ਥਾਣਾ ਪੱਟੀ ਦੇ ਮੁੱਖ ਮੁਨਸ਼ੀ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ
ਗੁਰਬਖਸ਼ਪੁਰੀ
ਤਰਨ ਤਾਰਨ, 3 ਸਤੰਬਰ
ਥਾਣਾ ਪੱਟੀ ਸਿਟੀ ਦੇ ਮੁੱਖ ਮੁਨਸ਼ੀ ਪ੍ਰਭਜੀਤ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ਼ ਰਿਸ਼ਵਤ ਮੰਗਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਪੱਟੀ ਸ਼ਹਿਰ ਦੇ ਵਾਰਡ ਨੰਬਰ 18, ਮੀਰਾਂ ਵਾਲੀ ਬਸਤੀ ਦੀ ਵਸਨੀਕ ਬਿਰਧ ਔਰਤ ਕੰਸ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਡੀਐੱਸਪੀ (ਪੱਟੀ) ਕੰਵਲਪ੍ਰੀਤ ਸਿੰਘ ਵੱਲੋਂ ਕੀਤੀ ਪੜਤਾਲ ਮਗਰੋਂ ਕੀਤੀ ਗਈ ਹੈ।
ਬਿਰਧ ਔਰਤ ਨੇ ਸ਼ਿਕਾਇਤ ਵਿੱਚ ਦੋਸ਼ ਲਗਾਇਆ ਹੈ ਕਿ ਥਾਣਾ ਦਾ ਮੁੱਖ ਮੁਨਸ਼ੀ ਪ੍ਰਭਜੀਤ ਸਿੰਘ ਹੋਰਨਾਂ ਸਾਥੀਆਂ ਨੂੰ ਨਾਲ ਲੈ ਕੇ 27 ਅਗਸਤ ਨੂੰ ਬਿਨਾਂ ਕਿਸੇ ਅਦਾਲਤੀ ਹੁਕਮਾਂ ਉਸ ਦੇ ਘਰ ਆਇਆ ਅਤੇ ਉਸ ਦੇ ਲੜਕੇ ਦੀਪਕ ਕੁਮਾਰ ਨੂੰ ਲੈ ਜਾਣ ਤੋਂ ਇਲਾਵਾ ਉਸ ਦੇ ਘਰੋਂ ਜਬਰਦਸਤੀ 10 ਹਜ਼ਾਰ ਰੁਪਏ, ਦੋ ਮੋਬਾਈਲ ਅਤੇ ਮੋਟਰਸਾਈਕਲ ਲੈ ਗਏ, ਜਿਹੜੇ ਉਨ੍ਹਾਂ ਅਜੇ ਤੱਕ ਵੀ ਵਾਪਸ ਨਹੀਂ ਕੀਤੇ| ਕੰਸ ਕੌਰ ਨੇ ਇਹ ਵੀ ਦੋਸ਼ ਲਗਾਇਆ ਕਿ ਪੁਲੀਸ ਨੇ ਉਸ ਦੇ ਲੜਕੇ ਦੀਪਕ ਕੁਮਾਰ ਨੂੰ ਛੱਡਣ ਲਈ ਉਸ ਤੋਂ 20,000 ਰੁਪਏ ਰਿਸ਼ਵਤ ਦੀ ਵੀ ਮੰਗ ਕੀਤੀ ਹੈ| ਇਸ ਮਾਮਲੇ ਬਾਰੇ ਡੀਐੱਸਪੀ ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਪੁਲੀਸ ਨੇ ਕੰਸ ਕੌਰ ਦੇ ਲੜਕੇ ਦੀਪਕ ਕੁਮਾਰ ਨੂੰ ਫੜਿਆ ਜ਼ਰੂਰ ਸੀ ਪਰ ਉਸ ਨੂੰ ਛੱਡ ਦਿੱਤਾ ਗਿਆ ਹੈ|
ਰਿਸ਼ਵਤ ਦੀ ਮੰਗ ਕਰਨ ਸਮੇਤ ਹੋਰਨਾਂ ਦੋਸ਼ਾਂ ਬਾਰੇ ਪੁਲੀਸ ਅਧਿਕਾਰੀ ਨੇ ਇੰਨਾ ਹੀ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਤਫਤੀਸ਼ ਕੀਤੀ ਜਾ ਰਹੀ ਹੈ। ਥਾਣਾ ਪੱਟੀ ਸਿਟੀ ਅਤੇ ਸਦਰ ਬੀਤੇ ਸਮੇਂ ਤੋਂ ਲਗਾਤਾਰ ਦੋਸ਼ਾਂ ਤਹਿਤ ਘਿਰਦੇ ਆਏ ਹਨ|