਐੱਸਸੀ ਨੇ ਸਿਵਲ ਸੇਵਾਵਾਂ ਪ੍ਰੀਖਿਆ-2022 ’ਚ ਚੁਣੀ ਗਈ ਉਮੀਦਵਾਰ ਪੂਜਾ ਮਨੋਰਮਾ ਦਿਲੀਪ ਖੇੜਕਰ ਬਾਰੇ ਮੁਕੰਮਲ ਜਾਂਚ ਕੀਤੀ ਹੈ।’’ ਇਸ ’ਚ ਕਿਹਾ ਗਿਆ ਕਿ ਜਾਂਚ ਤੋਂ ਪਤਾ ਲੱਗਾ ਕਿ ਖੇੜਕਰ ਨੇ ਆਪਣਾ ਨਾਮ, ਪਿਤਾ ਤੇ ਮਾਤਾ ਦਾ ਨਾਮ, ਆਪਣੀ ਤਸਵੀਰ/ਦਸਤਖ਼ਤ, ਈਮੇਲ ਆਈਡੀ, ਮੋਬਾਈਲ ਨੰਬਰ ਅਤੇ ਪਤਾ ਬਦਲ ਕੇ ਪਛਾਣ ਛੁਪਾਈ ਅਤੇ ਪ੍ਰੀਖਿਆ ਨਿਯਮਾਂ ਤਹਿਤ ਤੈਅ ਹੱਦ ਤੋਂ ਵੱਧ ਵਾਰ ਪ੍ਰੀਖਿਆ ਦੇਣ ਦੀਆਂ ਕੋਸ਼ਿਸ਼ਾਂ ਦਾ ਲਾਭ ਚੁੱਕਿਆ।
ਬਿਆਨ ਮੁਤਾਬਕ ਯੂਪੀਐੱਸਸੀ ਨੇ ਖੇੜਕਰ ਖ਼ਿਲਾਫ਼ ਪੁਲੀਸ ’ਚ ਐੱਫਆਈਆਰ ਦਰਜ ਕਰਵਾ ਕੇ ਫੌਜਦਾਰੀ ਮੁਕੱਦਮਾ ਚਲਾਉਣ ਸਮੇਤ ਕਈ ਕਾਰਵਾਈਆਂ ਸ਼ੁਰੂ ਕੀਤੀਆਂ ਹਨ। ਯੂਪੀਐੱਸਸੀ ਨੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਤੇ ਨਿਰਪੱਖਤਾ ਨਾਲ ਸਾਰੀਆਂ ਪ੍ਰੀਖਿਆਵਾਂ ਕਰਵਾਉਂਦਾ ਹੈ ਤੇ ਸਖ਼ਤੀ ਨਾਲ ਨੇਮਾਂ ਦੀ ਪਾਲਣਾ ਕੀਤੀ ਜਾਂਦੀ ਹੈ। ਖੇੜਕਰ ਵੱਲੋਂ ਦਿਵਿਆਂਗ ਤੇ ਓਬੀਸੀ ਕੋਟੇ ਦੀ ਦੁਰਵਰਤੋਂ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਕੇਂਦਰ ਨੇ 11 ਜੁਲਾਈ ਨੂੰ ਪਰਸੋਨਲ ਅਤੇ ਸਿਖਲਾਈ ਵਿਭਾਗ ਦੇ ਵਧੀਕ ਸਕੱਤਰ ਮਨੋਜ ਕੁਮਾਰ ਦਿਵੇਦੀ ਦੀ ਅਗਵਾਈ ਹੇਠ ਇਕ ਮੈਂਬਰੀ ਜਾਂਚ ਕਮੇਟੀ ਬਣਾਈ ਸੀ ਅਤੇ ਉਸ ਨੂੰ ਦੋ ਹਫ਼ਤਿਆਂ ’ਚ ਰਿਪੋਰਟ ਦੇਣ ਲਈ ਕਿਹਾ ਸੀ।
