ਥਾਣਾ ਸਿਟੀ ਪੱਟੀ ਦੇ ਮੁੱਖ ਮੁਨਸ਼ੀ ਤੇ ਸਾਥੀਆਂ ਖਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ
ਗੁਰਬਖਪੁਰੀ
ਤਰਨ ਤਾਰਨ, 3 ਸਤੰਬਰ
ਥਾਣਾ ਪੱਟੀ ਸਿਟੀ ਦੇ ਮੁੱਖ ਮੁਨਸ਼ੀ ਪ੍ਰਭਜੀਤ ਸਿੰਘ ਅਤੇ ਉਸਦੇ ਸਾਥੀਆਂ ਖਿਲਾਫ਼ ਪੱਟੀ ਸ਼ਹਿਰ ਦੀ ਇਕ ਬਿਰਧ ਔਰਤ ਵਲੋਂ ਲਗਾਏ ਰਿਸ਼ਵਤਖ਼ੋਰੀ ਦੇ ਦੋਸ਼ਾਂ ਦੇ ਆਧਾਰ ’ਤੇ ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੱਟੀ ਸ਼ਹਿਰ ਦੇ ਵਾਰਡ ਨੰਬਰ 18, ਮੀਰਾਂ ਵਾਲੀ ਬਸਤੀ ਦੀ ਵਸਨੀਕ ਬਿਰਧ ਔਰਤ ਕੰਸ ਕੌਰ ਦੀ ਸ਼ਿਕਾਇਤ ਦੇ ਆਧਾਰ ’ਤੇ ਡੀਐੱਸਪੀ ਪੱਟੀ ਕੰਵਲਪ੍ਰੀਤ ਸਿੰਘ ਵਲੋਂ ਕੀਤੀ ਮੁੱਢਲੀ ਪੜਤਾਲ ਦੇ ਆਧਾਰ ’ਤੇ ਥਾਣਾ ਸਿਟੀ ਪੱਟੀ ਦੀ ਪੁਲੀਸ ਨੇ ਥਾਣੇ ਦੇ ਮੁੱਖ ਮੁਨਸ਼ੀ ਪ੍ਰਭਜੀਤ ਸਿੰਘ ਖਿਲਾਫ਼ ਭਰਿਸ਼ਟਾਚਾਰ ਵਿਰੋਧੀ ਐਕਟ-1988 ਅਧੀਨ ਸੋਮਵਾਰ ਨੂੰ ਇਹ ਕੇਸ ਦਰਜ ਕੀਤਾ।
ਬਿਰਧ ਔਰਤ ਨੇ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਮੁਨਸ਼ੀ ਪ੍ਰਭਜੀਤ ਸਿੰਘ ਆਪਣੇ ਹੋਰਨਾਂ ਸਾਥੀਆਂ ਨੂੰ ਨਾਲ ਲੈ ਕੇ 27 ਅਗਸਤ ਨੂੰ ਬਿਨਾਂ ਕਿਸੇ ਅਦਾਲਤੀ ਹੁਕਮਾਂ ਜਾਂ ਸਰਚ ਵਾਰੰਟ ਦੇ ਉਸ ਦੇ ਘਰ ਆਇਆ ਅਤੇ ਉਸ ਦੇ ਲੜਕੇ ਦੀਪਕ ਕੁਮਾਰ ਨੂੰ ਲੈ ਜਾਣ ਤੋਂ ਇਲਾਵਾ ਉਸ ਦੇ ਘਰੋਂ ਜ਼ਬਰਦਸਤੀ 10,000 ਰੁਪਏ, ਦੋ ਮੋਬਾਈਲ ਅਤੇ ਇਕ ਮੋਟਰ ਸਾਈਕਲ ਲੈ ਗਿਆ, ਜਿਹੜੇ ਉਨ੍ਹਾਂ ਅਜੇ ਤੱਕ ਵੀ ਵਾਪਸ ਨਹੀਂ ਕੀਤੇ। ਉਸ ਦੇ ਲੜਕੇ ਦੀਪਕ ਕੁਮਾਰ ਨੂੰ ਛੱਡਣ ਲਈ ਉਸ ਤੋਂ ਕਥਿਤ ਤੌਰ ’ਤੇ 20,000 ਰੁਪਏ ਰਿਸ਼ਵਤ ਦੀ ਵੀ ਮੰਗ ਕੀਤੀ ਗਈ।
ਫੜੇ ਗਏ ਮੁੰਡੇ ਨੂੰ ਛੱਡਿਆ, ਦੋਸ਼ਾਂ ਦੀ ਅਗਲੇਰੀ ਜਾਂਚ ਜਾਰੀ: ਡੀਐੱਸਪੀ ਕੰਵਲਪ੍ਰੀਤ ਸਿੰਘ
ਇਸ ਮਾਮਲੇ ਬਾਰੇ ਡੀਐੱਸਪੀ ਕੰਵਲਪ੍ਰੀਤ ਸਿੰਘ ਨੇ ਕਿਹਾ ਕਿ ਪੁਲੀਸ ਨੇ ਕੰਸ ਕੌਰ ਦੇ ਲੜਕੇ ਦੀਪਕ ਕੁਮਾਰ ਨੂੰ ਫੜਿਆ ਜ਼ਰੂਰ ਸੀ ਪਰ ਉਸਨੂੰ ਛੱਡ ਦਿੱਤਾ ਗਿਆ ਹੈ। ਰਿਸ਼ਵਤ ਦੀ ਮੰਗ ਕਰਨ ਸਮੇਤ ਹੋਰਨਾਂ ਦੋਸ਼ਾਂ ਬਾਰੇ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਮਾਮਲਿਆਂ ਬਾਰੇ ਅਗਲੇਰੀ ਤਫ਼ਤੀਸ਼ ਕੀਤੀ ਜਾ ਰਹੀ ਹੈ।