ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਕੇਸ ਦਰਜ
ਪੱਤਰ ਪ੍ਰੇਰਕ
ਰਤੀਆ, 8 ਅਗਸਤ
ਸ਼ਹਿਰ ਥਾਣਾ ਪੁਲੀਸ ਨੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਅਤੇ ਸਰਕਾਰੀ ਗੱਡੀਆਂ ਦੀ ਭੰਨ੍ਹਤੋੜ ਕਰਨ ਦੇ ਮਾਮਲੇ ’ਚ ਨਗਰ ਪਾਲਿਕਾ ਦੇ ਸਕੱਤਰ ਸੰਦੀਪ ਕੁਮਾਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਸ਼ਿਕਾਇਤ ਦਿੰਦੇ ਹੋਏ ਸਕੱਤਰ ਨੇ ਦੱਸਿਆ ਕਿ ਨਗਰਪਾਲਿਕਾ ਦੇ ਰਿਕਾਰਡ 516/2 ਵਿੱਚੋਂ 3 ਕਨਾਲ 3 ਮਰਲੇ ਜਮੀਨ ਸ੍ਰੀ ਅਰੋੜਵੰਸ਼ ਮਹਾਸਭਾ ਨੂੰ ਦੇਣ ਬਾਰੇ ਹੁਕਮ ਹੋਏ ਸਨ, ਜਿਸ ਸਬੰਧੀ ਪਾਲਿਕਾ ਵੱਲੋਂ 5 ਅਪਰੈਲ 2024 ਨੂੰ ਸਬੰਧਤ ਜ਼ਮੀਨ ਦਾ ਸਰਕਾਰ ਵੱਲੋਂ ਨਿਰਧਾਰਿਤ ਰੇਟਾਂ ਅਨੁਸਾਰ ਤਿੰਨ ਕਿਸ਼ਤਾਂ ਵਿੱਚ ਅਦਾ ਕਰਨ ਬਾਰੇ ਲਿਖਿਆ ਗਿਆ ਸੀ, ਜਿਸ ’ਤੇ ਸਬੰਧਤ ਮਹਾਸਭਾ ਨੇ 28 ਮਾਰਚ, 9 ਅਪਰੈਲ ਅਤੇ 22 ਅਪਰੈਲ ਨੂੰ ਪਹਿਲੀ ਕਿਸ਼ਤ ਰਾਸ਼ੀ ਜਮ੍ਹਾਂ ਕਰਵਾ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਜ਼ਮੀਨ ’ਤੇ ਕੁਝ ਵਿਅਕਤੀਆਂ ਵਲੋਂ ਕੀਤੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਸਬੰਧੀ 4 ਜੁਲਾਈ ਨੂੰ ਐੱਸਡੀਐੱਮ ਰਤੀਆ ਨੂੰ ਡਿਊਟੀ ਮੈਜਿਸਟ੍ਰੇਟ ਅਤੇ ਪੁਲੀਸ ਸਹਾਇਤਾ ਬਾਰੇ ਲਿਖਆ ਗਿਆ ਸੀ। 8 ਜੁਲਾਈ ਨੂੰ ਨਾਇਬ ਤਹਿਸੀਲਦਾਰ ਅਸ਼ੋਕ ਕੁਮਾਰ ਨੂੰ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਗਿਆ ਅਤੇ ਇਸ ਦੇ ਨਾਲ-ਨਾਲ ਪੁਲੀਸ ਬਲ ਦੇਣ ਬਾਰੇ ਉਪ ਪੁਲੀਸ ਕਪਤਾਨ ਨੂੰ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ 20 ਜੁਲਾਈ ਨੂੰ ਕਬਜ਼ਾਕਾਰਵਾਈ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਨੇ ਡਿਊਟੀ ਮੈਜਿਸਟਰੇਟ, ਨਗਰਪਾਲਿਕਾ ਟੀਮ ਅਤੇ ਪੁਲੀਸ ਬਲ ’ਤੇ ਪਥਰਾਅ ਕਰਨ ਦਿੱਤਾ, ਜਿਸ ਵਿੱਚ ਪਾਲਿਕਾ ਕਰਮਚਾਰੀ ਮੁਕੇਸ਼ ਕੁਮਾਰ ਨੂੰ ਵੀ ਸੱਟਾਂ ਲੱਗੀਆਂ ਅਤੇ ਪੁਲੀਸ ਦੀ ਸਰਕਾਰੀ ਬੱਸ ਦੇ ਸ਼ੀਸ਼ੇ ਤੋੜ ਦਿੱਤੇ ਗਏ ਅਤੇ ਉਸ ਦੇ ਨਾਲ ਨਗਰਪਾਲਿਕਾ ਦਫ਼ਤਰ ਦੇ 2 ਟਰੈਕਟਰਾਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਹੈ।