700 ਵਿਦਿਆਰਥੀਆਂ ਨਾਲ ਠੱਗੀ ਮਾਰਨ ਵਾਲੇ ਬ੍ਰਿਜੇਸ਼ ਮਿਸ਼ਰਾ ਵਿਰੁੱਧ ਠੱਗੀ ਦਾ ਕੇਸ ਦਰਜ
ਪੱਤਰ ਪ੍ਰੇਰਕ
ਜਲੰਧਰ, 6 ਅਗਸਤ
ਕੈਨੇਡਾ ਵਿਚ ਪੜ੍ਹਾਈ ਕਰਨ ਗਏ 700 ਵਿਦਿਆਰਥੀਆਂ ਨੂੰ ਡਿਪੋਟ ਕਰਨ ਦੇ ਮਾਮਲੇ ਤੋਂ ਬਾਅਦ ਚਰਚਾ ਵਿਚ ਆਏ ਬ੍ਰਿਜੇਸ਼ ਮਿਸ਼ਰਾ ਅਤੇ ਉਸ ਦੇ ਸਾਥੀ ਰਾਹੁਲ ਭਾਰਗਵ ’ਤੇ ਅੱਜ ਥਾਣਾ ਡਜੀਵਨ ਨੰਬਰ 8 ਵਿਚ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਰਵਨ ਸਿੰਘ ਵਾਸੀ ਮਹਿਣੀਆਂ ਬ੍ਰਾਹਮਣਾ ਨੇ ਪੁਲੀਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਦਿੱਤੀ ਸੀ ਕਿ 2016 ਵਿਚ ਉਸ ਨੇ ਆਪਣੇ ਬੇਟੇ ਕਰਨ ਨੂੰ ਪੜ੍ਹਾਈ ਕਰਨ ਲਈ ਬ੍ਰਿਜੇਸ਼ ਮਿਸ਼ਰਾ ਦੇ ਜਲੰਧਰ ਦੇ ਗ੍ਰੀਨ ਪਾਰਕ ਵਿਚ ਸਥਿਤ ਦਫਤਰ ਵਿਚ ਉਸ ਅਤੇ ਉਸ ਦੇ ਸਾਥੀ ਨੂੰ ਮਿਲੇ ਸਨ ਤੇ ਗੱਲ 18 ਲੱਖ ਰੁਪਏ ਵਿਚ ਤਹਿ ਹੋ ਗਈ ਸੀ। 22 ਨਵਬੰਰ 2017 ਨੂੰ ਉਸ ਨੇ ਆਪਣੇ ਲੜਕੇ ਨੂੰ ਕੈਨੇਡਾ ਭੇਜ ਦਿੱਤਾ ਪਰ ਉਸ ਦੇ ਕੁੱਝ ਦਿਨ ਬਾਅਦ ਹੀ ਬ੍ਰਿਜੇਸ਼ ਮਿਸ਼ਰਾ ਦਾ ਕਰਨ ਨੂੰ ਫੋਨ ਗਿਆ ਕਿ ਜਿਸ ਕਾਲਜ ਵਿਚ ਉਸ ਨੇ ਦਾਖਲਾ ਲਿਆ ਸੀ, ਉਸ ਦੀਆਂ ਸੀਟਾਂ ਖਤਮ ਹੋ ਗਈਆਂ ਹਨ ਤੇ ਉਹ ਉਸ ਨੂੰ ਕਿਸੇ ਹੋਰ ਕਾਲਜ ਵਿਚ ਦਾਖਲਾ ਦਿਵਾ ਦੇਵੇਗਾ। ਉਨ੍ਹਾਂ ਦੱਸਿਆ ਕਿ ਬੀਤੇ ਸਾਲ ਮਾਰਚ ਵਿਚ ਕੈਨੇਡਾ ਸਰਕਾਰ ਨੇ ਇੱਕ ਚਿੱਠੀ ਭੇਜੀ ਕਿ ਉਸ ਵਲੋਂ ਭੇਜੇ ਕਾਗਜ਼ ਫਰਜ਼ੀ ਹਨ ਜਿਸ ’ਤੇ ਸਰਵਨ ਸਿੰਘ ਦੀ ਸ਼ਿਕਾਇਤ ’ਤੇ ਪੁਲੀਸ ਡਵੀਜ਼ਨ ਨੰਬਰ 8 ਵਿਚ ਬ੍ਰਿਜੇਸ਼ ਮਿਸ਼ਰਾ ਤੇ ਉਸ ਦੇ ਸਾਥੀ ਰਾਹੁਲ ਭਾਰਗਵ ਵਿਰੁੱਧ ਕੇਸ ਦਰਜ ਕਰ ਲਿਆ ਹੈ। ਦੱਸਣਯੋਗ ਹੈ ਕਿ ਬ੍ਰਿਜੇਸ਼ ਮਿਸ਼ਰਾ ਵਿਰੁੱਧ ਪਹਿਲਾਂ ਵੀ ਠੱਗੀ ਦੇ ਕੇਸ ਦਰਜ ਹਨ।