ਮਹਿਲਾ ਡਾਕਟਰ ਨੂੰ ਧਮਕਾਉਣ ਦੇ ਦੋਸ਼ ਹੇਠ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 21 ਅਕਤੂਬਰ
ਢਕੋਲੀ ਦੇ ਸਰਕਾਰੀ ਹਸਪਤਾਲ ਵਿੱਚ 20 ਅਕਤੂਬਰ ਦੀ ਰਾਤ ਨੂੰ ਇਕ ਲੜਾਈ-ਝਗੜੇ ਦੌਰਾਨ ਆਏ ਇਕ ਮਰੀਜ਼ ਦੀ ਜਾਂਚ ਕਰ ਰਹੀ ਮਹਿਲਾ ਡਾਕਟਰ ਨੂੰ ਦੂਜੀ ਧਿਰ ਵੱਲੋਂ ਧਮਕਾਉਣ ਦੇ ਦੋਸ਼ ਹੇਠ ਪੁਲੀਸ ਨੇ ਅਣਪਛਾਤੇ ਨੌਜਵਾਨ ਖਿਲਾਫ਼ ਕੇਸ ਦਰਜ ਕੀਤਾ ਹੈ।
ਮਹਿਲਾ ਡਾਕਟਰ ਮੌਸਮ ਕਪਿਲ, ਐਮਓ ਸਰਜਰੀ ਹਸਪਤਾਲ ਵਿੱਚ ਆਪਣੀ ਡਿਊਟੀ ’ਤੇ ਮੌਜੂਦ ਸੀ ਤਾਂ ਇੱਕ ਅਣਪਛਾਤੇ ਵਿਅਕਤੀ ਦੇ ਹਸਪਤਾਲ ਵਿੱਚ ਦਾਖਲ ਹੋ ਕੇ ਦੂਜੀ ਧਿਰ ’ਤੇ ਹਮਲਾ ਕੀਤਾ। ਮਹਿਲਾ ਡਾਕਟਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ 20 ਅਕਤੂਬਰ ਨੂੰ ਰਾਤ ਪੌਣੇ 11 ਵਜੇ ਦੋ ਧਿਰਾਂ ਵਿਚਕਾਰ ਝਗੜਾ ਹੋਇਆ। ਜਦੋਂ ਇਕ ਪਾਰਟੀ ਦੇ ਜ਼ਖ਼ਮੀ ਵਿਅਕਤੀ ਨੂੰ ਮੈਡੀਕਲ ਜਾਂਚ ਲਈ ਲਿਆਂਦਾ ਗਿਆ ਤਾਂ ਦੂਜੀ ਧਿਰ ਦਾ ਇਕ ਅਣਪਛਾਤਾ ਵਿਅਕਤੀ ਕੰਮਕਾਜ ਵਿੱਚ ਵਿਘਨ ਪਾਉਂਦਾ ਹੋਇਆ ਦਾਖਲ ਹੋਇਆ ਅਤੇ ਦੂਜੀ ਧਿਰ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਮੁਲਜ਼ਮ ਨੇ ਉਸ ਨੂੰ ਡਰਾਇਆ ਧਮਕਾਇਆ ਤੇ ਮੈਡੀਕਲ ਜਾਂਚ ਰਿਪੋਰਟ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। ਮਹਿਲਾ ਡਾਕਟਰ ਨੇ ਖ਼ੁਦ ਨੂੰ ਬਚਾਉਣ ਲਈ ਡਿਊਟੀ ’ਤੇ ਮੌਜੂਦ ਸਟਾਫ ਦੇ ਨਾਲ ਹਸਪਤਾਲ ਦੇ ਕਮਰਿਆਂ ਵਿੱਚ ਬੰਦ ਕੀਤਾ।
ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸਟਾਫ਼ ਆਪਣੀ ਡਿਊਟੀ ਨਹੀਂ ਨਿਭਾ ਸਕਿਆ ਜਦ ਤੱਕ ਮੁਲਜ਼ਮ ਹਸਪਤਾਲ ਤੋਂ ਨਹੀਂ ਗਏ। ਡਾਕਟਰ ਨੇ ਦੱਸਿਆ ਕਿ ਉਹ ਉਦੋਂ ਤੱਕ ਆਪਣੀ ਡਿਊਟੀ ਨਹੀਂ ਨਿਭਾ ਸਕਦੇ ਜਦੋਂ ਤੱਕ ਸੁਰੱਖਿਆ ਲਈ ਪੁਲੀਸ ਤਾਇਨਾਤ ਨਹੀਂ ਹੁੰਦੀ। ਉਨ੍ਹਾਂ ਦੱਸਿਆ ਕਿ ਅਣਪਛਾਤੇ ਮੁਲਜ਼ਮ ਨੇ ਹਸਪਤਾਲ ਦੀ ਸੰਪਤੀ ਨਾਲ ਵੀ ਭੰਨ-ਤੋੜ ਕੀਤੀ ਹੈ। ਢਕੋਲੀ ਪੁਲੀਸ ਨੇ ਵੱਖ-ਵੱਖ ਧਾਰਾਵਾਂ ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।