ਬੱਚਿਆਂ ਦੀਆਂ ਇਤਰਾਜ਼ਯੋਗ ਵੀਡੀਓਜ਼ ਸ਼ੇਅਰ ਕਰਨ ਦੇ ਦੋਸ਼ ਹੇਠ ਕੇਸ ਦਰਜ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਕਤੂਬਰ
ਇਥੋਂ ਦੀ ਪੁਲੀਸ ਨੇ ਅੱਜ ਇਕ ਵਿਅਕਤੀ ਖ਼ਿਲਾਫ਼ ਮੋਬਾਈਲ ਰਾਹੀਂ ਬੱਚਿਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਾਸੀ ਜਨਤਾ ਨਗਰ ਦੀ ਗਲੀ ਨੰਬਰ 15 ਵਜੋਂ ਹੋਈ ਹੈ। ਉਸ ਖ਼ਿਲਾਫ਼ ਦੋਸ਼ ਹੈ ਕਿ ਉਹ ਆਪਣੇ ਮੋਬਾਈਲ ਰਾਹੀਂ ਉਕਤ ਇਤਰਾਜ਼ਯੋਗ ਸਮੱਗਰੀ ਸ਼ੇਅਰ ਕਰਦਾ ਸੀ ਤੇ ਮਗਰੋਂ ਫੋਨ ਵਿੱਚੋਂ ਇਹ ਵੀਡੀਓਜ਼ ਡਿਲੀਟ ਕਰ ਦਿੰਦਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਪੁਲੀਸ ਨੇ ਮੁਲਜ਼ਮ ਦੇ ਘਰ ਛਾਪਾ ਮਾਰ ਕੇ ਉਸ ਦਾ ਮੋਬਾਈਲ ਕਬਜ਼ੇ ਵਿੱਚ ਲਿਆ ਤਾਂ ਉਸ ਵਿੱਚ ਕੋਈ ਵੀਡੀਓ ਮੌਜੂਦ ਨਹੀਂ ਸੀ, ਪਰ ਮਗਰੋਂ ਫੋਰੈਂਸਿਕ ਵਿਭਾਗ ਦੀ ਟੀਮ ਨੇ ਮੋਬਾਈਲ ਦਾ ਡਿਲੀਟ ਕੀਤਾ ਗਿਆ ਡਾਟਾ ਰਿਕਵਰ ਕੀਤਾ ਤਾਂ ਉਸ ਵਿੱਚ ਕਈ ਇਤਰਾਜ਼ਯੋਗ ਵੀਡੀਓਜ਼ ਸ਼ਾਮਲ ਸਨ। ਰਿਪੋਰਟ ਆਉਣ ਮਗਰੋਂ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਪੁਲੀਸ ਅਨੁਸਾਰ ਉਨ੍ਹਾਂ ਨੂੰ ਕਿਸੇ ਵੱਲੋਂ ਗੁਪਤ ਸੂਚਨਾ ਦਿੱਤੀ ਗਈ ਸੀ ਕਿ ਸੁਨੀਲ ਕੁਮਾਰ ਬੱਚਿਆਂ ਦੀਆਂ ਗ਼ਲਤ ਵੀਡੀਓਜ਼ ਸ਼ੇਅਰ ਕਰਦਾ ਹੈ। ਇਸ ਤਹਿਤ ਬੀਤੀ 22 ਸਤੰਬਰ ਨੂੰ ਇੰਸਪੈਕਟਰ ਕੰਵਲਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਮੁਲਜ਼ਮ ਦੇ ਘਰ ਛਾਪਾ ਮਾਰ ਕੇ ਉਸ ਦਾ ਫੋਨ ਕਬਜ਼ੇ ਵਿੱਚ ਲੈ ਕੇ ਜਾਂਚ ਲਈ ਭੇਜਿਆ ਸੀ। ਇਸ ਮਗਰੋਂ ਪੁਲੀਸ ਨੇ ਡਾਟਾ ਬਰਾਮਦ ਕਰ ਕੇ ਸਬੂਤ ਵਜੋਂ ਸੰਭਾਲ ਲਿਆ ਹੈ। ਥਾਣਾ ਸਾਈਬਰ ਸੈੱਲ ਦੀ ਟੀਮ ਮੁਲਜ਼ਮ ਦਾ ਪਤਾ ਲਗਾਉਣ ਵਿੱਚ ਲੱਗੀ ਹੋਈ ਹੈ।