ਯੂਪੀਐੱਸਸੀ ਦੇ ਰਿਕਾਰਡ ਮੁਤਾਬਕ ਖੇੜਕਰ ਨੇ ਦਿਵਿਆਂਗਤਾ ਤੇ ਓਬੀਸੀ ਸ਼੍ਰੇਣੀ ਤਹਿਤ ਸਿਵਲ ਸੇਵਾਵਾਂ ਪ੍ਰੀਖਿਆ 2022 ’ਚ 821ਵਾਂ ਰੈਂਕ ਹਾਸਲ ਕੀਤਾ ਸੀ। -ਪੀਟੀਆਈ
ਮਨੋਰਮਾ ਖੇੜਕਰ ਨਾਲ ਸਬੰਧਤ ਇੰਜਨੀਅਰਿੰਗ ਕੰਪਨੀ ਸੀਲ
ਪੁਣੇ: ਵਿਵਾਦਾਂ ’ਚ ਘਿਰੀ ਪ੍ਰੋਬੇਸ਼ਨਰ ਆਈਏਐੱਸ ਅਫ਼ਸਰ ਪੂਜਾ ਖੇੜਕਰ ਦੀ ਮਾਂ ਮਨੋਰਮਾ ਖੇੜਕਰ ਨਾਲ ਜੁੜੀ ਇੰਜਨੀਅਰਿੰਗ ਕੰਪਨੀ ਥਰਮੋਵੇਰਿਟਾ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਪਿੰਪਰੀ-ਚਿੰਚਵਾੜ ਮਿਊਂਸਿਪਲ ਕਾਰਪੋਰੇਸ਼ਨ ਨੇ ਸੀਲ ਕਰ ਦਿੱਤਾ ਹੈ। ਕਾਰਪੋਰੇਸ਼ਨ ਨੇ ਕੰਪਨੀ ਵੱਲੋਂ ਕਰੀਬ ਦੋ ਲੱਖ ਰੁਪਏ ਦਾ ਪ੍ਰਾਪਰਟੀ ਟੈਕਸ ਅਦਾ ਨਾ ਕਰਨ ’ਤੇ ਇਹ ਕਾਰਵਾਈ ਕੀਤੀ ਹੈ। ਅਧਿਕਾਰੀਆਂ ਮੁਤਾਬਕ ਮੌਜੂਦਾ ਵਰ੍ਹੇ ਦਾ ਬਕਾਇਆ ਜੋੜਨ ਨਾਲ ਇਹ ਰਕਮ 2.77 ਲੱਖ ਰੁਪਏ ਬਣ ਗਈ ਹੈ। ਮਨੋਰਮਾ ਇਸ ਸਮੇਂ ਇਕ ਮਾਮਲੇ ’ਚ ਪੁਣੇ ਪੁਲੀਸ ਦੀ ਹਿਰਾਸਤ ’ਚ ਹੈ। ਪੂਜਾ ਨੇ ਕੋਟੇ ਤਹਿਤ ਸਿਵਲ ਸੇਵਾ ’ਚ ਚੋਣ ਸਮੇਂ ਇੰਜਨੀਅਰਿੰਗ ਕੰਪਨੀ ਨੂੰ ਆਪਣਾ ਰਿਹਾਇਸ਼ੀ ਪਤਾ ਦੱਸਿਆ ਸੀ। -ਪੀਟੀਆਈ
ਪਿਤਾ ਨੂੰ ਗ੍ਰਿਫ਼ਤਾਰੀ ਤੋਂ ਆਰਜ਼ੀ ਰਾਹਤ
ਪੁਣੇ: ਇਥੋਂ ਦੀ ਸੈਸ਼ਨ ਅਦਾਲਤ ਨੇ ਪੂਜਾ ਖੇੜਕਰ ਦੇ ਪਿਤਾ ਦਿਲੀਪ ਖੇੜਕਰ ਨੂੰ 25 ਜੁਲਾਈ ਤੱਕ ਗ੍ਰਿਫ਼ਤਾਰੀ ਤੋਂ ਆਰਜ਼ੀ ਰਾਹਤ ਦੇ ਦਿੱਤੀ ਹੈ। ਉਸ ’ਤੇ ਜ਼ਮੀਨੀ ਵਿਵਾਦ ’ਚ ਇਕ ਵਿਅਕਤੀ ਨੂੰ ਬੰਦੂਕ ਦਿਖਾ ਕੇ ਡਰਾਉਣ ਦਾ ਦੋਸ਼ ਹੈ। ਦਿਲੀਪ ਨੇ ਪੇਸ਼ਗੀ ਜ਼ਮਾਨਤ ਲਈ ਅਦਾਲਤ ਦਾ ਰੁਖ਼ ਕੀਤਾ ਸੀ। -ਪੀਟੀਆਈ