ਜਾਅਲੀ ਕੰਪਨੀ ਤੋਂ ਚੰਦਾ ਲੈਣ ਦਾ ਮਾਮਲਾ ਭਖਿਆ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਅਗਸਤ
ਜਾਅਲੀ ਕੰਪਨੀ ਰਾਹੀਂ ਆਮ ਆਦਮੀ ਪਾਰਟੀ ਨੂੰ ਚੰਦਾ ਦੇਣ ਵਾਲੇ ਮੁਕੇਸ਼ ਕੁਮਾਰ ਤੇ ਸੁਧਾਂਸ਼ੂ ਬੰਸਲ ਦੀ ਗ੍ਰਿਫ਼ਤਾਰੀ ਮਗਰੋਂ ਭਾਜਪਾ ਤੇ ਕਾਂਗਰਸ ਨੇ ‘ਆਪ’ ਨੂੰ ਘੇਰਦਿਆਂ ਸਵਾਲ ਦਾਗ਼ੇ ਹਨ। ਭਾਜਪਾ ਦੇ ਸੂਬਾ ਪ੍ਰਧਾਨ ਆਦੇਸ਼ ਗੁਪਤਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਸਵੱਛ ਰਾਜਨੀਤੀ ਦੇ ਨਾਂ ਉਪਰ ਦਿੱਲੀ ਦੇ ਲੋਕਾਂ ਨੂੰ ਝਕਾਨੀ ਦਿੱਤੀ ਸੀ ਤੇ ਹੁਣ ਸੱਚਾਈ ਸਾਹਮਣੇ ਆ ਗਈ ਹੈ ਕਿ ‘ਆਪ’ ਕਾਲੇ ਧਨ ਨੂੰ ਚਿੱਟਾ ਕਰਨ ਲੱਗੀ ਹੈ। ਉਨ੍ਹਾਂ ਕਿਹਾ ਕਿ ਚਾਰ ਕੰਪਨੀਆਂ ਗੋਲਡਮਾਈਨ ਬਿਲਡਕਾਨ ਪ੍ਰਾਈਵੇਟ ਲਿਮਟਿਡ, ਸਕਾਈਲਾਈਨ ਮੈਟਲ ਐਂਡ ਇਲਾਇਡ ਪ੍ਰਾਈਵੇਟ ਲਿਮਟਿਡ, ਸਨਵਿਜਨ ਕੰਪਨੀ ਪ੍ਰਾਈਵੇਟ ਲਿਮਟਿਡ ਤੇ ਇੰਫੋਲੇਨਸ ਸਾਫ਼ਟਵੇਅਰ ਸਲਿਊਸ਼ਨ ਲਿਮਟਿਡ ਦੇ ਨਾਂ 2 ਕਰੋੜ ਦਾ ਚੰਦਾ ਲਿਆ। ਉਨ੍ਹਾਂ ਕਿਹਾ ਕਿ ਦੋ ਕੰਪਨੀਆਂ ਤੋਂ ‘ਆਪ’ ਦੇ ਆਗੂ ਦੀ ਕੰਪਨੀ ਵਿੱਚ ਪੈਸਾ ਲੱਗਾ। ਰਾਮਬੀਰ ਸਿੰਘ ਬਿਧੂੜੀ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆਮਦਨ ਕਰ ਐਕਟ ਦੀ ਸਾਰੀ ਜਾਣਕਾਰੀ ਹੈ ਇਸੇ ਕਰਕੇ ਪਾਰਟੀ ਕਾਲੇ ਨੂੰ ਚਿੱਟਾ ਕਰਦੀ ਰਹੀ।
‘ਆਪ’ ’ਤੇ ਕਾਂਗਰਸ ਵੱਲੋਂ ਭ੍ਰਿਸ਼ਟਾਚਾਰ ਦੇ ਦੋਸ਼
ਉਧਰ ਦਿੱਲੀ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਨਿਲ ਕੁਮਾਰ ਨੇ ‘ਆਪ’ ਉਪਰ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦਾ ਆਧਾਰ ਹਮੇਸ਼ਾ ਭ੍ਰਿਸ਼ਟਾਚਾਰ ‘ਤੇ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸ੍ਰੀ ਕੇਜਰੀਵਾਲ ਨੂੰ ਸੱਤਾ ਵਿੱਚ ਲਿਆਉਣ ਵਾਲੇ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰੰਮ ਚਲਾਉਣ ਵਾਲੇ ਇਮਾਨਦਾਰ ਲੋਕ ਕਿੱਥੇ ਹਨ। ਉਨ੍ਹਾਂ ਕਿਹਾ ਕਿ ਰਾਜਸਭਾ ਸੀਟਾਂ ਲਈ ਵੀ ‘ਆਪ’ ਨੇ ਬੋਲੀ ਲਗਾਈ ਸੀ। ਦੋ ਮੰਤਰੀਆਂ ਸਤਿੰਦਰ ਜੈਨ ਤੇ ਕੈਲਾਸ਼ ਗਹਿਲੌਤ ਖ਼ਿਲਾਫ਼ ਸੀਬੀਆਈ ਜਾਂਚ ਜਾਰੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਈ ਮੀਡੀਆ ਰਿਪੋਰਟਾਂ ਅਨੁਸਾਰ ‘ਆਪ’ ਨੇ ਪੰਜਾਬ, ਦਿੱਲੀ ਤੇ ਹੋਰ ਰਾਜਾਂ ਦੀਆਂ ਚੋਣਾਂ ਦੌਰਾਨ ਪੈਸੇ ਇਕੱਠੇ ਕੀਤੇ।