ਲੈਪਟਾਪ ਤੇ ਕੱਪੜੇ ਦੇ ਥਾਨ ਚੋਰੀ ਕਰਨ ਦੇ ਦੋਸ਼ ਹੇਠ ਕੇਸ ਦਰਜ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 6 ਜਨਵਰੀ
ਇੱਥੇ ਵੱਖ-ਵੱਖ ਥਾਵਾਂ ’ਤੇ ਚੋਰੀ ਦੀਆਂ ਘਟਨਾਵਾਂ ਵਾਪਰੀਆਂ ਹਨ। ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੂੰ ਡਰੀਮ ਸਿਟੀ ਕਨਾਲ ਰੋਡ ਵਾਸੀ ਸੁਨੀਲ ਕਵਾਤਰਾ ਨੇ ਦੱਸਿਆ ਕਿ ਉਸ ਦਾ ਆਰਕੀਟੈਕਟ ਦਾ ਦਫ਼ਤਰ ਸੰਤ ਈਸ਼ਰ ਸਿੰਘ ਨਗਰ ਵਿੱਚ ਹੈ ਜਿਥੋਂ ਰਾਤ ਸਮੇਂ ਕੋਈ ਵਿਅਕਤੀ ਜਿੰਦਰਾ ਤੋੜ ਕੇ 2 ਲੈਪਟਾਪ ਅਤੇ 1 ਐਲਈਡੀ ਚੋਰੀ ਕਰਕੇ ਲੈ ਗਿਆ। ਇਸੇ ਤਰ੍ਹਾਂ ਥਾਣਾ ਟਿੱਬਾ ਦੀ ਪੁਲੀਸ ਨੂੰ ਸਰਪੰਚ ਕਲੋਨੀ ਵਾਸੀ ਸੁਨੀਲ ਕੁਮਾਰ ਸ਼ਰਮਾ ਨੇ ਦੱਸਿਆ ਹੈ ਕਿ ਉਸ ਨੇ ਸੁਨੀਲ ਪਾਂਡੇ ਵਾਸੀ ਪਿੰਡ ਭਾਮੀਆਂ ਨੂੰ ਆਪਣੇ ਛੋਟੇ ਹਾਥੀ ਵਿੱਚ 45 ਕੱਪੜੇ ਦੇ ਥਾਨ ਆਪਣੀ ਫੈਕਟਰੀ ਭਾਮੀਆਂ ਤੋਂ ਅਸ਼ੋਕ ਫੈਬਰਿਕ ਤਾਜਪੁਰ ਰੋਡ ਛੱਡਕੇ ਆਉਣ ਲਈ ਭੇਜਿਆ ਸੀ ਪਰ ਉਹ ਦਿੱਤੇ ਪਤੇ ’ਤੇ ਨਹੀਂ ਪਹੁੰਚਿਆ ਤੇ ਕੱਪੜੇ ਦੇ 45 ਰੋਲ ਚੋਰੀ ਕਰਕੇ ਕਿਧਰੇ ਲੈ ਗਿਆ ਹੈ। ਥਾਣੇਦਾਰ ਸ਼ਾਮ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਥਾਣਾ ਸ਼ਿਮਲਾਪੁਰੀ ਦੀ ਪੁਲੀਸ ਨੂੰ ਗਿੱਲ ਰੋਡ ਸ਼ਿਮਲਾਪੁਰੀ ਵਾਸੀ ਪੰਕਜ ਗੋਸਵਾਮੀ ਨੇ ਦੱਸਿਆ ਕਿ ਉਸ ਨੇ ਆਪਣੀ ਮਹਿੰਦਰਾ ਪਿਕਅੱਪ ਅਸ਼ੋਕੀ ਬਿਲਡਿੰਗ ਮੈਟੀਰੀਅਲ ਦੁਕਾਨ ਨੇੜੇ ਅਰੋੜਾ ਕੱਟ ਲਾਈਟਾਂ ਪਾਸ ਖੜ੍ਹੀ ਕੀਤੀ ਸੀ ਜੋ ਚੋਰੀ ਹੋ ਗਈ। ਉਨ੍ਹਾਂ ਵੱਲੋਂ ਪੜਤਾਲ ਕਰਨ ’ਤੇ ਪਤਾ ਲੱਗਾ ਹੈ ਕਿ ਗੁਰਚਰਨ ਸਿੰਘ ਤੇ ਨਿਰਮਲ ਨੇ ਮਿਲ ਕੇ ਗੱਡੀ ਚੋਰੀ ਕੀਤੀ ਹੈ। ਥਾਣੇਦਾਰ ਰਣਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਗੁਰਚਰਨ ਸਿੰਘ ਉਰਫ਼ ਬੋਬੀ ਵਾਸੀ ਕਬੀਰ ਨਗਰ ਅਤੇ ਨਿਰਮਲ ਸਿੰਘ ਉਰਫ਼ ਡਿੰਪੀ ਵਾਸੀ ਜਨਤਾ ਨਗਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਜਗਰਾਉਂ ਵਿੱਚ ਲੁੱਟ-ਖੋਹ ਦੇ ਦੋਸ਼ ਹੇਠ ਕੇਸ ਦਰਜ
ਜਗਰਾਉਂ: ਇੱਥੇ ਸਾਬਕਾ ਕੌਂਸਲਰ ਦੇ ਹੱਥਾਂ ’ਚੋਂ ਸੋਨੇ ਦੀਆਂ ਮੁੰਦਰੀਆਂ ਖੋਹਣ ਵਾਲੇ ਮੁਲਜ਼ਮਾਂ ਖ਼ਿਲਾਫ਼ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਸਾਬਕਾ ਕੌਂਸਲਰ ਨਛੱਤਰ ਸਿੰਘ ਸਹੋਤਾ ਨੇ ਦੱਸਿਆ ਕਿ ਪਹਿਲੀ ਜਨਵਰੀ ਨੂੰ ਉਹ ਸਨਮਤੀ ਵਿਗਿਆਨ ਅਤੇ ਖੋਜ ਕਾਲਜ ਕੋਲ ਖੜ੍ਹਿਆ ਸੀ। ਇਸ ਦੌਰਾਨ ਇੱਕ ਬਜ਼ੁਰਗ ਤੇ ਨੌਜਵਾਨ ਆਇਆ ਅਤੇ ਉਹ ਰਸਤਾ ਪੁੱਛਣ ਲੱਗੇ। ਇਸੇ ਦੌਰਾਨ ਦੋ ਨੌਜਵਾਨ ਉਥੇ ਹੋਰ ਆ ਗਏ, ਜਿਨ੍ਹਾਂ ’ਚੋਂ ਇੱਕ ਦੀ ਜੇਬ੍ਹ ’ਚੋਂਂ ਪੈਸੇ ਡਿੱਗ ਰਹੇ ਸਨ ਤਾਂ ਉਸ ਨੇ ਉਨ੍ਹਾਂ ਨੂੰ ਪੈਸੇ ਸੰਭਾਲਣ ਬਾਰੇ ਦੱਸਿਆ। ਉਹ ਨੌਜਵਾਨ ਧੰਨਵਾਦ ਵਜੋਂ ਉਸ ਦੇ ਪੈਰੀਂ ਹੱਥ ਲਗਾਉਣ ਲੱਗਾ ਜਦੋਂ ਉਸ ਨੇ ਰੋਕਦੇ ਹੋਏ ਹੱਥ ਅੱਗੇ ਵਧਾਏ ਤਾਂ ਉਹ ਹੱਥ ’ਚ ਪਾਈਆਂ ਮੁੰਦਰੀਆਂ ਲਾਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੰਜ ਦਿਨ ਬਾਅਦ ਸੀਨੀਅਰ ਪੁਲੀਸ ਕਪਤਾਨ ਦੇ ਦਖਲ ਨਾਲ ਕੇਸ ਦਰਜ ਕੀਤਾ ਗਿਆ। -ਪੱਤਰ ਪ੍ਰੇਰਕ