ਸਕੂਲ ਦਾ ਰਿਕਾਰਡ ਖੁਰਦ-ਬੁਰਦ ਕਰਨ ਦੇ ਦੋਸ਼ ਹੇਠ ਕੇਸ ਦਰਜ
ਦੇਵਿੰਦਰ ਸਿੰਘ ਜੱਗੀ
ਪਾਇਲ, 21 ਜੁਲਾਈ
ਸੰਤ ਮਹਿੰਦਰ ਸਿੰਘ ਮੈਮੋਰੀਅਲ ਪਬਲਿਕ ਸਕੂਲ ਜਰਗ ਦੇ ਕਲਰਕ ਖ਼ਿਲਾਫ਼ ਸਕੂਲ ਦਾ ਰਿਕਾਰਡ ਖੁਰਦ-ਬੁਰਦ ਕਰਨ ’ਤੇ ਥਾਣਾ ਪਾਇਲ ’ਚ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਭਾਈ ਦਇਆ ਸਿੰਘ ਚੈਰੀਟੇਬਲ ਅਤੇ ਐੱਸਐੱਮਐੱਸ ਸਕੂਲ ਦੇ ਚੇਅਰਮੈਨ ਸੰਤ ਭੁਪਿੰਦਰ ਸਿੰਘ ਨੇ ਦੱਸਿਆ ਕਿ ਸਾਲ 2021 ਵਿੱਚ ਮਨਮੋਹਣ ਸਿੰਘ ਵਾਸੀ ਪਿੰਡ ਤੁਰਮਰੀ ਨੂੰ ਬਤੌਰ ਦਫਤਰ ਇੰਚਾਰਜ (ਕਲਰਕ) ਰੱਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਕਲਰਕ ਵੱਲੋਂ ਬੱਚਿਆਂ ਦਾ ਦਾਖਲਾ ਗੈਰ ਕਾਨੂੰਨੀ ਢੰਗ ਨਾਲ ਕਰਨਾ, ਫੀਸ ਜਮ੍ਹਾਂ ਨਾ ਕਰਵਾਉਣਾ, ਰਿਕਾਰਡ ਇੱਧਰ-ਉੱਧਰ ਕਰਨਾ, ਸਕੂਲ ਦਾ ਡਾਟਾ ਚੋਰੀ ਕਰਨਾ, ਬੱਚਿਆਂ ਦਾ ਈ-ਪੰਜਾਬ ਦਾ ਗਲਤ ਡਾਟਾ ਚੜ੍ਹਾਉਣਾ, ਯੂ-ਡੀਆਈਸੀ ਤੇ ਈ ਪੰਜਾਬੀ ਦੀ ਦਰੁਸਤੀ ਨਾ ਕਰਨਾ, ਬੱਚਿਆਂ ਦੇ ਮਾਪਿਆਂ ਨੂੰ ਈਟੀਸੀ ਮੰਗਣਾ ਅਤੇ ਬੱਚਿਆਂ ਦੀ ਦਰੁਸਤੀ ਨਾ ਹੋਣ ਕਾਰਨ ਟੀਸੀ ਨਹੀਂ ਕੱਟੇ ਜਾ ਰਹੇ। ਜਦੋਂ ਕਲਰਕ ਮਨਮੋਹਣ ਸਿੰਘ ਤੋਂ ਰਿਕਾਰਡ ਮੰਗਿਆ ਗਿਆ ਤਾਂ ਉਸ ਨੇ ਟਾਲ ਮਟੋਲ ਕਰਦਿਆਂ ਰਿਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ। ਇਸੇ ਦੌਰਾਨ ਸਕੂਲੀ ਬੱਚਿਆ ਦੇ ਮਾਪਿਆ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਨੂੰ ਸਕੂਲ ਦੀਆਂ ਬੇਨਿਯਮੀਆਂ ਦੀ ਸ਼ਿਕਾਇਤ ਕਰਨ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਕੋਲਾਹਾ ਦੇ ਪ੍ਰਿੰਸੀਪਲ ਨੂੰ ਇਨਕੁਆਰੀ ਮਾਰਕ ਕੀਤੀ ਗਈ, ਜਿਸ ਵਿੱਚ ਕਲਰਕ ਮਨਮੋਹਣ ਸਿੰਘ ਨੂੰ ਤਲਬ ਕਰ ਕੇ ਰਿਕਾਰਡ ਮੰਗਿਆ ਪਰ ਉਹ ਮੁੱਕਰ ਗਿਆ। ਇਸ ਕਰ ਕੇ ਉਕਤ ਸਕੂਲ ਦੀ ਐੱਨਓਸੀ ਅਤੇ ਮਾਨਤਾ ਖਤਰੇ ਵਿੱਚ ਆ ਗਈ। ਜਦੋਂ ਇਸ ਸਬੰਧੀ ਕਲਰਕ ਮਨਮੋਹਣ ਸਿੰਘ ਨਾਲ ਗੱਲ ਕਰਨੀ ਚਾਂਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।